ਰਿਸ਼ਵਤ ਲੈਂਦੇ ਟ੍ਰੈਫਿਕ ਪੁਲਸ ਦੇ 2 ਏ. ਐੱਸ. ਆਈ., 2 ਪੁਲਸ ਮੁਲਾਜ਼ਮ ਤੇ ਇਕ ਹੋਮਗਾਰਡ ਸਸਪੈਂਡ

Tuesday, Mar 13, 2018 - 07:13 AM (IST)

ਰਿਸ਼ਵਤ ਲੈਂਦੇ ਟ੍ਰੈਫਿਕ ਪੁਲਸ ਦੇ 2 ਏ. ਐੱਸ. ਆਈ., 2 ਪੁਲਸ ਮੁਲਾਜ਼ਮ ਤੇ ਇਕ ਹੋਮਗਾਰਡ ਸਸਪੈਂਡ

ਜਲੰਧਰ, (ਸ਼ੋਰੀ)— ਟ੍ਰੈਫਿਕ ਪੁਲਸ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ। ਰਿਸ਼ਵਤਖੋਰ ਟ੍ਰੈਫਿਕ ਮੁਲਾਜ਼ਮਾਂ 'ਤੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਕੈਂਟਰ ਚਾਲਕ ਨਾਲ 2 ਵੱਖ-ਵੱਖ ਨਾਕਿਆਂ ਤੋਂ 500 ਰੁਪਏ ਦੀ ਵਸੂਲੀ ਕਰਨ ਵਾਲੇ 2 ਏ. ਐੱਸ. ਆਈ., 2 ਪੁਲਸ ਮੁਲਾਜ਼ਮ ਅਤੇ ਇਕ ਹੋਮਗਾਰਡ ਦੇ ਜਵਾਨ ਨੂੰ ਸਸਪੈਂਡ ਕਰਕੇ ਉਨ੍ਹਾਂ ਦੀ ਵਿਭਾਗੀ ਜਾਂਚ ਖੋਲ੍ਹ ਦਿੱਤੀ ਗਈ ਹੈ। ਪਹਿਲਾਂ ਇਨ੍ਹਾਂ ਸਾਰੇ ਪੁਲਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਬਾਅਦ ਵਿਚ ਕਿਸੇ ਤਰ੍ਹਾਂ ਮਾਮਲੇ ਨੂੰ ਠੰਡਾ ਕਰਦੇ ਹੋਏ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਕਮਿਸ਼ਨਰ ਨੂੰ 9 ਮਾਰਚ ਦੁਪਹਿਰ ਕਿਸੇ ਨੇ ਸੂਚਨਾ ਦਿੱਤੀ ਕਿ ਪੀ. ਏ. ਪੀ. ਚੌਕ ਨੇੜੇ ਟ੍ਰੈਫਿਕ ਪੁਲਸ ਵਾਲੇ ਬਾਹਰੀ ਵਾਹਨ ਚਾਲਕਾਂ ਕੋਲੋਂ ਪੈਸੇ ਲੈਂਦੇ ਹਨ। ਪੁਲਸ ਕਮਿਸ਼ਨਰ ਨੇ ਤੁਰੰਤ ਏ. ਡੀ. ਸੀ. ਪੀ. ਹੈੱਡਕੁਆਰਟਰ ਗੌਤਮ ਸਿੰਗਲਾ ਦੀ ਡਿਊਟੀ ਲਾਈ। ਪ੍ਰਾਈਵੇਟ ਕਾਰ ਵਿਚ ਏ. ਡੀ. ਸੀ. ਪੀ. ਹੈੱਡਕੁਆਰਟਰ ਪੀ. ਏ. ਪੀ. ਚੌਕ ਪਹੁੰਚੇ। ਉਥੇ ਕੈਂਟਰ ਚਾਲਕ ਨੇ ਰਿਸ਼ਵਤ ਲੈਣ ਵਾਲੇ ਮੁਲਜ਼ਮਾਂ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਲੈ ਕੇ ਏ. ਡੀ. ਸੀ. ਪੀ. ਕੈਂਟ ਥਾਣਾ ਪਹੁੰਚੇ ਅਤੇ ਉਥੇ ਕੈਂਟਰ ਚਾਲਕ ਦੇ ਬਿਆਨ ਦਰਜ ਕੀਤੇ ਗਏ। ਇਸ ਦੌਰਾਨ ਕੈਂਟਰ ਚਾਲਕ ਨੇ ਪੂਰੇ ਮਾਮਲੇ ਦਾ ਬਿਓਰਾ ਦਿੰਦੇ ਹੋਏ ਕਿਹਾ ਕਿ ਉਸ ਕੋਲੋਂ ਪਰਾਗਪੁਰ ਰੋਡ ਨੇੜੇ ਵੀ ਏ. ਐੱਸ. ਆਈ. ਗੁਲਸ਼ਨ ਦੇ ਨਾਲ ਹੈੱਡਕਾਂਸਟੇਬਲ ਮੇਹਰ ਸਿੰਘ ਨੇ ਟਰੱਕ ਨੂੰ ਰੋਕਿਆ ਅਤੇ ਚਲਾਨ ਅਤੇ ਟਰੱਕ ਜ਼ਬਤ ਕਰਨ ਦੀ ਗੱਲ ਕਹਿ ਕੇ ਡਰਾਇਆ ਤੇ ਛੱਡਣ ਦੇ ਇਵਜ਼ ਵਿਚ 200 ਰੁਪਏ ਲਏ ਸਨ। ਇਸ ਤੋਂ ਬਾਅਦ ਵਾਇਰਲੈੱਸ ਕਰ ਕੇ ਇਨ੍ਹਾਂ ਦੋਵਾਂ ਨੂੰ ਵੀ ਕੈਂਟ ਥਾਣੇ ਬੁਲਾਇਆ ਗਿਆ। ਕੈਂਟਰ ਚਾਲਕ ਨੇ ਦੱਸਿਆ ਕਿ ਪਰਾਗਪੁਰ ਨੇੜੇ 200 ਰੁਪਏ ਦੇਣ ਤੋਂ ਬਾਅਦ ਜਦੋਂ ਉਹ ਪੀ. ਏ. ਪੀ. ਚੌਕ ਕੋਲ ਪਹੁੰਚਿਆ ਤਾਂ ਉਥੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ ਸਤਨਾਮ ਸਿੰਘ ਨਾਲ ਮੌਜੂਦ ਹੈੱਡਕਾਂਸਟੇਬਲ ਸੁਖਵੰਤ ਸਿੰਘ ਅਤੇ ਹੋਮਗਾਰਡ ਦੇ ਜਵਾਨ ਜਗਜੀਤ ਸਿੰਘ ਉਰਫ ਜੰਗੀ ਨੇ ਟਰੱਕ ਚਾਲਕ ਤੋਂ ਕਾਗਜ਼ਾਤ ਮੰਗੇ ਅਤੇ ਉਸਨੂੰ ਛੱਡਣ ਦੇ ਬਦਲੇ 300 ਰੁਪਏ ਰਿਸ਼ਵਤ ਦੇ ਤੌਰ 'ਤੇ ਲਏ। ਪੂਰੇ ਮਾਮਲੇ ਵਿਚ 5 ਪੁਲਸ ਕਰਮਚਾਰੀਆਂ ਦੀ ਗਲਤੀ ਸਾਹਮਣੇ ਆਈ ਹੈ। ਦੋਵੇਂ ਏ. ਐੱਸ. ਆਈ. ਦੀ ਅਗਵਾਈ ਵਿਚ ਰਿਸ਼ਵਤ ਲੈ ਰਹੇ ਸਨ। 
ਸਾਨੂੰ ਵਗਾਰ ਪਾਉਂਦੇ ਹੋ ਤਾਂ ਹੀ ਅਸੀਂ ਪੈਸੇ ਲੈਂਦੇ ਹਾਂ ਜਨਾਬ
ਉਥੇ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ 9 ਮਾਰਚ ਨੂੰ ਹੋਈ ਵਾਰਦਾਤ ਤੋਂ ਬਾਅਦ ਪੀ. ਏ. ਪੀ. ਚੌਕ ਵਿਚ ਏ. ਐੱਸ. ਆਈ. ਸਤਨਾਮ ਸਿੰਘ ਅਤੇ ਉਸਦੇ ਸਾਥੀਆਂ ਤੋਂ ਪੁੱਛਗਿੱਛ ਹੋਣ ਤੋਂ ਬਾਅਦ ਏ. ਐੱਸ. ਆਈ. ਗੁਲਸ਼ਨ ਕੁਮਾਰ ਅਤੇ ਹੈੱਡਕਾਂਸਟਬੇਲ ਮੇਹਰ ਸਿੰਘ ਨੂੰ ਪੁਲਸ ਕਮਿਸ਼ਨਰ ਦਫਤਰ ਵਿਚ ਬੁਲਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਮੌਜੂਦ ਇਕ ਪੁਲਸ ਵਾਲੇ ਨੇ ਗੁੱਸੇ ਵਿਚ ਇਕ ਪੁਲਸ ਅਧਿਕਾਰੀ ਨੂੰ ਕਿਹਾ ਕਿ ਸਾਨੂੰ ਵਗਾਰ ਪਾਉਂਦੇ ਹੋ ਤਾਂ ਹੀ ਅਸੀਂ ਪੈਸੇ ਲੈਂਦੇ ਹਾਂ ਜਨਾਬ। ਇਸ ਗੱਲ ਕਾਰਨ ਉਕਤ ਅਧਿਕਾਰੀ ਨੂੰ ਗੁੱਸਾ ਆਇਆ ਅਤੇ ਉਸਨੇ ਤੁਰੰਤ ਪੁਲਸ ਕਮਿਸ਼ਨਰ ਨੂੰ ਸਾਰਿਆਂ ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਕਰ ਦਿੱਤੀ। ਨਤੀਜੇ ਵਜੋਂ 11 ਮਾਰਚ ਭਾਵ ਬੀਤੇ ਕੱਲ ਸਾਰਿਆਂ ਨੂੰ ਸਸਪੈਂਡ ਕਰਨ ਦੇ ਆਰਡਰ ਜਾਰੀ ਹੋਏ। 
ਆਖਿਰ ਨਾਕੇ 'ਤੇ ਹੋਮਗਾਰਡ ਦੇ ਜਵਾਨਾਂ ਦੀ ਡਿਊਟੀ ਕਿਉਂ ਲੱਗਦੀ ਹੈ 
ਟ੍ਰੈਫਿਕ ਕੰਟਰੋਲ ਕਰਨ ਲਈ ਪੰਜਾਬ ਪੁਲਸ ਜਵਾਨਾਂ ਦੀ ਸੜਕਾਂ 'ਤੇ ਡਿਊਟੀ ਲਾਉਂਦੀ ਹੈ ਪਰ ਉਨ੍ਹਾਂ ਨਾਲ ਪੰਜਾਬ ਹੋਮਗਾਰਡ ਦੇ ਜਵਾਨਾਂ ਦੀ ਡਿਊਟੀ ਕਿਉਂ ਲੱਗਦੀ ਹੈ, ਬਾਰੇ ਵੀ ਪਤਾ ਲੱਗਾ ਹੈ।  ਨਾਮ ਨਾ ਛਾਪਣ 'ਤੇ ਟ੍ਰੈਫਿਕ ਵਿਭਾਗ ਵਿਚ ਤਾਇਨਾਤ ਇਕ ਇੰਸਪੈਕਟਰ ਰੈਂਕ ਦੇ ਮੁਲਾਜ਼ਮ ਨੇ ਦੱਸਿਆ ਕਿ ਅਸਲ ਵਿਚ ਕੁਝ ਸਾਲ ਪਹਿਲਾਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਹੋਮਗਾਰਡ ਦੇ ਜਵਾਨਾਂ ਨੂੰ ਟ੍ਰੈਫਿਕ ਪੁਲਸ ਤੋਂ ਵੱਖਰਾ ਕਰ ਦਿੱਤਾ ਸੀ। ਜਿੰਨੀ ਦੇਰ ਉਕਤ ਈਮਾਨਦਾਰ ਅਧਿਕਾਰੀ ਰਿਹਾ,ਉਦੋਂ ਤੱਕ ਨਾਕੇ 'ਤੇ ਰਿਸ਼ਵਤਖੋਰੀ ਬੰਦ ਰਹੀ। ਜਿਵੇਂ ਹੀ ਉਕਤ ਅਧਿਕਾਰੀ ਦਾ ਤਬਾਦਲਾ ਹੋਇਆ ਤਾਂ ਮੁੜ ਤੋਂ ਹੋਮਗਾਰਡ ਦੇ ਜਵਾਨ ਟ੍ਰੈਫਿਕ ਪੁਲਸ ਨਾਲ ਨਾਕੇ 'ਤੇ ਆ ਗਏ। ਹੁਣ ਸੋਚਣ ਵਾਲੀ ਗੱਲ ਹੈ ਕਿ ਟ੍ਰੈਫਿਕ ਵਿਭਾਗ ਵਿਚ ਕੀ ਦਿਲਚਸਪੀ ਹੈ ਹੋਮਗਾਰਡ ਦੇ ਜਵਾਨਾਂ ਦੀ? 
ਮਲਾਈਦਾਰ ਟ੍ਰੈਫਿਕ ਪੁਆਇੰਟ ਲਈ ਲੱਗਦੀ ਹੈ ਬੋਲੀ, ਸਭ ਤੋਂ ਜ਼ਿਆਦਾ ਪਸੰਦ ਹੈ ਪੀ. ਏ. ਪੀ. ਚੌਕ
ਟ੍ਰੈਫਿਕ ਪੁਲਸ ਵਿਚ ਰਿਸ਼ਵਤਖੋਰੀ ਦਾ ਖੇਡ ਕੋਈ ਨਵਾਂ ਨਹੀਂ ਹੈ। ਕੁਝ ਮਹੀਨੇ ਪਹਿਲਾਂ ਟ੍ਰੈਫਿਕ ਪੁਲਸ ਵਿਚ ਤਾਇਨਾਤ ਇੰਸਪੈਕਟਰ ਪਿੰਦਰਜੀਤ ਸਿੰਘ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ, ਜਿਸ ਵਿਚ ਉਸ 'ਤੇ ਦੋਸ਼ ਲੱਗਾ ਸੀ ਕਿ ਉਹ ਇਕ ਟਰਾਂਸਪੋਰਟਰ ਨੂੰ ਵਗਾਰ ਪਾ ਰਿਹਾ ਸੀ। ਇਸ ਦੌਰਾਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਜਲੰਧਰ ਕਮਿਸ਼ਨਰੇਟ ਵਿਚ ਤਾਇਨਾਤ ਰਹਿ ਚੁੱਕੇ ਏ. ਡੀ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਪੀ .ਏ. ਪੀ. ਚੌਕ ਵਿਚ ਟਰੈਪ ਲਾ ਕੇ ਇਕ ਪੁਲਸ ਜਵਾਨ ਨੂੰ 500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਸੀ।
ਅਸਲ ਵਿਚ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀ. ਏ. ਪੀ. ਚੌਕ ਵਿਚ ਬਾਹਰੀ ਨੰਬਰ ਵਾਲੀਆਂ ਗੱਡੀਆਂ ਨੂੰ ਰੋਕ ਕੇ ਪੈਸੇ
ਵਸੂਲੇ ਜਾਂਦੇ ਹਨ। ਟਰੈਪ ਲਾ ਕੇ ਜਿਸ ਦੇ ਤਹਿਤ ਇਕ ਗੱਡੀ ਨੂੰ ਬਾਹਰੀ ਨੰਬਰ ਲਾ ਕੇ ਇਕ ਟ੍ਰੈਫਿਕ ਪੁਲਸ ਦੇ ਨਾਕੇ ਕੋਲੋਂ ਲੰਘਾਇਆ ਗਿਆ। ਟ੍ਰੈਫਿਕ ਜਵਾਨ ਨੇ ਰੁਟੀਨ ਵਿਚ ਗੱਡੀ ਰੋਕ ਕੇ ਕਾਗਜ਼ ਮੰਗੇ ਅਤੇ ਚਲਾਨ ਕੱਟਣ ਦੀ ਧਮਕੀ ਦੇ ਕੇ ਉਕਤ ਕਾਰ ਸਵਾਰ ਕੋਲੋਂ 500 ਰੁਪਏ ਰਿਸ਼ਵਤ ਵਜੋਂ ਲਏ।
ਇਸ ਦੌਰਾਨ ਰੰਗੇ ਹੱਥੀਂ ਕਾਬੂ ਕਰਨ ਨਾਲ ਉਸ ਪੁਲਸ ਜਵਾਨ ਨੂੰ ਸਸਪੈਂਡ ਕਰਨ ਤੋਂ ਬਾਅਦ ਉਸਦੇ ਖਿਲਾਫ ਕੇਸ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਮਲਾਈਦਾਰ ਟ੍ਰੈਫਿਕ ਪੁਆਇੰਟ ਦੀ ਬੋਲੀ ਲੱਗਦੀ ਹੈ। ਪੀ. ਏ. ਪੀ. ਚੌਕ ਮੁਲਾਜ਼ਮਾਂ ਦੀ ਪਹਿਲੀ ਪਸੰਦ ਹੁੰਦਾ ਹੈ। ਇਸ ਤੋਂ ਬਾਅਦ ਰਾਮਾ ਮੰਡੀ ਚੌਕ, ਪਠਾਨਕੋਟ ਬਾਈਪਾਸ ਰੋਡ, ਬਿਧੀਪੁਰ ਰੋਡ ਆਦਿ ਟ੍ਰੈਫਿਕ ਪੁਆਇੰਟ ਮਲਾਈਦਾਰ ਹਨ ਕਿਉਂਕਿ ਇਥੋਂ ਬਾਹਰੀ ਨੰਬਰ ਦੀਆਂ ਗੱਡੀਆਂ ਲੰਘਦੀਆਂ ਹਨ ਅਤੇ
ਕਮਾਈ ਵੀ ਟ੍ਰੈਫਿਕ ਜਵਾਨ ਮੋਟੀ ਕਰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਆਪਣੇ ਅਧਿਕਾਰੀਆਂ ਦੀ ਸੇਵਾ ਕਰਨ ਨਾਲ ਦੁਬਾਰਾ ਮਿਲਦਾ ਹੈ ਮਲਾਈਦਾਰ ਪੁਆਇੰਟ ਦਾ ਮੇਵਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਕ ਪੁਲਸ ਅਧਿਕਾਰੀ ਨੇ ਪੀ. ਏ. ਪੀ. ਚੌਕ ਵਿਚ ਆਪਣੇ ਖਾਸਮਖਾਸ ਥਾਣੇਦਾਰ ਨੂੰ ਪੱਕੇ ਤੌਰ 'ਤੇ ਤਾਇਨਾਤ ਕੀਤਾ ਹੋਇਆ ਹੈ।
ਇਕ ਡੀ. ਐੱਸ. ਪੀ. ਦੇ ਟਿੱਪਰ ਕਾਰਨ ਪੈ ਗਿਆ ਪੰਗਾ
ਸਸਪੈਂਡ ਹੋਣ ਵਾਲਿਆਂ ਵਿਚ ਸ਼ਾਮਲ ਕਰਮਚਾਰੀ ਨੇ ਦੱਸਿਆ ਕਿ ਪੁਲਸ ਅਧਿਕਾਰੀ ਤਾਂ ਉਨ੍ਹਾਂ ਦੀ ਗੱਲ ਸੁਣ ਨਹੀਂ ਰਹੇ ਹਨ ਤੇ ਉਨ੍ਹਾਂ ਨਾਲ ਅਨਿਆਂ ਹੋ ਰਿਹਾ ਹੈ। ਉਸਦਾ ਕਹਿਣਾ ਹੈ ਕਿ ਪੀ. ਏ. ਪੀ. ਕੰਪਲੈਕਸ ਵਿਚ ਤਾਇਨਾਤ ਇਕ ਡੀ. ਐੱਸ.  ਪੀ. ਜੋ ਕਿ ਸਪੋਰਟਸ ਕੋਟੇ ਵਿਚ ਭਰਤੀ ਹੈ, ਉਸਦੇ ਗਲਤ ਤਰੀਕਿਆਂ ਨਾਲ ਚੱਲਣ ਵਾਲੇ ਟਿੱਪਰਾਂ ਦਾ ਚਲਾਨ ਪੀ. ਏ. ਪੀ. ਚੌਕ ਵਿਚ ਕੱਟਣ ਨੂੰ ਲੈ ਕੇ ਉਹ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ ਅਤੇ ਉਸੇ ਨੇ ਹੀ ਨਿਰਧਾਰਿਤ ਯੋਜਨਾ ਦੇ ਤਹਿਤ ਮਨਘੜਤ ਕਹਾਣੀ ਰਚੀ ਅਤੇ ਉਨ੍ਹਾਂ ਨੂੰ ਫਸਾ ਦਿੱਤਾ। ਜੇਕਰ ਇਸ ਮਾਮਲੇ ਦੀ ਸਹੀ ਜਾਂਚ ਕਿਸੇ ਈਮਾਨਦਾਰ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ।
ਕੈਂਟਰ ਚਾਲਕ ਦੀ ਬਹਾਦਰੀ ਨਾਲ ਟ੍ਰੈਫਿਕ ਪੁਲਸ 'ਚ ਫੈਲੇ ਭ੍ਰਿਸ਼ਟਾਚਾਰ ਦਾ ਹੋਇਆ ਪਰਦਾਫਾਸ਼
ਬਾਹਰੀ ਸੂਬਿਆਂ ਦੇ ਨੰਬਰ ਵਾਲੇ ਵਾਹਨਾਂ ਨੂੰ ਖਾਲੀ ਹੱਥ ਨਹੀਂ ਜਾਣ ਦਿੰਦੀ ਟ੍ਰੈਫਿਕ ਪੁਲਸ
ਜਲੰਧਰ, (ਰਵਿੰਦਰ)- ਕੈਂਟਰ ਚਾਲਕ ਦੀ ਬਹਾਦਰੀ ਕਾਰਨ ਹੀ ਲੰਮੇ ਸਮੇਂ ਤੋਂ ਟ੍ਰੈਫਿਕ ਪੁਲਸ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਹੈ। ਬਾਹਰੀ ਸੂਬਿਆਂ ਦੇ ਵਾਹਨਾਂ 'ਤੇ ਟ੍ਰੈਫਿਕ ਪੁਲਸ ਲੰਮੇ ਸਮੇਂ ਤੋਂ ਆਪਣੀ ਨਜ਼ਰ ਰਖਦੀ ਆ ਰਹੀ ਹੈ। ਜਿਵੇਂ ਹੀ ਕਿਸੇ ਨਾਕੇ 'ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਕੋਈ ਬਾਹਰੀ ਸੂਬੇ ਦਾ ਵਾਹਨ ਆਉਂਦਾ ਨਜ਼ਰ ਆਉਂਦਾ ਹੈ ਤਾਂ ਉਹ ਦੌੜ ਕੇ ਉਸ 'ਤੇ ਟੁੱਟ ਪੈਂਦੇ ਹਨ। ਕਈ ਤਰ੍ਹਾਂ ਦੇ ਚਲਾਨ ਦਾ ਨਾਂ ਲੈ ਕੇ ਡਰਾਇਆ ਜਾਂਦਾ ਹੈ ਤੇ ਬਾਅਦ ਵਿਚ ਰਿਸ਼ਵਤ ਲੈ ਕੇ ਛੱਡ ਦਿੱਤਾ ਜਾਂਦਾ ਹੈ।
ਯੂ. ਪੀ. ਨੰਬਰ ਦੇ ਕੈਂਟਰ ਚਾਲਕ ਨਾਲ ਵੀ ਕੁਝ ਇੰਝ ਹੀ ਹੋਇਆ। ਜਿਵੇਂ ਹੀ ਕਪੂਰਥਲਾ ਜ਼ਿਲੇ ਦੀ ਹੱਦ ਪਾਰ ਕਰ ਕੇ ਉਹ ਪਰਾਗਪੁਰ ਕੋਲ ਪਹੁੰਚਿਆ ਤਾਂ ਟ੍ਰੈਫਿਕ ਪੁਲਸ ਨੇ ਉਸਨੂੰ ਘੇਰ ਲਿਆ। ਚਲਾਨ ਦਾ ਡਰ ਦਿਖਾ ਕੇ ਉਸ ਕੋਲੋਂ 200 ਰੁਪਏ ਠੱਗ ਲਏ। ਇਸੇ ਤਰ੍ਹਾਂ ਜਦੋਂ ਯੂ. ਪੀ. ਨੰਬਰ ਦਾ ਇਹ ਕੈਂਟਰ ਪੀ. ਏ. ਪੀ. ਚੌਕ ਪਹੁੰਚਿਆ ਤਾਂ ਉਸਨੂੰ ਫੇਰ ਘੇਰ ਲਿਆ ਪਰ ਕੈਂਟਰ ਚਾਲਕ ਦੀ ਬਹਾਦਰੀ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਹ ਕੈਂਟਰ ਲੈ ਕੇ ਨਹੀਂ ਗਿਆ, ਸਗੋਂ ਉਸਨੇ ਕਿਸੇ ਤਰ੍ਹਾਂ ਜਲੰਧਰ ਪੁਲਸ ਦਾ ਹੈਲਪਲਾਈਨ ਨੰਬਰ ਲੱਭਿਆ। ਪੁਲਸ ਦੀ ਹੈਲਪਲਾਈਨ ਮਿਲਦਿਆਂ ਹੀ ਉਸਨੇ ਸਾਰੀ ਗੱਲ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੂੰ ਦੱਸੀ। ਪੁਲਸ ਕਮਿਸ਼ਨਰ ਨੇ ਤੁਰੰਤ ਐਕਸ਼ਨ ਲੈਂਦਿਆਂ ਏ. ਡੀ. ਸੀ. ਪੀ. ਗੌਤਮ ਸਿੰਗਲਾ ਦੀ ਡਿਊਟੀ ਲਾਈ।
ਕੈਂਟਰ ਚਾਲਕ ਨੇ ਵੀ ਪੁਲਸ ਅਧਿਕਾਰੀ ਦਾ ਪੂਰਾ ਸਾਥ ਦਿੰਦਿਆਂ ਤੁਰੰਤ ਪ੍ਰਭਾਵ ਨਾਲ ਪੀ. ਏ. ਪੀ. ਚੌਕ ਦੇ ਬੀਟ ਬਾਕਸ ਵਿਚ ਜਾ ਕੇ ਰਿਸ਼ਵਤ ਲੈਣ ਵਾਲੇ ਪੁਲਸ ਅਧਿਕਾਰੀ ਤੇ ਮੁਲਜ਼ਮਾਂ ਦੀ ਪਛਾਣ ਕੀਤੀ। ਆਮ ਤੌਰ 'ਤੇ ਪੁਲਸ ਦਾ ਨਾਂ ਸੁਣਦਿਆਂ ਹੀ ਆਮ ਜਨਤਾ ਸ਼ਿਕਾਇਤ ਕਰਨਾ ਤਾਂ ਦੂਰ ਉਨ੍ਹਾਂ ਦੇ ਕੋਲ ਵੀ ਨਹੀਂ ਫਟਕਦੀ ਪਰ ਜਿਸ ਬਹਾਦਰੀ ਨਾਲ ਕੈਂਟਰ ਚਾਲਕ ਨੇ ਪਹਿਲਾਂ ਪੁਲਸ ਲਾਈਨ ਨੰਬਰ ਲੱਭਿਆ ਤੇ ਫਿਰ ਪੂਰੀ ਘਟਨਾ ਦੀ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦੱਸੀ। ਇਸ ਲਈ ਉਹ ਪ੍ਰਸ਼ੰਸਾ ਦਾ ਪਾਤਰ ਹੈ। ਕੈਂਟਰ ਚਾਲਕ ਵਲੋਂ ਭ੍ਰਿਸ਼ਟ ਟ੍ਰੈਫਿਕ ਪੁਲਸ ਮੁਲਾਜ਼ਮਾਂ ਦਾ ਪਰਦਾਫਾਸ਼ ਕਰਨ ਲਈ ਪੁਲਸ ਕਮਿਸ਼ਨਰ ਨੇ ਵੀ ਤਾਰੀਫ ਕੀਤੀ।


Related News