ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਦਾਅਵਾ, ਬਿੱਟੂ ਅਤੇ ਵੜਿੰਗ ਤੋਂ ਪੱਪੀ ਅੱਗੇ

05/28/2024 6:35:33 PM

ਲੁਧਿਆਣਾ (ਅਸ਼ਵਨੀ ਜੋਸ਼ੀ) : ਪੰਜਾਬ ’ਚ ਲੋਕ ਸਭਾ ਚੋਣਾਂ ਲਈ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਦੇਸ਼ ਦੇ ਵੱਡੇ-ਵੱਡੇ ਸਿਆਸਤਦਾਨ ਇਸ ਵੇਲੇ ਪੂਰੇ ਪੰਜਾਬ ’ਚ ਰੈਲੀਆਂ ਕਰ ਰਹੇ ਹਨ। ਸਭ ਤੋਂ ਵੱਡਾ ਵੱਕਾਰ ਦਾ ਸਵਾਲ ਆਮ ਆਦਮੀ ਪਾਰਟੀ ਲਈ ਬਣਿਆ ਹੋਇਆ ਹੈ, ਜਿਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ 92 ਸੀਟਾਂ ਦੇ ਕੇ ਸੱਤਾ ’ਚ ਲਿਆਂਦਾ ਸੀ। ਲੋਕ ਸਭਾ ਚੋਣਾਂ ਸਬੰਧੀ ‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਜਿਹੜਾ 2 ਸਾਲਾਂ ’ਚ ਕੰਮ ਕੀਤਾ ਹੈ, ਉਸ ਦਾ ਨਤੀਜਾ ਆਉਣ ਦਾ ਸਮਾਂ ਆ ਗਿਆ ਹੈ। ਪੇਸ਼ ਹਨ ‘ਜਗ ਬਾਣੀ’ ਨਾਲ ਇੰਟਰਵਿਊ ਦੇ ਕੁੱਝ ਖਾਸ ਅੰਸ਼।

ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿ 2 ਸਾਲਾਂ ’ਚ ਕਿਨ੍ਹਾਂ ਕੰਮਾਂ ਲਈ ਸਭ ਤੋਂ ਵੱਧ ਵੋਟ ‘ਆਪ’ ਨੂੰ ਪਵੇਗੀ?
ਜਵਾਬ : ਪਾਰਟੀ ਨੇ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਹੈ। ਸੂਬੇ ਦੇ ਲੋਕਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ ਬਣਾਏ ਗਏ ਹਨ। ਬਿਜਲੀ ਮੁਫ਼ਤ ਹੋਣ ਕਾਰਨ ਗਰੀਬ ਵਿਅਕਤੀ ਨੂੰ ਜੋ ਪੈਸੇ ਬਚ ਰਹੇ ਹਨ, ਉਹ ਆਪਣੇ ਬੱਚਿਆਂ ਦੀ ਪੜ੍ਹਾਈ, ਸਿਹਤ ਜਾਂ ਹੋਰ ਕੰਮਾਂ ’ਤੇ ਲਾ ਸਕਦਾ ਹੈ। ਲੁਧਿਆਣਾ ’ਚ ਲੰਬੇ ਚਿਰਾਂ ਤੋਂ ਅਟਕਿਆ ਐਲੀਵੇਟਿਡ ਰੋਡ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ, ਇਸ ਨਾਲ ਆਮ ਜਨਤਾ ਨੂੰ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦਾ ਈ. ਐੱਸ. ਆਈ. ਹਸਪਤਾਲ 1970 ਦਾ ਬਣਿਆ ਹੋਇਆ ਸੀ ਅਤੇ ਮੈਂ ਖੁਦ ਜਾ ਕੇ ਕੇਂਦਰ ਸਰਕਾਰ ਨਾਲ ਇਸ ਬਾਰੇ ਗੱਲ ਕੀਤੀ। ਇਸ ਦੇ ਲਈ 9 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਗਈ। ਇਸ ਕਾਰਨ ਹੁਣ ਈ. ਐੱਸ. ਆਈ. ਹਸਪਤਾਲ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਲਵਾਰਾ ਹਵਾਈ ਅੱਡੇ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਾ ਹੈ। ਰੇਲਵੇ ਸਟੇਸ਼ਨ ਦੇ ਰੀ-ਮੈਪ ਹੋਣ ’ਤੇ ਵੀ 500 ਕਰੋੜ ਰੁਪਿਆ ਲਾਇਆ ਗਿਆ ਹੈ। ਕਾਰੋਬਾਰੀਆਂ ਦੀ ਪੁਰਾਣੀ ਮੰਗ ਸੀ ਕਿ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਜਿਨ੍ਹਾਂ ਨੂੰ ਨਵਾਂ ਬਣਾ ਦਿੱਤਾ ਗਿਆ ਹੈ।

ਸਵਾਲ : ਵਿਕਾਸ ਨੂੰ ਲੈ ਕੇ ਵਿਰੋਧੀ ਧਿਰ ‘ਆਪ’ ’ਤੇ ਸਵਾਲ ਉਠਾਉਂਦੀ ਹੈ ਕਿ ਵਿਕਾਸ ਸਿਰਫ ਨਾਂ ਦਾ ਹੀ ਹੋਇਆ ਹੈ?
ਜਵਾਬ : ਜਦੋਂ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਸ ਸਮੇਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਪਹਿਲੇ 2 ਸਾਲਾਂ ’ਚ ਪਹਿਲਾਂ ਤੋਂ ਚਲਦੇ ਸਾਰੇ ਕੰਮ ਖ਼ਤਮ ਕਰ ਰਹੇ ਹਾਂ। ਅਸੀਂ ਇਸ ਗੱਲ ਦੀ ਉਡੀਕ ਨਹੀਂ ਕਰ ਰਹੇ ਕਿ 5 ਸਾਲਾਂ ਬਾਅਦ ਚੋਣਾਂ ਹੋਣਗੀਆਂ ਤਾਂ ਅਸੀਂ ਕੰਮ ਕਰਾਂਗੇ। ਜ਼ਿਲੇ ’ਚ 21 ਕਿਲੋਮੀਟਰ ਸਾਈਕਲ ਟਰੈਕ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ, ਜੋ ਕਿ ਅੱਜ ਤੱਕ ਕਿਸੇ ਸ਼ਹਿਰ ’ਚ ਨਹੀਂ ਹੋਇਆ। ਇਸ ਤੋਂ ਇਲਾਵਾ ਜ਼ਿਲੇ ਦੀ ਸਿੱਧਵਾਂ ਕੈਨਾਲ ’ਚ 4 ਫਲਾਈਓਵਰਾਂ ਦੀ ਮਨਜ਼ੂਰੀ ਲਈ ਗਈ ਹੈ। ਨਵੇਂ ਪ੍ਰਾਜੈਕਟਾਂ ਦੇ ਨਾਲ-ਨਾਲ ਪੁਰਾਣੇ ਚੱਲ ਰਹੇ ਪ੍ਰਾਜੈਕਟਾਂ ਦਾ ਕੰਮ ਖ਼ਤਮ ਕਰਨਾ ਵੀ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ :  ਪੁਲਸ ਮੁਖੀ ਨੇ ਨਹੀਂ ਦਿੱਤੀ ਸੁਰੱਖਿਆ ਨਾਲ ਪਏ ਵਿੱਤੀ ਬੋਝ ਦੀ ਰਿਪੋਰਟ, ਹਾਈਕੋਰਟ ਸਖ਼ਤ

ਸਵਾਲ : ਜੋ ਵਿਜ਼ਨ ਤੁਸੀਂ ਲੁਧਿਆਣਾ ਲਈ ਦੇਖਿਆ ਸੀ, ਉਹ ਕਿੰਨਾ ਪੂਰਾ ਹੋਇਆ ਹੈ?
ਜਵਾਬ : ਮੈਨੂੰ ਬਹੁਤ ਸੰਤੁਸ਼ਟੀ ਹੈ। ਨੈਸ਼ਨਲ ਹਾਈਵੇਅ ਦੇ ਚੱਲ ਰਹੇ ਪ੍ਰਾਜੈਕਟ, ਈ. ਐੱਸ. ਆਈ. ਹਸਪਤਾਲ, ਰੇਲਵੇ ਸਟੇਸ਼ਨ, ਫੋਕਲ ਪੁਆਇੰਟ ਦੀਆਂ ਸੜਕਾਂ, ਹਲਵਾਰਾ ਏਅਰਪੋਰਟ, 2 ਸਾਲਾਂ ’ਚ ਮੈਂ ਜਿੰਨਾ ਕੰਮ ਕੀਤਾ ਹੈ ਅਤੇ ਜਿੰਨਾ ਮੈਂ ਕਰ ਸਕਦਾ ਸੀ, ਕੋਸ਼ਿਸ਼ ਕੀਤੀ ਹੈ ਕਿ ਇਸ ਤੋਂ ਵੱਧ ਹੀ ਕਰਾਂ।

ਸਵਾਲ : ਆਮ ਤੌਰ ’ਤੇ ਸਿਆਸਤਦਾਨ ਕਹਿੰਦੇ ਹਨ ਕਿ ਕੇਂਦਰ ਤੋਂ ਕੰਮ ਕਰਵਾਉਣਾ ਬਹੁਤ ਔਖਾ ਹੁੰਦਾ ਹੈ ਜਾਂ ਫਿਰ ਸੌਖਾ ਹੋ ਜਾਂਦਾ ਹੈ?
ਜਵਾਬ : ਕੇਂਦਰ ਸਰਕਾਰ ਕੋਲ ਵੀ ਸੂਬਿਆਂ ਦਾ ਹੀ ਪੈਸਾ ਹੈ। ਟੈਕਸ ਹਰ ਸੂਬੇ ਨੇ ਦੇਣਾ ਹੈ ਤਾਂ ਹੀ ਕੇਂਦਰ ਕੋਲ ਪੈਸੇ ਪੁੱਜਦੇ ਹਨ। ਉਹ ਹੀ ਪੈਸੇ ਕੇਂਦਰ, ਸੂਬਿਆਂ ਨੂੰ ਦਿੰਦਾ ਹੈ। ਜਿਸ ਸੂਬੇ ਦਾ ਜੋ ਹੱਕ ਬਣਦਾ ਹੈ, ਕੇਂਦਰ ਨੂੰ ਉਹ ਦੇਣਾ ਹੀ ਪਵੇਗਾ। ਸਭ ਕੁਝ ਨਿਯਮ ਮੁਤਾਬਕ ਚਲਦਾ ਹੈ।

ਸਵਾਲ : ਲੁਧਿਆਣਾ ’ਚ ਪਾਰਟੀ ਦਾ ਮੁਕਾਬਲਾ ਕਿਸ ਨਾਲ ਨਜ਼ਰ ਆ ਰਿਹਾ ਹੈ?
ਜਵਾਬ : ਮੇਰੇ ਹਿਸਾਬ ਨਾਲ ਤਾਂ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ।ਸਵਾ

ਸਵਾਲ : ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਟੱਕਰ ਦੇ ਰਹੇ ਹਨ?
ਜਵਾਬ :
ਦੇਖੋ, ਹਰ ਬੰਦਾ ਆਪਣੀ ਕੋਸ਼ਿਸ਼ ਕਰਦਾ ਹੈ। ਜਿਹੜਾ ਚੋਣ ਮੈਦਾਨ ’ਚ ਖੜ੍ਹਾ ਹੋਵੇਗਾ, ਉਸ ਨੇ ਪੂਰੀ ਕੋਸ਼ਿਸ਼ ਕਰਨੀ ਹੈ। ਅਸੀਂ ਤਾਂ ਸਿਰਫ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਡੇ ਕੰਮ ਦੇਖਣ ਅਤੇ ਉਸ ਹਿਸਾਬ ਨਾਲ ਵੋਟ ਪਾਉਣ।

ਇਹ ਖ਼ਬਰ ਵੀ ਪੜ੍ਹੋ : ਪ੍ਰਸ਼ਾਸਨ ਵੱਲੋਂ ਬਜ਼ੁਰਗ ਤੇ ਸਰੀਰਕ ਤੌਰ ਉੱਪਰ ਅਸਮਰੱਥ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ 

ਸਵਾਲ : ਆਮ ਲੋਕ ਸੋਸ਼ਲ ਮੀਡੀਆ ’ਤੇ ਸਵਾਲ ਕਰਦੇ ਹਨ ਕਿ ਰਾਜ ਸਭਾ ਮੈਂਬਰ ਇਸ ਵਾਰ ਪ੍ਰਚਾਰ ਤੋਂ ਕਾਫੀ ਹੱਦ ਤੱਕ ਦੂਰ ਰਹੇ?
ਜਵਾਬ :
ਇਹ ਗਲਤ ਪ੍ਰਚਾਰ ਹੋ ਰਿਹਾ ਹੈ। ਪਾਰਟੀ ਮੈਨੂੰ ਜੋ ਕੰਮ ਦਿੰਦੀ ਹੈ, ਮੈਂ ਕਰਦਾ ਹਾਂ। ਜੇ ਮੈਨੂੰ ਪ੍ਰਚਾਰ ਦਾ ਕਿਹਾ ਜਾਵੇਗਾ ਤਾਂ ਮੈਂ ਪ੍ਰਚਾਰ ਵੀ ਕਰਾਂਗਾ। ਸਿਰਫ ਪ੍ਰਚਾਰ ਹੀ ਇਕੱਲਾ ਕੰਮ ਨਹੀਂ ਹੁੰਦਾ। ਜੇਕਰ ਸਾਰੇ ਹੀ ਪ੍ਰਚਾਰ ਵੱਲ ਲੱਗ ਜਾਣ ਤਾਂ ਬਾਕੀ ਕੰਮ ਵੀ ਤਾਂ ਹੁੰਦੇ ਹਨ। ਜੋ ਪਾਰਟੀ ਨੇ ਕੰਮ ਦਿੱਤਾ ਹੈ, ਉਹ ਮੈਂ ਕੀਤਾ ਹੈ। ਪਹਿਲਾਂ ਵੀ ਕੀਤਾ ਹੈ, ਹੁਣ ਵੀ ਕਰ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ।

ਸਵਾਲ : ਔਰਤਾਂ ਨੂੰ 1000 ਰੁਪਿਆ ਦੇਣ ਵਾਲੇ ਮੁੱਦੇ ’ਤੇ ਬੀਬੀਆਂ ਸਵਾਲ ਕਰਦੀਆਂ ਹਨ, ਇਹ ਡਿਮਾਂਡ ਕਦੋਂ ਪੂਰੀ ਹੋਵੇਗੀ?
ਜਵਾਬ :
1000 ਰੁਪਏ ਨਾਲੋਂ ਤਾਂ ਕਿਤੇ ਵੱਧ ਮਿਲ ਗਿਆ। ਬਿਜਲੀ ਦਾ ਬਿੱਲ ਜੇਕਰ ਕਿਸੇ ਦਾ ਮਹੀਨੇ ਦਾ 3-4 ਹਜ਼ਾਰ ਵੀ ਬਚ ਗਿਆ ਤਾਂ ਇਹ ਸਾਲ ਦਾ 50-60 ਹਜ਼ਾਰ ਹੈ। ਇਹ ਵੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਰ ਦੇਵਾਂਗੇ। ਜਿਹੜੇ ਚੋਣਾਂ ਦੇ ਵਾਅਦੇ ਹੁੰਦੇ ਹਨ, ਕਈ ਤਾਂ ਉਸੇ ਵੇਲੇ ਪੂਰੇ ਹੋ ਜਾਂਦੇ ਹਨ, ਕਈ 6 ਮਹੀਨੇ ਬਾਅਦ, ਕਈ ਸਾਲ ਬਾਅਦ, ਕਈ 2 ਸਾਲਾਂ ਬਾਅਦ। ਇਹ ਨਹੀਂ ਕਿ ਸਾਰੇ ਵਾਅਦੇ ਉਸੇ ਵੇਲੇ ਪੂਰੇ ਹੋ ਜਾਂਦੇ ਹਨ। ਇਹ ਵਾਅਦਾ ਵੀ ਪੂਰਾ ਹੋ ਜਾਵੇਗਾ।

ਸਵਾਲ : ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਇਥੇ ਪ੍ਰਚਾਰ ਦੌਰਾਨ ਸਭ ਤੋਂ ਵੱਧ ਨਿਸ਼ਾਨੇ ’ਤੇ ‘ਆਪ’ ਨੂੰ ਰੱਖਿਆ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਾਗਜ਼ੀ ਨੇ, ਇਸ ਬਿਆਨ ਨੂੰ ਕਿਵੇਂ ਦੇਖਦੇ ਹੋ?
ਜਵਾਬ :
ਕਹਿਣ ਨਾਲ ਕੋਈ ਕਾਗਜ਼ੀ ਨਹੀਂ ਬਣ ਜਾਂਦਾ। ਜਿਹੜੇ ਫੈਸਲੇ ਉਨ੍ਹਾਂ ਨੇ ਲੈਣੇ ਹਨ, ਉਹ ਆਪ ਲੈਂਦੇ ਹਨ ਅਤੇ ਜੇਕਰ ਕਈ ਫੈਸਲੇ ਉਹ ਕੈਬਨਿਟ ਦੀ ਸਲਾਹ ਕਰ ਕੇ ਲੈਂਦੇ ਹਨ ਤਾਂ ਇਹਦੇ ’ਚ ਕੀ ਮਾੜੀ ਗੱਲ ਹੈ। ਪ੍ਰਧਾਨ ਮੰਤਰੀ ਜੀ ਵੀ ਤਾਂ ਕੈਬਨਿਟ ਬੁਲਾਉਂਦੇ ਹਨ, ਉਥੇ ਵੀ ਫੈਸਲੇ ਹੁੰਦੇ ਹਨ। ਜਿਹੜੇ ਭਾਜਪਾ ਵਾਲੇ ਸੂਬੇ ਹਨ, ਉਹ ਵੀ ਪ੍ਰਧਾਨ ਮੰਤਰੀ ਜੀ ਨਾਲ ਸਲਾਹ ਕਰਦੇ ਹਨ। ਸਲਾਹ ਕਰਨ ’ਚ ਕੋਈ ਬੁਰਾ ਨਹੀਂ ਹੁੰਦਾ। ਸਲਾਹ ਨੂੰ ਅਸੀਂ ਇਹ ਨਾ ਕਹੀਏ ਕਿ ਹੁਕਮ ਆਉਂਦਾ ਹੈ।

ਸਵਾਲ : ਕਹਿੰਦੇ ਹਨ ਕਿ ਪੰਜਾਬ ’ਚੋਂ ਇੰਡਸਟਰੀ ਪਲਾਇਨ ਕਰ ਗਈ ਹੈ। ਇਸ ਬਿਆਨ ’ਚ ਕਿੰਨੀ ਕੁ ਸੱਚਾਈ ਹੈ?
ਜਵਾਬ : ਦੇਖੋ, ਜਿਹੜੀ ਸਮਾਲ ਤੇ ਮੀਡੀਆ ਇੰਡਸਟਰੀ ਹੈ, ਇਹ ਕਿਤੇ ਨਹੀਂ ਜਾਂਦੀ। ਇਨ੍ਹਾਂ ਨੇ ਇੱਥੇ ਹੀ ਰਹਿਣਾ ਹੈ ਕਿਉਂਕਿ ਇਕ ਤਾਂ ਪੰਜਾਬ ਦਾ ਮਾਹੌਲ ਬੜਾ ਵਧੀਆ ਹੈ, ਇਥੇ ਲੇਬਰ ਦੀ ਕਮੀ ਨਹੀਂ ਹੈ। ਉਹ ਇਥੇ ਹੀ ਰਹਿ ਕੇ ਖ਼ੁਸ਼ ਹਨ। ਜੇਕਰ ਕੋਈ ਬਹੁਤ ਵੱਡਾ ਕਾਰੋਬਾਰੀ ਹੈ, ਉਸ ਨੂੰ ਕਿਤੇ ਜ਼ਮੀਨ ਮੁਫ਼ਤ ਮਿਲ ਜਾਵੇਗੀ ਜਾਂ ਹੋਰ ਸਹੂਲਤਾਂ ਮਿਲ ਜਾਣਗੀਆਂ ਤਾਂ ਸ਼ਾਇਦ ਉਹ ਚਲੇ ਜਾਣਗੇ ਕਿਉਂਕਿ ਉਨ੍ਹਾਂ ਦੀ ਇੰਡਸਟਰੀ ਇੰਨੀ ਵੱਡੀ ਹੁੰਦੀ ਹੈ ਅਤੇ ਬੈਨੀਫਿੱਟ ਦਾ ਸਾਈਜ਼ ਵੀ ਬਹੁਤ ਵੱਡਾ ਹੁੰਦਾ ਹੈ। ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਬਿਜਲੀ ਬਰਾਬਰ ਰੇਟ ’ਤੇ ਰੱਖਾਂਗੇ ਅਤੇ ਬਾਕੀ ਸਹੂਲਤਾਂ ਵੀ ਦੇਵਾਂਗੇ ਤਾਂ ਟਾਟਾ ਸਟੀਲ ਇੱਥੇ ਆ ਗਿਆ। ਹੁਣ ਬਾਹਰੋਂ ਜਿਹੜੀ ਵੱਡੀ ਇੰਡਸਟਰੀ ਹੈ, ਉਹ ਵੀ ਇਥੇ ਆ ਰਹੀ ਹੈ ਕਿਉਂਕਿ ਸਰਕਾਰ ਉੁਨ੍ਹਾਂ ਦਾ ਧਿਆਨ ਰੱਖ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਵਾਲੇ ਮਸਲੇ ’ਤੇ ਖੁੱਲ੍ਹ ਕੇ ਬੋਲੇ ਚਰਨਜੀਤ ਸਿੰਘ ਚੰਨੀ

ਸਵਾਲ : ਲੋਕ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਕੀ ਨਜ਼ਰ ਆਉਂਦੀ ਹੈ, ਆਮ ਆਦਮੀ ਪਾਰਟੀ ਇਸ ਵੇਲੇ ਕਿੰਨੀਆਂ ਕੁ ਸੀਟਾਂ ’ਤੇ ਖੜ੍ਹੀ ਹੈ?
ਜਵਾਬ : ਖੜ੍ਹੇ ਤਾਂ ਅਸੀਂ 13 ’ਤੇ ਹੀ ਹਾਂ। ਸਾਡੇ ਹਿਸਾਬ ਨਾਲ ਤਾਂ ਸਾਰੀਆਂ ਹੀ ਸੀਟਾਂ ਆਉਣੀਆਂ ਚਾਹੀਦੀਆਂ ਹਨ। ਬਾਕੀ ਹੁਣ 4 ਜੂਨ ਨੂੰ ਪਤਾ ਲੱਗੇਗਾ।

ਸਵਾਲ : ਜਿਸ ਤਰੀਕੇ ਨਾਲ ਫੇਰਬਦਲ ਹੋਇਆ ਹੈ, ਲੱਗਦਾ ਹੈ ਕਿ ਇਸ ਦਾ ਜਨਤਾ ’ਤੇ ਅਸਰ ਹੋਇਆ ਹੈ?
ਜਵਾਬ :
ਮੇਰੇ ਹਿਸਾਬ ਨਾਲ ਜਲਦੀ-ਜਲਦੀ ਪਾਰਟੀ ਬਦਲਣੀ ਮਾੜੀ ਗੱਲ ਹੈ। ਮੈਂ ਤਾਂ ਇਹ ਹੀ ਕਹਾਂਗਾ ਕਿ ਜੇਕਰ ਤੁਸੀਂ ਇਕ ਪਾਰਟੀ ’ਚ ਹੋ ਤਾਂ ਉਸ ’ਚ ਹੀ ਰਹੋ। ਕਿਸੇ ਲਈ ਵੀ ਬਹੁਤਾ ਫੇਰਬਦਲ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਇਕ ਪਾਰਟੀ ’ਚ ਘੱਟੋ-ਘੱਟ ਕੁੱਝ ਸਮਾਂ ਤਾਂ ਕੱਢੋ। ਜੇਕਰ ਬਿਲਕੁਲ ਹੀ ਤੁਸੀਂ ਉਸ ਪਾਰਟੀ ਤੋਂ ਨਾਰਾਜ਼ ਹੋ ਜਾਂਦੇ ਹੋ, ਇਹ ਹੋਰ ਗੱਲ ਹੈ ਪਰ ਹਰ ਤੀਜੇ-ਛੇਵੇਂ ਮਹੀਨੇ ਪਾਰਟੀ ਬਦਲੀ ਜਾਵੇ, ਇਹ ਕੋਈ ਠੀਕ ਨਹੀਂ ਹੈ।

ਸਵਾਲ : ਪ੍ਰਧਾਨ ਮੰਤਰੀ ਮੋਦੀ ਨੇ ‘ਇੰਡੀਆ’ ਗੱਠਜੋੜ ’ਤੇ ਵੀ ਸਵਾਲ ਉਠਾਏ ਹਨ ਕਿ ਬਾਰਡਰ ਪਾਰ ਕਰਦੇ ਹੀ ਜੱਫੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ?
ਜਵਾਬ : ਇਹ ਫੈਸਲੇ ਉੱਪਰਲੇ ਲੈਵਲ ’ਤੇ ਲਏ ਜਾਂਦੇ ਹਨ। ਕੁਝ ਮਜਬੂਰੀਆਂ ਹੁੰਦੀਆਂ ਹਨ ਅਤੇ ਕਈ ਵਾਰ ਲੋਕਲ ਲੀਡਰ ਨਹੀਂ ਮੰਨਦੇ। ਮੈਂ ਇਸ ’ਚ ਸ਼ਾਮਲ ਨਹੀਂ ਹਾਂ। ਮੈਂ ਇਸ ’ਤੇ ਜਵਾਬ ਨਹੀਂ ਦੇਣਾ ਚਾਹੁੰਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਪਾਰਟੀ ਨੂੰ ਲੋਕਲ ਲੀਡਰਾਂ ਦੀ ਵੀ ਸੁਣਨੀ ਪੈਂਦੀ ਹੈ।

ਸਵਾਲ : ਜਦੋਂ ਤੁਸੀਂ ਬਿਜ਼ਨੈੱਸਮੈਨ ਤੋਂ ਸਿਆਸਤਦਾਨ ਬਣੇ ਤਾਂ ਤੁਹਾਨੂੰ 2 ਸਾਲ ’ਚ ਆਪਣੇ ’ਚ ਕੀ ਬਦਲਾਅ ਨਜ਼ਰ ਆਇਆ?
ਜਵਾਬ : ਮੈਂ ਦੋਵੇਂ ਕੰਮ ਕਰਦਾ ਹਾਂ। ਮੈਂ ਆਪਣਾ ਕਾਰੋਬਾਰ ਵੀ ਦੇਖਦਾ ਹਾਂ ਅਤੇ ਜਿੰਨਾ ਕੰਮ ਹੋ ਸਕੇ, ਕਰਦਾ ਹਾਂ। ਮੈਂ ਸਿਆਸਤ ਘੱਟ ਕਰਦਾ ਹਾਂ ਅਤੇ ਕੰਮ ਜ਼ਿਆਦਾ ਕਰਦਾ ਹਾਂ। ਜੋ ਲੁਧਿਆਣਾ ਜ਼ਿਲੇ ਅਤੇ ਪੰਜਾਬ ਦੇ ਮੁੱਦੇ ਹੁੰਦੇ ਹਨ, ਮੈਂ ਸੰਸਦ ’ਚ ਚੁੱਕਦਾ ਹਾਂ। ਜੋ ਬੈਸਟ ਕਰ ਸਕਦਾ ਹਾਂ, ਮੈਂ ਕਰਦਾ ਹਾਂ।

ਇਹ ਖ਼ਬਰ ਵੀ ਪੜ੍ਹੋ :  ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ ਏ : ਭਗਵੰਤ ਮਾਨ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News