ਖਾਕੀ ਹੋਈ ਦਾਗ਼ਦਾਰ: ਥਾਣੇ ਦੇ ਮਾਲਖਾਨੇ ’ਚੋਂ ਜ਼ਬਤ ਵਾਹਨ ਕਬਾੜੀਆਂ ਨੂੰ ਵੇਚੇ, ASI ਸਮੇਤ 4 ਕਾਬੂ
Friday, Oct 02, 2026 - 11:29 PM (IST)
ਜਗਰਾਓਂ (ਅਮਰਜੀਤ ਮਾਲਵਾ) - ਜਦੋਂ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਪੈਣ ਤਾਂ ਆਮ ਜਨਤਾ ਕਿਸ ’ਤੇ ਵਿਸ਼ਵਾਸ ਕਰੇ? ਥਾਣਾ ਸਿਟੀ ਦੇ ਮਾਲਖਾਨੇ ਵਿਚੋਂ ਜ਼ਬਤ ਕੀਤੇ ਗਏ ਦੋਪਹੀਆ ਵਾਹਨਾਂ ਨੂੰ ਕਥਿਤ ਤੌਰ ’ਤੇ ਕਬਾੜੀਏ ਨੂੰ ਵੇਚਣ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਸਖ਼ਤ ਐਕਸ਼ਨ ਲੈਂਦਿਆਂ ਇਸ ਮਾਮਲੇ ਵਿਚ ਇਕ ਏ.ਐੱਸ.ਆਈ. ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਏ.ਐੱਸ.ਆਈ. ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਦਾਗ਼ੀ ਏ.ਐੱਸ.ਆਈ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਕਿਵੇਂ ਖੁੱਲ੍ਹੀ ਪੋਲ ਤੇ ਕਿੱਥੇ ਪਿਆ ਛਾਪਾ?
ਥਾਣਾ ਸਿਟੀ ਦੇ ਇੰਚਾਰਜ ਇੰਸ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਲਖਾਨੇ ਵਿਚੋਂ ਜ਼ਬਤ ਵਾਹਨਾਂ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ’ਤੇ ਐਕਸ਼ਨ ਲੈਂਦਿਆਂ ਪੁਲਸ ਪਾਰਟੀ ਨੇ ਡਾ. ਗਾਲਿਬ ਵਾਲੀ ਗਲੀ ਸਥਿਤ ਮਨੀ ਕਬਾੜੀ ਦੀ ਦੁਕਾਨ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਨੇ ਦੋ ਸਕੇ ਭਰਾਵਾਂ ਰਮਨਦੀਪ ਸਿੰਘ ਅਤੇ ਰਣਜੀਤ ਸਿੰਘ ਨੂੰ ਮੌਕੇ ਤੋਂ ਕਾਬੂ ਕੀਤਾ। ਤਲਾਸ਼ੀ ਦੌਰਾਨ ਦੁਕਾਨ ਵਿਚੋਂ 20 ਮੋਟਰਸਾਈਕਲਾਂ ਅਤੇ ਸਕੂਟਰਾਂ ਦੇ ਖੋਲ੍ਹੇ ਹੋਏ ਪੁਰਜ਼ੇ ਬਰਾਮਦ ਕੀਤੇ ਗਏ।
ਵੀ.ਆਈ.ਪੀ. ਡਿਊਟੀਆਂ ਦਾ ਚੁੱਕਦਾ ਸੀ ਨਾਜਾਇਜ਼ ਫਾਇਦਾ
ਇਸ ਪੂਰੀ ਖੇਡ ਦਾ ਮਾਸਟਰਮਾਈਂਡ ਏ.ਐੱਸ.ਆਈ. ਮਨਜਿੰਦਰ ਸਿੰਘ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਐੱਸ.ਐੱਚ.ਓ. ਮੁਤਾਬਕ, ਜਦੋਂ ਥਾਣੇ ਦੇ ਬਾਕੀ ਪੁਲਸ ਮੁਲਾਜ਼ਮ ਕਿਸੇ ਵੀ.ਆਈ.ਪੀ. ਡਿਊਟੀ ਜਾਂ ਵੱਡੇ ਸਮਾਗਮਾਂ ਦੇ ਪ੍ਰਬੰਧਾਂ ਵਿਚ ਰੁੱਝੇ ਹੁੰਦੇ ਸਨ ਤਾਂ ਇਹ ਮੌਕੇ ਦਾ ਫਾਇਦਾ ਚੁੱਕ ਕੇ ਮਾਲਖਾਨੇ ਵਿਚੋਂ ਸਾਮਾਨ ਗਾਇਬ ਕਰ ਦਿੰਦਾ ਸੀ। ਇਸ ਕਾਲੇ ਕਾਰੋਬਾਰ ਵਿਚ ਬਲਵਿੰਦਰ ਸਿੰਘ ਉਰਫ਼ ਬੱਗੜ ਨਾਂ ਦਾ ਦਲਾਲ ਵਿਚੋਲੀਏ ਦੀ ਭੂਮਿਕਾ ਨਿਭਾਉਂਦਾ ਸੀ। ਪੁਲਸ ਅਧਿਕਾਰੀ ਅਤੇ ਕਬਾੜੀਏ ਭਰਾਵਾਂ ਵਿਚਾਲੇ ਸੌਦਾ ਤੈਅ ਕਰਵਾਉਣ ਵਾਲੇ ਇਸ ਦਲਾਲ ਬੱਗੜ ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਇਸ ਮਾਮਲੇ ਨੇ ਪੁਲਸ ਦੀ ਆਪਣੀ ਕਾਰਜਪ੍ਰਣਾਲੀ ’ਤੇ ਵੀ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੰਸ. ਪਰਮਿੰਦਰ ਸਿੰਘ ਅਨੁਸਾਰ ਜਿਹੜਾ ਸਾਮਾਨ ਗਾਇਬ ਹੋਇਆ ਹੈ, ਉਹ ਜ਼ਿਆਦਾਤਰ ਉਨ੍ਹਾਂ ਵਾਹਨਾਂ ਦਾ ਹੈ, ਜਿਨ੍ਹਾਂ ਨੂੰ ਪੁਲਸ ਨੇ ਮਹਿਜ਼ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਫੜਿਆ ਸੀ, ਜਿਨ੍ਹਾਂ ਦੀ ਕੋਈ ਕਾਨੂੰਨੀ ਲਿਖਤ-ਪੜ੍ਹਤ ਨਹੀਂ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਿਨਾਂ ਕਿਸੇ ਕਾਰਵਾਈ ਦੇ ਇਹ ਵਾਹਨ ਮਾਲਖਾਨੇ ਦੇ ਅੰਦਰ ਕਿਵੇਂ ਪਹੁੰਚ ਗਏ? ਪੁਲਸ ਹੁਣ ਇਹ ਪਤਾ ਲਾਉਣ ਵਿਚ ਜੁਟੀ ਹੈ ਕਿ ਇਨ੍ਹਾਂ ਵਾਹਨਾਂ ਦੇ ਅਸਲੀ ਮਾਲਕ ਕੌਣ ਸਨ ਅਤੇ ਇਨ੍ਹਾਂ ਨੂੰ ਕਿਸ ਆਧਾਰ ’ਤੇ ਜ਼ਬਤ ਕੀਤਾ ਗਿਆ ਸੀ।
ਜਾਂਚ ਜਾਰੀ : ਕਈ ਹੋਰ ਚਿਹਰੇ ਹੋ ਸਕਦੇ ਹਨ ਬੇਨਕਾਬ
ਇਸ ਵੱਡੇ ਘਪਲੇ ਤੋਂ ਬਾਅਦ ਮਾਲਖਾਨੇ ਵਿਚ ਖੜ੍ਹੇ ਬਾਕੀ ਵਾਹਨਾਂ ਦਾ ਰਿਕਾਰਡ ਵੀ ਫਰੋਲਿਆ ਜਾ ਰਿਹਾ ਹੈ। ਪੁਲਸ ਬਰਾਮਦ ਕੀਤੇ ਪੁਰਜ਼ਿਆਂ ਦੇ ਆਧਾਰ ’ਤੇ ਕੜੀਆਂ ਜੋੜ ਰਹੀ ਹੈ ਕਿ ਮਾਲਖਾਨੇ ਵਿਚੋਂ ਕਿੰਨੇ ਵਾਹਨ ਵੇਚੇ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਇਸ ‘ਗੱਠਜੋੜ’ ਦੀ ਡੂੰਘਾਈ ਨਾਲ ਹੋ ਰਹੀ ਜਾਂਚ ਵਿਚ ਕੁਝ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦੇ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
