ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਕੰਮ ਕਰਦੇ ਸਮੇਂ ਡਰਾਈਵਰ ਨਾਲ ਵਾਪਰਿਆ ਭਾਣਾ

Thursday, Oct 31, 2024 - 11:46 AM (IST)

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਪਿੰਡ ਐਲਗਰਾਂ ਸਥਿਤ ਭਿੰਡਰ ਸਟੋਨ ਕਰੈਸ਼ਰ ਵਿਖੇ ਡਰਾਇਵਰੀ ਕਰਦੇ 35 ਸਾਲਾ ਵਿਅਕਤੀ ਦੀ ਸਟੋਨ ਕਰੈਸ਼ਰ ਨੇੜੇ ਸਵਾਂ ਨਦੀ ’ਚ ਅਚਾਨਕ ਡੁੱਬਣ ’ਤੇ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦੇ ਹੀ ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। 
ਇਸ ਸਬੰਧ ’ਚ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਸਮਰਜੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ. ਪੀ. ਕਰੈਸ਼ਰ ਵਿਖੇ ਟਿੱਪਰ ਚਲਾਉਂਦੇ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਪਿੰਡ ਝੋਨੋਵਾਲ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਵੱਡਾ ਭਰਾ ਤਜਿੰਦਰ ਸਿੰਘ ਉਰਫ਼ ਕਾਕੂ ਜੋ ਭਿੰਡਰ ਸਟੋਨ ਕਰੈਸ਼ਰ ਪਿੰਡ ਐਲਗਰਾਂ ਵਿਖੇ ਡਰਾਈਵਰੀ ਕਰਦਾ ਸੀ ਅਤੇ 29 ਅਤੇ 30 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵੀ ਕੰਮ ’ਤੇ ਹੀ ਸੀ।

ਜਿਸ ਸਬੰਧੀ ਉਸ ਨੂੰ 30 ਅਕਤੂਬਰ ਨੂੰ ਉਕਤ ਭਿੰਡਰ ਕਰੈਸ਼ਰ ਤੋਂ ਸਵੇਰੇ ਕਰੀਬ 4.20 ਵਜੇ ਦਿਲਪ੍ਰੀਤ ਸਿੰਘ ਉਰਫ਼ ਦਿੱਲੂ ਨਾਮੀ ਡਰਾਈਵਰ ਦਾ ਫੋਨ ਆਇਆ ਕਿ ਉਸ ਦੇ ਭਰਾ ਨੂੰ ਕੋਈ ਸਮੱਸਿਆ ਆ ਗਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆਂ ਤਾਂ ਪਤਾ ਚੱਲਿਆ ਕਿ ਉਸ ਦਾ ਭਰਾ ਤਜਿੰਦਰ ਸਿੰਘ ਉਰਫ਼ ਕਾਕੂ ਕਰੈਸ਼ਰ ਨੇੜੇ ਸਥਿਤ ਸਵਾਂ ਨਦੀ ਵੱਲ ਦਾਤਣ ਕਰਨ ਅਤੇ ਪਖਾਨੇ ਲਈ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather

ਜਦੋਂ ਉਹ ਪਖਾਨਾ ਜਾਣ ਤੋਂ ਬਾਅਦ ਹੱਥ ਧੋਣ ਲੱਗਾ ਤਾਂ ਅਚਾਨਕ ਪੈਰ ਫਿਸਲਣ ਕਰਕੇ ਸਵਾਂ ਨਦੀ ’ਚ ਡਿੱਗ ਗਿਆ, ਜਿਸ ਦੇ ਕਾਫ਼ੀ ਸਮਾਂ ਬਾਅਦ ਵੀ ਵਾਪਸ ਨਾ ਆਉਣ ’ਤੇ ਜਦੋਂ ਡਰਾਈਵਰ ਦਿਲਪ੍ਰੀਤ ਉਰਫ਼ ਦਿੱਲੂ ਸਹਿਤ ਹੋਰਨਾਂ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਸ ਦਾ ਭਰਾ ਤਜਿੰਦਰ ਸਿੰਘ ਪਾਣੀ ’ਚ ਡਿੱਗਿਆ ਹੋਇਆ ਸੀ, ਜਿਸ ਨੂੰ ਬਾਹਰ ਕੱਢਣ ’ਤੇ ਵੇਖਿਆ ਕਿ ਉਸ ਦਾ ਸਾਹ ਅਤੇ ਧੜਕਣ ਬੰਦ ਹੋ ਚੁੱਕੀ ਸੀ।

ਉਸ ਨੇ ਬਿਆਨਾਂ ’ਚ ਲਿਖਵਾਇਆ ਕਿ ਉਸ ਦੇ ਭਰਾ ਤਜਿੰਦਰ ਸਿੰਘ ਦੀ ਪਾਣੀ ’ਚ ਡੁੱਬਣ ਕਾਰਨ ਕੁਦਰਤੀ ਮੌਤ ਹੋਈ ਹੈ ਅਤੇ ਕਿਸੇ ’ਤੇ ਕੋਈ ਸ਼ੱਕ ਨਹੀਂ ਹੈ, ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਸਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਧਾਰਾ 194 ਬੀ. ਐੱਨ. ਐੱਸ. ਐੱਸ. ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਮੌਤ ਦੇ ਅਸਲ ਕਾਰਣਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਦੀ ਦੇਹ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News