ਹੱਡਾ-ਰੋਡ਼ੀ ਚਾਲੂ ਕਰਨ ਆਏ ਕਰਮਚਾਰੀ ਬਸਤੀ ਨਿਵਾਸੀਆਂ ਦੇ ਰੋਸ ਕਾਰਨ ਬੇਰੰਗ ਪਰਤੇ
Thursday, Aug 30, 2018 - 12:51 AM (IST)
ਤਪਾ ਮੰਡੀ, (ਮਾਰਕੰਡਾ)- ਅੱਜ ਬਾਅਦ ਦੁਪਹਿਰ 3 ਵਜੇ ਦੁਬਾਰਾ ਫੇਰ ਬਾਜੀਗਰ ਬਸਤੀ ਤਪਾ ਵਿਚ ਹੱਡਾ ਰੋਡ਼ੀ ਨੂੰ ਲੈਕੇ ਸਥਿਤੀ ਤਨਾਅਪੂਰਵਕ ਬਣ ਗਈ ਜਦੋ ਨਗਰ ਸਕੌਂਲ ਦੇ ਕਰਮਚਾਰੀ ਪੁਲਸ ਸਮੇਤ ਹੱਡਾ ਰੋਡ਼ੀ ਦਾ ਬੰਦ ਕੀਤਾ ਰਾਸਤਾ ਖੋਲਣ ਲਈ ਆ ਪਹੁੰਚੇ। ਜਿਵੇ ਹੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਰਾਸਤਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਬਸਤੀ ਵਾਲਿਆਂ ਨੇ ਰੋਸ ਵਿਚ ਆਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਕਰਮਚਾਰੀਆਂ ਨੇ ਵਾਪਸ ਮੁੜਨਾ ਪਿਆ। ਇਸ ਤੋਂ ਬਾਅਦ ਬਸਤੀ ਵਾਲਿਆਂ ਨੇ ਇੱਟਾ ਨਾਲ ਰਾਸਤੇ ਨੂੰ ਦੁਬਾਰਾ ਫੇਰ ਬੰਦ ਕੀਤਾ ਅਤੇ ਮਾਤਾ ਦਾਤੀ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ। ਹਾਜ਼ਰ ਭੂਰੀ ਦੇਵੀ, ਬਲੌਰ ਰਾਮ, ਜਰਨੈਲ ਰਾਮ, ਬਿੱਟੂ ਰਾਮ, ਰਾਜੂ ਰਾਮ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਸਤੀ ਵਿਚਕਾਰੋਂ ਹੱਡਾ ਰੋਡ਼ੀ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਦੋ ਆਗੂਆਂ ਲੰਗਰ ਰਾਮ (ਸਾਬਕਾ ਐੱਮ.ਸੀ.) ਪੁੱਤਰ ਖੱਟੂ ਰਾਮ ਅਤੇ ਜਗਜੀਤ ਨਾਥ ਪੁੱਤਰ ਕਰੇਲਾ ਨਾਥ ’ਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੱਡਾ ਰੋਡ਼ੀ ਵਿਚ ਕੋਈ ਮੁਰਦਾ ਪਸ਼ੂ ਲਿਆਂਦਾ ਗਿਆ ਤਾਂ ਉਸਦੇ ਮਾਡ਼ੇ ਸਿੱਟੇ ਨਿਕਲਣੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਆਗੂਆਂ ਤੇ ਕੀਤੇ ਝੂੱਠੇ ਪਰਚੇ ਰੱਦ ਕੀਤੇ ਜਾਣ। ਓਧਰ ਦੂਜੇ ਪਾਸੇ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਅੰਦਰ ਪਏ ਮੁਰਦਾ ਪਸ਼ੂਆਂ ਵਿਚੋਂ ਭੈਡ਼ੀ ਸਡ਼ਾਂਦ ਆਉਣੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੂੰ ਠੇਕੇਦਾਰ ਚੁੱਕਣ ਤੋਂ ਮਨ੍ਹਾਂ ਕਰ ਰਹੇ ਹਨ। ਇਥੇ ਇਹ ਵੀ ਦਸੱਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਬਸਤੀ ਨਿਵਾਸੀ ਅਤੇ ਪ੍ਰਸਾਸ਼ਨ ਆਮਣੋ-ਸਾਹਮਣੇ ਹੈ ਅਤੇ ਕਈ ਵਾਰ ਬਸਤੀ ਵਿਚੋਂ ਲੰਘਦੇ ਰੋਡ ਨੂੰ ਜਾਮ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਇਸਦਾ ਕੋਈ ਠੋਸ ਹੱਲ ਨਹੀ ਨਿਕਲ ਰਿਹਾ।
ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਭੂਤ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਕੋਲ ਹੱਡਾ ਰੋਡ਼ੀ ਲਈ ਢੁੱਕਵੀ ਜਗ੍ਹਾ ਨਹੀ ਉਹ ਜਲਦ ਹੀ ਹੋਰ ਜਗ੍ਹਾ ਦਾ ਇੰਤਜਾਮ ਕਰ ਲੈਣਗੇ ਪਰ ਓਨੀ ਦੇਰ ਮੁਰਦਾ ਪਸ਼ੂਆਂ ਨੂੰ ਕਿਤੇ ਹੋਰ ਨਹੀ ਲਿਜਾਇਆ ਜਾ ਸਕਦਾ। ਥਾਣਾ ਮੁੱਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪ੍ਰਸਾਸ਼ਨ ਉਚ ਅਧਿਕਾਰੀਆਂ ਦੇ ਹੁਕਮਾਂ ਦਾ ਇੰਤਜਾਰ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
