10 ਫੁੱਟ ਡੂੰਘੇ ਟੋਏ ''ਚ ਡਿੱਗ ਕੇ ਔਰਤ ਗੰਭੀਰ ਜ਼ਖ਼ਮੀ
Thursday, Feb 01, 2018 - 03:00 AM (IST)

ਹੁਸ਼ਿਆਰਪੁਰ, (ਜ.ਬ.)- ਪਿੰਡ ਸਲੇਮਪੁਰ 'ਚ ਇਕ ਔਰਤ ਗੁਰਮੀਤ ਕੌਰ ਆਪਣੇ ਘਰ ਦੇ ਬਾਹਰ ਬਣੇ ਟਾਇਲਟ ਦੇ ਕਰੀਬ 10 ਫੁੱਟ ਡੂੰਘੇ ਖੱਡੇ ਵਿਚ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਖੱਡੇ ਵਿਚੋਂ ਗੁਰਮੀਤ ਕੌਰ ਦੇ ਚੀਕਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਪੌੜੀ ਦੇ ਸਹਾਰੇ ਗੁਰਮੀਤ ਕੌਰ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਹਸਪਤਾਲ ਵਿਖੇ ਜ਼ੇਰੇ ਇਲਾਜ ਗੁਰਮੀਤ ਕੌਰ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਟਾਇਲਟ ਬਣਾਉਣ ਲਈ ਵੱਡੇ ਪੱਧਰ 'ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਸ ਲਈ ਸਮੇਂ ਸਿਰ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਗ੍ਰਾਂਟ ਲੈਣ ਲਈ ਕਿਹਾ ਜਾਂਦਾ ਹੈ ਕਿ ਪਹਿਲਾਂ ਖੱਡੇ ਦੀ ਫੋਟੋ ਲੈ ਕੇ ਆਓ। ਇਸੇ ਯੋਜਨਾ ਤਹਿਤ ਉਨ੍ਹਾਂ ਨੇ ਘਰ ਦੇ ਬਾਹਰ ਖੱਡਾ ਤਾਂ ਖੋਦਵਾ ਲਿਆ ਸੀ ਪਰ ਗ੍ਰਾਂਟ ਨਾ ਮਿਲਣ ਕਾਰਨ ਉਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਅੱਜ ਸਵੇਰੇ ਗਲਤੀ ਨਾਲ ਉਹ ਉਕਤ ਖੱਡੇ ਵਿਚ ਡਿੱਗ ਪਈ ਤੇ ਜ਼ਖ਼ਮੀ ਹੋ ਗਈ।