ਖ਼ੁਸ਼ੀਆਂ ''ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰੀ ਅਣਹੋਣੀ
Saturday, Jan 04, 2025 - 05:22 PM (IST)
ਜ਼ੀਰਾ (ਮਨਜੀਤ ਢਿੱਲੋਂ, ਰਾਜੇਸ਼ ਢੰਡ)-ਜ਼ੀਰਾ ਕੋਟ ਈਸੇ ਖਾਂ ਰੋਡ 'ਤੇ ਪੈਂਦੇ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਵਿਚ ਸਕਾਰਪੀਓ ਚਾਲਕ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ। ਹਾਦਸੇ ਵਾਲੀ ਥਾਂ 'ਤੇ ਮੌਜੂਦ ਮ੍ਰਿਤਕ ਦੇ ਰਿਸ਼ਤੇਦਾਰ ਅਜਮੇਰ ਸਿੰਘ ਸੰਧੂ ਵਾਸੀ ਪਿੰਡ ਝੰਡਾ ਬੱਗਾ ਪੁਰਾਣਾ ਨੇ ਦੱਸਿਆ ਕਿ ਸਰਕਾਰਪੀਓ ਗੱਡੀ ਨੰਬਰ- ਪੀ. ਬੀ. 02ਡੀ. ਕੇ.-8644 ਚਾਲਕ ਸੁਖਵਿੰਦਰ ਸਿੰਘ ਕਾਲਾ (46) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ (ਮੱਲਾਂਵਾਲਾ) ਉਨ੍ਹਾਂ ਦਾ ਜਵਾਈ ਸੀ। ਸੁਖਵਿੰਦਰ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ (45) ਨਾਲ ਸਾਡੇ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਸਹੁਰੇ ਰਿਸ਼ਤੇਦਾਰੀ ਵਿੱਚ ਮੁੰਡੇ ਦੇ ਵਿਆਹ ਸਬੰਧੀ ਕਾਰਡ ਦੇ ਕੇ ਆਪਣੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਵਾਪਸ ਆਪਣੇ ਘਰ ਪਿੰਡ ਫੱਤੇਵਾਲਾ ਨੂੰ ਜਾਣ ਲਈ ਜ਼ੀਰਾ ਕੋਟ ਈਸੇ ਖਾਂ ਰੋਡ 'ਤੇ ਸਨ ਕਿ ਜਦੋਂ ਉਹ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਪੁੱਜੇ ਤਾਂ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਐੱਮ. ਐੱਚ. ਟੀ. ਬੱਸ ਨੇ ਕਿਸੇ ਹੋਰ ਗੱਡੀ ਨੂੰ ਓਵਰਟੇਕ ਕਰਦਿਆਂ ਸਕਾਰਪੀਓ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕਾਰਪੀਓ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਗੱਡੀ ਵਿੱਚ ਸਵਾਰ ਚਾਲਕ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੱਡੀ ਵਿਚ ਬੈਠੀ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸਾ ਹੋਣ ਉਪਰੰਤ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਧਰ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਦਰ ਜ਼ੀਰਾ ਪੁਲਸ ਮੌਕੇ 'ਤੇ ਪੁੱਜੀ ਅਤੇ ਸਾਰੇ ਘਟਨਾਕ੍ਰਮ ਤੋਂ ਜਾਣੂੰ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਦਿੱਤੀਆਂ ਗਈਆਂ ਤਰੱਕੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e