ਹਰੇਕ ਸ਼ੱਕੀ ਮਰੀਜ਼ ਦੀ ਸੈਪਲਿੰਗ ਕਰਵਾ ਕੇ ਹੀ ਜਿੱਤੀ ਜਾ ਸਕਦੀ ਹੈ ਕੋਰੋਨਾ ਖ਼ਿਲਾਫ ਜੰਗ : ਡਾ: ਹੀਨਾ
Friday, Jun 19, 2020 - 05:42 PM (IST)
ਮਮਦੋਟ(ਸ਼ਰਮਾ, ਜਸਵੰਤ) — ਦੁਨੀਆ ਭਰ ਵਿਚ ਕੋਹਰਾਮ ਮਚਾ ਰਹੇ ਕੋਰੋਨਾ ਵਾਈਰਸ ਤੋਂ ਬਚਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ 'ਫਤਹਿ ਮਿਸ਼ਨ' ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਸਾਂਝੇ ਕਰਦਿਅÎਾਂ ਡਾ: ਰਜਿੰਦਰ ਮਨਚੰਦਾ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਦੇ ਡਾਕਟਰਾਂ ਸਮੇਤ, ਪੈਰਾ ਮੈਡੀਕਲ ਸਟਾਫ ਵੱਲੋਂ ਸੁਹਿਰਦਤਾ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। ਡਾ: ਮਨਚੰਦਾ ਨੇ ਸਪੱਸ਼ਟ ਕੀਤਾ ਕਿ 'ਫਤਹਿ ਮਿਸ਼ਨ' ਨੂੰ ਸਮਰਪਿਤ ਸਿਵਲ ਸਰਜਨ ਫਿਰੋਜ਼ਪੁਰ ਡਾ: ਨਵਦੀਪ ਸਿੰਘ ਦੇ ਨਿਰਦੇਸ਼ਾਂ ਹੇਠ ਜਿਥੇ ਸ਼ੱਕੀ ਮਰੀਜਾਂ ਦੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਚ ਸੈਂਪਲ ਲਏ ਜਾ ਰਹੇ ਹਨ, ਉਥੇ ਪਿੰਡਾਂ ਵਿਚ ਲੋਕਾਂ ਨੂੰ ਸੁਹਿਰਦ ਕਰਨ ਲਈ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਅਹਿਮ ਯੋਗਦਾਨ ਪਾ ਰਹੀਆਂ ਹਨ।
ਡਾ: ਮਨਚੰਦਾ ਨੇ ਕਿਹਾ ਕਿ ਘਰ-ਘਰ ਨਿਗਰਾਨੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤਾਂ ਜੋ ਇਲਾਕੇ ਦੇ ਹਰ ਘਰ ਦੀ ਤੰਦਰੁਸਤੀ ਦੀ ਖ਼ਬਰ ਰੱਖੀ ਜਾਵੇ ਅਤੇ ਆਸ਼ਾ ਵਰਕਰਾਂ ਵੱਲੋਂ ਪਿੰਡਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਸੈਪਲਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਖਾਤਮੇ ਲਈ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਸਿਹਤ ਵਿਭਾਗ ਦੇ ਡਾਕਟਰਸ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਹੁਣ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਨੂੰ ਸਫ਼ਲ ਬਨਾਉਣ ਦੇ ਲਈ ਹਰ ਤਰ੍ਹਾਂ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸੀ ਐਚ ਸੀ ਮਮਦੋਟ ਵਿਖੇ ਡਾ ਲਕਸ਼ਮੀ, ਡਾ. ਹੀਨਾ ਮੈਡੀਕਲ ਅਫਸਰਾਂ ਵਲਂੋ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ।
ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪ੍ਰਕੋਪ ਦੇ ਖੌਫ ਨੂੰ ਭੁਲਾ ਕੇ ਫੀਲਡ ਵਿਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਬੈਚ ਲਗਾ ਕੇ ਸਨਮਾਨਿਤ ਕਰਦਿਆਂ ਡਾ. ਲਕਸ਼ਮੀ, ਡਾ. ਹੀਨਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਢਲਾ ਕਾਰਜ ਹੀ ਤੰਦਰੁਸਤ ਪੰਜਾਬ ਹੈ, ਜਿਸ ਵਿਚ ਡਾਕਟਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਸ਼ਾ ਵਰਕਰਾਂ ਵੀ ਸਰਾਹਨਾਯੋਗ ਕਾਰਜ ਕਰ ਰਹੀਆਂ ਹਨ। ਉਨ੍ਹਾਂ ਸਿਹਤ ਅਮਲੇ ਨੂੰ ਹਦਾਇਤ ਕੀਤੀ ਕਿ ਸਿਹਤ ਸਹੂਲਤਾਂ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਪੰਜਾਬ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਦਾ ਲਾਹਾ ਲੈਣ ਸਕਣ।