ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ''ਚ ਸ਼ਾਮਲ ਨੌਜਵਾਨ ਗ੍ਰਿਫਤਾਰ

07/20/2017 1:59:02 AM

ਟਾਂਡਾ ਉੜਮੁੜ, (ਗੁਪਤਾ, ਸ਼ਰਮਾ, ਮੋਮੀ, ਕੁਲਦੀਸ਼)-  ਜ਼ਿਲਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਜਿੰਦਰ ਕੁਮਾਰ ਡੀ. ਐੱਸ. ਪੀ. ਟਾਂਡਾ ਦੀ ਅਗਵਾਈ ਹੇਠ ਐੱਸ. ਐੱਚ. ਓ. ਕਰਨੈਲ ਸਿੰਘ ਥਾਣਾ ਟਾਂਡਾ ਨੇ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਦੋਸ਼ੀ ਰਵੀ ਪੁੱਤਰ ਬਿੰਦਰ ਪਾਲ ਵਾਸੀ ਤਲਵੰਡੀ ਸੱਲ੍ਹਾਂ ਖਿਲਾਫ਼ ਮੁਕੱਦਮਾ ਨੰ. 151, ਮਿਤੀ 17 ਜੁਲਾਈ 2017 ਨੂੰ ਥਾਣਾ ਟਾਂਡਾ ਵਿਖੇ ਦਰਜ ਕੀਤਾ ਗਿਆ ਸੀ। ਉਸ ਕੋਲੋਂ ਇਕ ਗੈਸ ਸਿਲੰਡਰ, ਇਕ ਐੱਲ. ਸੀ. ਡੀ., ਮੋਬਾਇਲ ਫੋਨ ਬਰਾਮਦ ਕੀਤਾ ਹੈ।
ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਅਤੇ ਅਜੇ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਤਲਵੰਡੀ ਸੱਲ੍ਹਾਂ ਨੇ ਬੀਤੀ 6 ਜੁਲਾਈ ਦੀ ਦਰਮਿਆਨੀ ਰਾਤ ਨੂੰ ਗੱਜਣ ਸਿੰਘ ਵਾਸੀ ਤਲਵੰਡੀ ਸੱਲ੍ਹਾਂ ਦੇ ਘਰ ਇਕ ਇਨਵਰਟਰ ਬੈਟਰੀ ਚੋਰੀ ਕੀਤੀ ਸੀ। ਇਸ ਤੋਂ ਇਲਾਵਾ 10 ਜੁਲਾਈ ਨੂੰ ਜਾਜਾ ਚੌਕ ਨਜ਼ਦੀਕ ਇਕ ਵਿਅਕਤੀ ਕੋਲੋਂ ਮੋਬਾਇਲ ਖੋਹਿਆ ਸੀ ਅਤੇ 12-13 ਦੀ ਰਾਤ ਨੂੰ ਗੁਰਦੀਪ ਸਿੰਘ ਪੁੱਤਰ ਕਰਮ ਚੰਦ ਵਾਸੀ ਤਲਵੰਡੀ ਸੱਲ੍ਹਾਂ ਦੇ ਘਰ ਦੇ ਤਾਲੇ ਤੋੜ ਕੇ ਇਕ ਐੱਲ. ਸੀ. ਡੀ., ਇਕ ਗੈਸ ਸਿਲੰਡਰ ਅਤੇ ਇਕ ਮੀਟਰ ਅਤੇ 50 ਹਜ਼ਾਰ ਰੁਪਏ ਚੋਰੀ ਕੀਤੇ ਸਨ। ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਵਾਰਦਾਤਾਂ ਪਤਾ ਲੱਗਣ ਦੀ ਸੰਭਾਵਨਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਦੋਸ਼ੀ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।


Related News