ਨਹੀਂ ਖਾਣੇ ਪੈਣਗੇ ਲਾਈਨਾਂ ’ਚ ਖੜ੍ਹ ਕੇ ਧੱਕੇ, ਕਿਊ. ਆਰ. ਕੋਡ ਸਕੈਨ ਨਾਲ ਭਰ ਸਕੋਗੇ ਪਾਣੀ ਦਾ ਬਿੱਲ

04/10/2022 11:05:11 AM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਲੋਕਾਂ ਨੂੰ ਹੁਣ ਪਾਣੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਸੰਪਰਕ ਸੈਂਟਰਾਂ ’ਤੇ ਲਾਈਨਾਂ ਵਿਚ ਖੜ੍ਹੇ ਹੋ ਕੇ ਧੱਕੇ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਲੋਕ ਹੁਣ ਘਰ ਬੈਠਿਆਂ ਹੀ ਪਾਣੀ ਦੇ ਬਿੱਲ ’ਤੇ ਦਿੱਤੇ ਗਏ ਕਿਊ. ਆਰ. ਕੋਡ ਨੂੰ ਆਪਣੇ ਸਮਾਰਟ ਮੋਬਾਇਲ ਫ਼ੋਨ ਤੋਂ ਸਕੈਨ ਕਰ ਕੇ ਬਿੱਲ ਦਾ ਭੁਗਤਾਨ ਕਰ ਸਕਣਗੇ। ਸਲਾਹਕਾਰ ਧਰਮਪਾਲ ਨੇ ਇਸ ਸਬੰਧੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਛੇਤੀ ਹੀ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਪਹਿਲਾਂ ਹੀ ਵਿਭਾਗ ਇਹ ਸਹੂਲਤ ਦੇ ਚੁੱਕਿਆ ਹੈ ਪਰ ਪਾਣੀ ਦੇ ਬਿੱਲ ’ਤੇ ਵੀ ਛੇਤੀ ਹੀ ਕਿਊ. ਆਰ. ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਡਾਇਰੈਕਟਰ ਆਈ. ਟੀ. ਪੂਰਵਾ ਗਰਗ ਨੇ ਦੱਸਿਆ ਕਿ ਪਾਣੀ ਲਈ ਵੀ ਕਿਊ. ਆਰ. ਨੂੰ ਸਕੈਨ ਕਰ ਕੇ ਬਿੱਲ ਭਰਨ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿੰਨੇ ਸਮੇਂ ਵਿਚ ਇਹ ਕੰਮ ਪੂਰਾ ਕੀਤਾ ਜਾ ਸਕਦਾ ਹੈ, ਇਸ ਲਈ ਸਬੰਧਤ ਵਿਭਾਗ ਨਾਲ ਉਹ ਵਿਚਾਰ ਚਰਚਾ ਕਰ ਰਹੇ ਹਨ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਦੱਸਣਯੋਗ ਹੈ ਕਿ ਪਾਣੀ ਦੇ ਬਿੱਲਾਂ ’ਤੇ ਕਿਊ. ਆਰ. ਕਾਰਡ ਦੀ ਆਪਸ਼ਨ ਦਿੱਤੀ ਜਾਵੇਗੀ, ਤਾਂ ਕਿ ਆਪਣੇ ਸਮਾਰਟ ਮੋਬਾਇਲ ਫ਼ੋਨ ਤੋਂ ਲੋਕ ਉਸ ਕੋਡ ਨੂੰ ਸਕੈਨ ਕਰ ਕੇ ਆਸਾਨੀ ਨਾਲ ਹੀ ਬਿੱਲ ਦਾ ਭੁਗਤਾਨ ਕਰ ਸਕਣ। ਇਸ ਤੋਂ ਪਹਿਲਾਂ ਸਾਰੇ ਸੰਪਰਕ ਸੈਂਟਰਾਂ ’ਤੇ ਪਾਣੀ ਦੇ ਬਿੱਲ ਦੇ ਭੁਗਤਾਨ ਲਈ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਦੀ ਸਹੂਲਤ ਪ੍ਰਸ਼ਾਸਨ ਵਲੋਂ ਦਿੱਤੀ ਗਈ ਸੀ ਪਰ ਹੁਣ ਕਿਊ. ਆਰ. ਕੋਡ ਦੀ ਸਹੂਲਤ ਹੋਣ ਨਾਲ ਲੋਕਾਂ ਦਾ ਕੰਮ ਹੋਰ ਵੀ ਆਸਾਨ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਬਿੱਲ ਦਾ ਭੁਗਤਾਨ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

2 ਹੋਣਗੇ ਕਿਊ. ਆਰ. ਕੋਡ

ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਲੋਕਾਂ ਨੂੰ ਜੋ ਪਾਣੀ ਦੇ ਬਿੱਲ ਭੇਜੇ ਜਾਣਗੇ, ਉਸ ’ਤੇ 2 ਕਿਊ. ਆਰ. ਕੋਡ ਹੋਣਗੇ। ਦੋਵੇਂ ਕੋਡ ਬਿੱਲ ’ਤੇ ਇਕੱਠੇ ਦਿੱਤੇ ਜਾਣਗੇ, ਜਿਸ ਨੂੰ ਲੋਕ ਆਪਣੇ ‘ਭੀਮ’ ਮੋਬਾਇਲ ਐਪਲੀਕੇਸ਼ਨ ’ਤੇ ਜਾ ਕੇ ਸਕੈਨ ਕਰ ਕੇ ਆਪਣੇ ਬੈਂਕ ਅਕਾਊਂਟ ਨਾਲ ਲਿੰਕਡ ਯੂ. ਪੀ. ਆਈ. ਐਡਰੈੱਸ ਰਾਹੀਂ ਆਨਲਾਈਨ ਪੇਮੈਂਟ ਕਰ ਸਕਣਗੇ। ਇਸ ਲਈ ਲੋਕਾਂ ਤੋਂ ਕੋਈ ਵੀ ਵਾਧੂ ਫ਼ੀਸ ਨਹੀਂ ਲਈ ਜਾਵੇਗੀ। ਬਿੱਲ ’ਤੇ ਇਕ ਕਿਊ. ਆਰ. ਕੋਡ ਡਿਊ ਡੇਟ ਤੋਂ ਪਹਿਲਾਂ ਬਿੱਲ ਦਾ ਭੁਗਤਾਨ ਕਰਨ ਲਈ ਇਸਤੇਮਾਲ ਹੋਵੇਗਾ, ਜਦੋਂ ਕਿ ਦੂਜਾ ਕਿਊ. ਆਰ. ਕੋਡ ਡਿਊ ਡੇਟ ਤੋਂ ਬਾਅਦ, ਜਿਸਦੇ ਅੰਦਰ ਲੇਟ ਫ਼ੀਸ ਭਾਵ ਪੈਨਲਟੀ ਫ਼ੀਸ ਵੀ ਸ਼ਾਮਲ ਹੋਵੇਗੀ। ਜਿਹੜੇ ਲੋਕ ਡਿਊ ਡੇਟ ਤੋਂ ਬਾਅਦ ਬਿੱਲ ਦਾ ਭੁਗਤਾਨ ਕਰਨਗੇ, ਉਨ੍ਹਾਂ ਨੂੰ ਬਿੱਲ ਦੇ ਦੂਜੇ ਹਿੱਸੇ ’ਤੇ ਦਿੱਤੇ ਗਏ ਕਿਊ. ਆਰ. ਕੋਡ ਨੂੰ ਸਕੈਨ ਕਰ ਕੇ ਪੇਮੈਂਟ ਕਰਨੀ ਪਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News