ਘਰਦਿਆਂ ਨੂੰ ਨਸ਼ੀਲਾ ਖਾਣਾ ਖੁਆ ਕੇ ਚੋਰੀ ਕੀਤੀ ਸਵਿਫਟ ਕਾਰ ਬਰਾਮਦ
Friday, Nov 10, 2017 - 04:37 AM (IST)
ਜਲੰਧਰ(ਪ੍ਰੀਤ)-''ਮੰਗਲਵਾਰ ਰਾਤ ਕਰੀਬ 8.30 ਵਜੇ ਦੀ ਗੱਲ ਹੈ। ਨੌਕਰ ਚੰਦਰ ਪ੍ਰਕਾਸ਼ ਠਾਕੁਰ ਨੇ ਖਾਣਾ ਬਣਾ ਕੇ ਖੁਆਇਆ। ਖਾਣਾ ਖਾਣ ਤੋਂ ਬਾਅਦ ਮੈਂ ਸੌਂ ਗਿਆ ਤਾਂ ਚੰਦਰ ਪ੍ਰਕਾਸ਼ ਨੇ ਮੇਰੀਆਂ ਲੱਤਾਂ ਦਬਾਈਆਂ ਅਤੇ ਕਿਹਾ ਕਿ ਬਾਊ ਜੀ, ਮੈਂ ਪਿੰਡੋਂ ਤੁਹਾਨੂੰ ਅਜਵਾਇਣ ਦਾ ਤੇਲ ਮੰਗਵਾ ਕੇ ਦਵਾਂਗਾ, ਜਿਸ ਦੀ ਮਸਾਜ ਨਾਲ ਸਾਰੀਆਂ ਦਰਦਾਂ ਠੀਕ ਹੋ ਜਾਣਗੀਆਂ। ਪਰ ਕੀ ਪਤਾ ਸੀ ਉਸ ਨੇ ਉਨ੍ਹਾਂ ਨੂੰ ਨਸ਼ੀਲਾ ਖਾਣਾ ਖੁਆਇਆ ਹੈ।'' ਇਹ ਕਹਿਣਾ ਹੈ ਸ਼ਕਤੀ ਨਗਰ ਵਿਚ ਇਕ ਦਿਨ ਪਹਿਲਾਂ ਰੱਖੇ ਨੌਕਰ ਦਾ ਸ਼ਿਕਾਰ ਹੋਏ ਸਾਧੂ ਰਾਮ ਮਿੱਤਲ ਦਾ। ਸਾਧੂ ਰਾਮ ਮਿੱਤਲ ਤੇ ਉਸਦੀ ਪਤਨੀ ਵਿਜੇ ਮਿੱਤਲ ਦੀ ਹਾਲਤ ਪਹਿਲਾਂ ਤੋਂ ਬਿਹਤਰ ਹੈ। ਅੱਜ ਸਵੇਰੇ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਮਿੱਤਲ ਜੋੜਾ ਘਰ ਆ ਗਿਆ। ਜਾਂਚ 'ਚ ਪਤਾ ਲੱਗਾ ਹੈ ਕਿ ਨੌਕਰ ਘਰ 'ਚੋਂ ਕਰੀਬ 10 ਲੱਖ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ। ਉਧਰ, ਪਤਾ ਲੱਗਾ ਹੈ ਕਿ ਚੋਰ ਵਲੋਂ ਲਿਜਾਈ ਗਈ ਸਵਿਫਟ ਕਾਰ ਪੁਲਸ ਨੇ ਬਰਾਮਦ ਕਰ ਲਈ ਹੈ। ਜ਼ਿਕਰਯੋਗ ਹੈ ਕਿ ਸਨਰਾਈਜ਼ ਇੰਟਰਨੈਸ਼ਨਲ ਅਲਾਵਲਪੁਰ ਦੇ ਮਾਲਕ ਨੀਰਜ ਮਿੱਤਲ ਦੇ ਪਿਤਾ ਸਾਧੂ ਰਾਮ ਮਿੱਤਲ ਤੇ ਮਾਂ ਵਿਜੇ ਮਿੱਤਲ ਬੀਤੇ ਦਿਨ ਸਵੇਰੇ ਘਰ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੇ। ਖੁਲਾਸਾ ਹੋਇਆ ਹੈ ਕਿ ਇਕ ਦਿਨ ਪਹਿਲਾਂ ਘਰੇਲੂ ਕੰਮ ਕਾਜ ਲਈ ਰੱਖਿਆ ਗਿਆ ਨੌਕਰ ਉਨ੍ਹਾਂ ਨੂੰ ਨਸ਼ੀਲਾ ਭੋਜਨ ਖੁਆ ਕੇ ਨਕਦੀ, ਗਹਿਣੇ ਤੇ ਸਵਿਫਟ ਕਾਰ ਲੈ ਗਿਆ। ਹਸਪਤਾਲ 'ਚੋਂ ਛੁੱਟੀ ਤੋਂ ਬਾਅਦ ਘਰ ਆਏ ਸਾਧੂ ਰਾਮ ਮਿੱਤਲ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਇਕ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਸ਼ਰਮਾ ਟੈਂਟ ਹਾਊਸ ਤੋਂ ਬੋਲ ਰਿਹਾ ਹੈ ਅਤੇ ਉਨ੍ਹਾਂ ਦਾ ਜਾਣਕਾਰ ਹੈ। ਉਹ ਉਸ ਨੂੰ ਘਰੇਲੂ ਕੰਮ ਲਈ ਨੌਕਰ ਭੇਜ ਰਿਹਾ ਹੈ, ਉਹ ਰੱਖ ਲੈਣ। ਮਿੱਤਲ ਨੇ ਦੱਸਿਆ ਕਿ ਨੌਕਰ ਦੇ ਆਉਣ 'ਤੇ ਉਨ੍ਹਾਂ ਨੇ ਉਸ ਦਾ ਆਧਾਰ ਕਾਰਡ ਦੇਖਿਆ ਤਾਂ ਉਸ 'ਤੇ ਨਾਂ ਚੰਦਰ ਪ੍ਰਕਾਸ਼ ਠਾਕੁਰ ਅਤੇ ਪਤਾ ਕੁੱਲੂ ਦਾ ਲਿਖਿਆ ਹੋਇਆ ਸੀ। ਉਨ੍ਹਾਂ ਨੇ ਉਸ ਕੋਲੋਂ ਆਧਾਰ ਕਾਰਡ ਦੀ ਫੋਟੋ ਕਾਪੀ ਮੰਗੀ। ਨੌਕਰ ਨੇ ਕਿਹਾ ਕਿ ਉਹ ਫੋਟੋ ਕਾਪੀ ਕਰਵਾ ਕੇ ਦੇ ਦੇਵੇਗਾ। ਨੀਰਜ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਨਾਲ ਉਹ ਇਕ ਦਿਨ ਕੁੱਝ ਦੇਰ ਲਈ ਫੈਕਟਰੀ ਗਿਆ ਸੀ ਪਰ ਮੰਗਲਵਾਰ ਰਾਤ ਉਸ ਨੇ ਘਰ 'ਚ ਦਾਲ ਤੇ ਮੇਥੀ ਆਲੂ ਦੀ ਸਬਜ਼ੀ ਬਣਾਈ। ਡਾਕਟਰੀ ਜਾਂਚ ਮੁਤਾਬਕ ਦਾਲ ਵਿਚ ਨਸ਼ੀਲੀਆਂ ਗੋਲੀਆਂ ਪਾਈਆਂ ਗਈਆਂ ਸਨ। ਰਾਤ 8.30 ਵਜੇ ਖਾਣਾ ਖਾਣ ਤੋਂ ਬਾਅਦ ਨੌਕਰ ਚੰਦ ਪ੍ਰਕਾਸ਼ ਨੇ ਪਿਤਾ ਦੀਆਂ ਲੱਤਾਂ ਦਬਾਈਆਂ ਅਤੇ ਗੱਲਾਂ ਕਰਦਾ ਰਿਹਾ ਪਰ ਜਦੋਂ ਉਹ ਬੇਹੋਸ਼ ਹੋ ਗਿਆ ਉਹ ਵਾਰਦਾਤ ਕਰ ਕੇ ਫਰਾਰ ਹੋ ਗਿਆ। ਨੀਰਜ ਮਿੱਤਲ ਨੇ ਦੱਸਿਆ ਕਿ ਚੋਰ ਘਰ 'ਚੋਂ ਕਰੀਬ 10 ਲੱਖ ਰੁਪਏ, ਗਹਿਣੇ, ਮੋਬਾਇਲ ਆਦਿ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ। ਨੀਰਜ ਮਿੱਤਲ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਵਲੋਂ ਕਾਲ ਡਿਟੇਲ ਚੈੱਕ ਕਰਵਾਈ ਜਾ ਰਹੀ ਹੈ ਅਤੇ ਹਿਮਾਚਲੀ ਨੌਕਰ ਬਾਰੇ ਛਾਣਬੀਣ ਕਰ ਰਹੀ ਹੈ। ਥਾਣਾ ਨੰੰਬਰ 2 ਦੀ ਪੁਲਸ ਨੇ ਮੁਲਜ਼ਮ ਚੰਦਰ ਪ੍ਰਕਾਸ਼ ਠਾਕੁਰ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਦੌਰਾਨ ਪੁਲਸ ਨੂੰ ਸਵਿਫਟ ਕਾਰ ਮਿਲ ਗਈ ਹੈ। ਇੰਸਪੈਕਟਰ ਓਂਕਾਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੌਕਰ ਨੂੰ ਪੁਲਸ ਜਲਦ ਹੀ ਲੱਭ ਲਵੇਗੀ।
