ਸਹੁਰੇ ਘਰ ''ਚ ਦਾਖਲ ਹੋ ਕੇ ਔਰਤ ''ਤੇ ਹਮਲਾ, 2 ਨਾਮਜ਼ਦ

Wednesday, Dec 20, 2017 - 06:02 AM (IST)

ਸਹੁਰੇ ਘਰ ''ਚ ਦਾਖਲ ਹੋ ਕੇ ਔਰਤ ''ਤੇ ਹਮਲਾ, 2 ਨਾਮਜ਼ਦ

ਗੁਰਦਾਸਪੁਰ, (ਵਿਨੋਦ)- ਜਾਇਦਾਦ ਸਬੰਧੀ ਚਲ ਰਹੇ ਵਿਵਾਦ ਕਾਰਨ ਪਹਿਲੇ ਪਤੀ ਦੇ ਰਿਸ਼ਤੇਦਾਰ ਵੱਲੋਂ ਇਕ ਔਰਤ ਦੀ ਦੂਜਾ ਵਿਆਹ ਹੋਣ ਦੇ ਬਾਅਦ ਸਹੁਰੇ ਘਰ 'ਚ ਦਾਖ਼ਲ ਹੋ ਕੇ ਹਮਲਾ ਕਰਨ ਦਾ ਸਮਾਚਾਰ ਹੈ। ਦੀਨਾਨਗਰ ਪੁਲਸ ਨੇ ਮੁਲਜ਼ਮ ਸਮੇਤ ਔਰਤ ਦੇ ਪਹਿਲੇ ਸਹੁਰੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪੁਲਸ ਅਨੁਸਾਰ ਮੁਲਜ਼ਮ ਅਜੇ ਫਰਾਰ ਹਨ। 
ਦੀਨਾਨਗਰ ਪੁਲਸ ਸਟੇਸਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਕੌਰ ਪਤਨੀ ਸਰਜੋਤ ਸਿੰਘ ਵਾਸੀ ਪਿੰਡ ਆਲੀਆ ਚੱਕ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਪਹਿਲਾ ਵਿਆਹ ਸਾਲ 2003 ਵਿਚ ਜਸਵੰਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਸੱਮੂਚੱਕ ਨਾਲ ਹੋਇਆ ਸੀ ਪਰ ਸਾਲ 2012 ਵਿਚ ਉਸ ਦੇ ਪਤੀ ਦੀ ਮੌਤ ਹੋਣ ਕਾਰਨ ਸਾਲ 2016 ਵਿਚ ਉਸ ਨੇ ਦੂਜਾ ਵਿਆਹ ਸਰਜੋਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਆਲੀਆ ਚੱਕ ਨਾਲ ਕਰਵਾ ਲਿਆ। ਉਸ ਦਾ ਪਤੀ ਕੰਬਾਈਨ ਡਰਾਈਵਰ ਹੈ ਅਤੇ ਬੀਤੇ ਦਿਨ ਉਹ ਕਾਦੀਆਂ ਗਿਆ ਹੋਇਆ ਸੀ। ਬੀਤੀ ਰਾਤ ਲਗਭਗ 10.30 ਵਜੇ ਮੁਲਜ਼ਮ ਹਰਭਜਨ ਸਿੰਘ ਉਸ ਦੇ ਕਮਰੇ ਵਿਚ ਆਇਆ ਅਤੇ ਉਸ 'ਤੇ ਦਾਤਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਰੌਲਾ ਪਾਉਣ 'ਤੇ ਮੁਲਜ਼ਮ ਕੰਧ ਟੱਪ ਕੇ ਭੱਜ ਗਿਆ।
ਪੀੜਤਾ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਜਸਵੰਤ ਸਿੰਘ ਦੇ ਹਿੱਸੇ ਦੀ ਚਾਰ ਏਕੜ ਜ਼ਮੀਨ ਸਬੰਧੀ ਉਸ ਦਾ ਆਪਣੇ ਸਹੁਰੇ ਸਵਿੰਦਰ ਸਿੰਘ ਦੇ ਨਾਲ ਅਦਾਲਤ ਵਿਚ ਝਗੜਾ ਚਲ ਰਿਹਾ ਹੈ ਅਤੇ ਮੇਰੇ 'ਤੇ ਹਮਲਾ ਕਰਨ ਵਾਲਾ ਹਰਭਜਨ ਸਿੰਘ ਮੇਰੇ ਪਹਿਲੇ ਸਹੁਰੇ ਸਵਿੰਦਰ ਸਿੰਘ ਦਾ ਰਿਸ਼ਤੇਦਾਰ ਹੈ। ਪੁਲਸ ਅਧਿਕਾਰੀ ਅਨੁਸਾਰ ਪੀੜਤਾ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਹਰਭਜਨ ਸਿੰਘ ਅਤੇ ਸਵਿੰਦਰ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


Related News