ਗਲਤ ਤਰੀਕੇ ਨਾਲ ਕੰਮ ਕਰਨ ਵਾਲੇ ਅਸ਼ਟਾਮ ਫਰੋਸ਼ ਦਾ ਲਾਇਸੰਸ ਰੱਦ
Tuesday, Sep 19, 2017 - 02:00 AM (IST)
ਅੰਮ੍ਰਿਤਸਰ, (ਨੀਰਜ)- ਤਹਿਸੀਲ ਕੰਪਲੈਕਸ ਵਿਚ ਸਰਗਰਮ ਨਕਲੀ ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ ਅਤੇ ਟਾਈਪਿਸਟਾਂ 'ਤੇ ਸ਼ਿਕੰਜਾ ਕੱਸਦੇ ਹੋਏ ਅੱਜ ਜ਼ਿਲਾ ਮਾਲ ਅਫਸਰ (ਡੀ. ਆਰ. ਓ.) ਮੁਕੇਸ਼ ਸ਼ਰਮਾ ਵੱਲੋਂ ਤਹਿਸੀਲ ਦੀਆਂ ਕਈ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਜਿਸ ਵਿਚ ਕਈ ਬੇਨਿਯਮੀਆਂ ਵੇਖਣ ਨੂੰ ਮਿਲੀਆਂ ਹਨ।
ਡੀ. ਆਰ. ਓ. ਨੇ ਮੌਕੇ 'ਤੇ ਹੀ ਗਲਤ ਤਰੀਕੇ ਨਾਲ ਪ੍ਰੈਕਟਿਸ ਕਰ ਰਹੇ ਇਕ ਅਸ਼ਟਾਮ ਫਰੋਸ਼ ਦਾ ਲਾਇਸੈਂਸ ਰੱਦ ਕਰ ਦਿੱਤਾ ਜਦੋਂ ਕਿ ਉਨ੍ਹਾਂ ਛੇ ਟਾਈਪਿਸਟਾਂ ਦੀਆਂ ਦੁਕਾਨਾਂ 'ਤੇ ਲੱਗੀ ਨੇਮ ਪਲੇਟ ਵੀ ਉਤਾਰ ਦਿੱਤੀ ਜੋ ਨੋਟਰੀ ਪਬਲਿਕ ਦਾ ਕੰਮ ਵੀ ਨਾਲ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਕੇਸ਼ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤਹਿਸੀਲ ਕੰਪਲੈਕਸ ਵਿਚ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਹਿਸੀਲ ਕੰਪਲੈਕਸ ਵਿਚ ਨਿਯਮਾਂ ਦੀ ਉਲੰਘਣਾ ਕਿਸੇ ਨੂੰ ਵੀ ਨਹੀਂ ਕਰਨ ਦਿੱਤੀ ਜਾਵੇਗੀ। ਵਸੀਕਾ ਨਵੀਸ ਹੋਵੇ ਜਾਂ ਫਿਰ ਅਸ਼ਟਾਮ ਫਰੋਸ਼ ਜਾਂ ਫਿਰ ਟਾਈਪਿਸਟ ਸਾਰੇ ਕਾਨੂੰਨ ਅਤੇ ਨਿਯਮ ਦੇ ਅਨੁਸਾਰ ਕੰਮ ਕਰਨ। ਕਿਸੇ ਵੀ ਵਿਅਕਤੀ ਨੂੰ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਹਿਸੀਲ ਕੰਪਲੈਕਸ ਵਿਚ ਜਿਥੇ ਡੀ. ਸੀ. ਵੱਲੋਂ ਜਾਰੀ ਜਾਇਜ਼ ਲਾਇਸੈਂਸੀ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸ਼ ਕੰਮ ਕਰ ਰਹੇ ਹਨ ਉਥੇ ਹੀ ਕੁਝ ਬਿਨਾਂ ਲਾਇਸੈਂਸ ਦੇ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ। ਇਥੋਂ ਤੱਕ ਕਿ ਕੁਝ ਦੁਕਾਨਦਾਰ ਤਾਂ ਅਜਿਹੇ ਹਨ ਜੋ ਅਸਲਾ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਸਾਫ਼ ਤੌਰ 'ਤੇ ਏਜੰਟੀ ਕਰ ਰਹੇ ਹਨ। ਅਜਿਹੇ ਲੋਕਾਂ ਤਹਿਸੀਲ ਵਿਚ ਆਉਣ ਵਾਲੇ ਮਾਸੂਮ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਪੀੜਤ ਲੋਕ ਜਦੋਂ ਕਿਸੇ ਅਧਿਕਾਰੀ ਕੋਲ ਇਸ ਸਬੰਧੀ ਸ਼ਿਕਾਇਤ ਕਰਦੇ ਹਨ ਤਾਂ ਜਾਂਚ ਵਿਚ ਪਤਾ ਲੱਗਦਾ ਹੈ ਕਿ ਜੋ ਵਿਅਕਤੀ ਪ੍ਰੇਸ਼ਾਨ ਕਰ ਰਿਹਾ ਸੀ ਉਸ ਦੇ ਕੋਲ ਲਾਇਸੈਂਸ ਹੀ ਨਹੀਂ ਸੀ ਫਿਲਹਾਲ ਅਜਿਹੇ ਬਿਨਾਂ ਲਾਇਸੈਂਸੀ ਦੁਕਾਨਦਾਰਾਂ ਖਿਲਾਫ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
