ਸਵੱਛ ਸਰਵੇਖਣ ਤੇ ਮਸਲਿਆਂ ਨੂੰ ਲੈ ਕੇ ਕੀਤੀ ਮੀਟਿੰਗ ''ਚ ਹੋਇਆ ਹੰਗਾਮਾ
Wednesday, Jan 03, 2018 - 03:37 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ) - 4 ਜਨਵਰੀ ਤੋਂ ਹੋਣ ਵਾਲੇ ਸਵੱਛ ਸਰਵੇਖਣ ਅਤੇ ਹੋਰ ਮਸਲਿਆਂ ਨੂੰ ਲੈ ਕੇ ਮੰਗਲਵਾਰ ਨੂੰ ਨਵ-ਨਿਯੁਕਤ ਕਾਰਜਸਾਧਕ ਅਫ਼ਸਰ ਨੇ ਕੌਂਸਲਰਾਂ ਨਾਲ ਮੀਟਿੰਗ ਰੱਖੀ। ਮੀਟਿੰਗ 'ਚ ਸਾਰੇ ਮਸਲੇ ਕੌਂਸਲਰਾਂ ਦੀ ਆਪਸੀ ਸਹਿਮਤੀ ਨਾਲ ਪਾਸ ਹੋ ਗਏ ਹਾਲਾਂਕਿ ਕੁਝ ਮਸਲਿਆਂ 'ਤੇ ਕੌਂਸਲਰਾਂ ਨੇ ਨਾਂਹ-ਨੁੱਕਰ ਕੀਤੀ ਪਰ ਈ. ਓ. ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਸਵੱਛ ਸਰਵੇਖਣ ਸ਼ੁਰੂ ਹੋਣ ਵਾਲਾ ਹੈ। ਇਹ ਕੰਮ ਅਸੀਂ 26 ਦਸੰਬਰ ਤੱਕ ਪੂਰਾ ਕਰਨਾ ਸੀ।
ਈ. ਓ. ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ
ਮੀਟਿੰਗ ਦੌਰਾਨ ਸੁਭਾਸ਼ ਚੰਦਰ ਕਾਲੀ ਖੂੰਗਰ, ਬਿੰਦਰ ਸਿੰਘ, ਮੇਹਰਬਾਨ ਬਰਾੜ ਨੇ ਈ. ਓ. ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਸ਼ਹਿਰ ਦਾ ਵਿਕਾਸ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੀਟਿੰਗ ਕਰਨ ਨਾਲ ਕੁਝ ਨਹੀਂ ਹੁੰਦਾ, ਸ਼ਹਿਰ 'ਚ ਸਟਰੀਟ ਲਾਈਟਾਂ ਲਾਉਣ ਵਾਲੀਆਂ ਹਨ, ਕੇਬਲ ਤਾਰ ਬਿਜਲੀ ਵਾਲੇ ਲੈ ਗਏ।
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਹੋਇਆ ਹੰਗਾਮਾ
ਮੀਟਿੰਗ ਦੌਰਾਨ ਹੀ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਗੱਲ 'ਤੇ ਚਰਚਾ ਸ਼ੁਰੂ ਹੋਈ, ਜਿਸ ਨੂੰ ਲੈ ਕੇ ਕੌਂਸਲਰ ਦਲੀਪ ਸਿੰਘ ਅਤੇ ਸੁਖਦੇਵ ਸਿੰਘ ਬੋਲਣ ਲੱਗੇ। ਉਨ੍ਹਾਂ ਵੱਲੋਂ ਘਾਹ ਮੰਡੀ ਚੌਕ ਤੋਂ ਲੈ ਕੇ ਫਾਟਕ ਤੱਕ ਨਾਜਾਇਜ਼ ਕਬਜ਼ੇ ਹਟਾਉਣ ਦੀ ਗੱਲ ਕੀਤੀ ਗਈ। ਇਸ 'ਤੇ ਭਾਜਪਾ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਸਤਪਾਲ ਪਠੇਲਾ ਨੇ ਇਤਰਾਜ਼ ਕੀਤਾ, ਜਿਸ 'ਤੇ ਕੌਂਸਲਰ ਬੋਲਣ ਲੱਗੇ ਕਿ ਤੁਹਾਡੀ ਦੁਕਾਨ ਤਾਂ ਬਾਹਰ ਹੈ। ਕੌਂਸਲਰ ਸੁਖਦੇਵ ਸਿੰਘ ਨੇ ਨਾਜਾਇਜ਼ ਕਬਜ਼ੇ ਵਾਲਿਆਂ ਦੇ ਚਲਾਨ ਕੱਟਣ ਅਤੇ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜਣ ਦੀ ਗੱਲ ਕਹੀ ਤਾਂ ਪਠੇਲਾ ਅਤੇ ਕੌਂਸਲ ਸੁੱਖਾ ਨੇ ਇਕ-ਦੂਜੇ 'ਤੇ ਨਿੱਜੀ ਹਮਲੇ ਕਰ ਦਿੱਤੇ। ਜਿਸ ਤੋਂ ਬਾਅਦ ਗੱਲ ਹੱਥੋਂਪਾਈ ਤੱਕ ਜਾ ਪਹੁੰਚੀ ਪਰ ਮੌਕੇ 'ਤੇ ਮੌਜੂਦ ਦੂਜੇ ਕੌਂਸਲਰਾਂ ਨੇ ਮਸਲਾ ਸੰਭਾਲ ਲਿਆ।
ਕੌਂਸਲਰਾਂ ਦੀ ਵਾਈਸ ਪ੍ਰਧਾਨ ਨੂੰ ਧਮਕੀ
ਕੌਂਸਲਰਾਂ ਦੀ ਬਹਿਸ ਖਤਮ ਹੁੰਦੇ ਹੀ ਇਕ ਧਿਰ ਦੇ ਕੌਂਸਲਰਾਂ ਨੇ ਵਾਈਸ ਪ੍ਰਧਾਨ ਯਾਦਵਿੰਦਰ ਯਾਦੂ ਨੂੰ ਧਮਕੀ ਦੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਤਪਾਲ ਪਠੇਲਾ ਦੀ ਦੁਕਾਨ ਦੇ ਬਾਹਰ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ ਤਾਂ ਉਹ ਉਸ ਦੇ ਖਿਲਾਫ਼ ਮੋਰਚਾ ਖੋਲ੍ਹ ਦੇਣਗੇ ਅਤੇ ਧਰਨਾ ਲਾ ਦੇਣਗੇ। ਬਗਾਵਤ 'ਤੇ ਉਤਰ ਜਾਣਗੇ, ਜਿਸ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ, ਜਿਸ 'ਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਸਲੇ ਦਾ ਹੱਲ ਕਰਨਗੇ।
