ਸਹੁਰਿਆਂ ਤੇ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਆਤਮਹੱਤਿਆ

Thursday, Apr 05, 2018 - 05:02 AM (IST)

ਸਹੁਰਿਆਂ ਤੇ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਆਤਮਹੱਤਿਆ

ਅਜਨਾਲਾ,   (ਰਮਨਦੀਪ)-  ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਪਿੰਡ ਬੱਲੜਵਾਲ ਦੇ ਵਸਨੀਕ ਇਕ ਨੌਜਵਾਨ ਵੱਲੋਂ ਬੀਤੇ ਕੱਲ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਘਲ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਫੁੰਮਣ ਸਿੰਘ ਦੇ ਭਰਾ ਮੁਖਤਾਰ ਸਿੰਘ ਤੇ ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੁੰਮਣ ਸਿੰਘ ਦਾ 3 ਮਹੀਨੇ ਪਹਿਲਾਂ ਮਨਜੀਤ ਕੌਰ ਪੁੱਤਰੀ ਨਾਨਕ ਸਿੰਘ ਵਾਸੀ ਡੱਲਾ ਰਾਜਪੂਤਾਂ ਨਾਲ ਵਿਆਹ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੋਵਾਂ ਪਤੀ-ਪਤਨੀ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਮਨਜੀਤ ਕੌਰ ਝਗੜਾ ਕਰ ਕੇ ਆਪਣੇ ਪੇਕੇ ਘਰ ਚਲੀ ਗਈ, ਜਿਸ ਨੂੰ ਲੈਣ ਲਈ ਕੱਲ ਮੇਰਾ ਭਰਾ ਫੁੰਮਣ ਸਿੰਘ ਗਿਆ ਤਾਂ ਉਥੇ ਮੌਜੂਦ ਉਸ ਦੇ ਸਹੁਰਾ ਨਾਨਕ ਸਿੰਘ, ਸੱਸ ਕੰਤੀ ਕੌਰ, ਸਾਲਾ ਬਲਦੇਵ ਸਿੰਘ ਤੇ ਪਤਨੀ ਮਨਜੀਤ ਕੌਰ ਨੇ ਉਸ ਨੂੰ ਕਾਫੀ ਬੁਰਾ-ਭਲਾ ਬੋਲਿਆ ਅਤੇ ਤਾਅਨੇ-ਮਿਹਣੇ ਦਿੱਤੇ, ਜਿਸ ਦੀ ਸੂਚਨਾ ਫੁੰਮਣ ਸਿੰਘ ਨੇ ਮੈਨੂੰ ਫੋਨ 'ਤੇ ਦਿੰਦਿਆਂ ਕਿਹਾ ਕਿ ਮੈਂ ਇਨ੍ਹਾਂ ਸਾਰਿਆਂ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਮਰਨ ਲੱਗਾ ਹਾਂ ਅਤੇ ਥੋੜ੍ਹੇ ਸਮੇਂ ਬਾਅਦ ਹੀ ਉਸ ਨੇ ਜ਼ਹਿਰੀਲੀ ਵਸਤੂ ਖਾ ਲਈ। ਜਦ ਮੈਂ ਜਲਦੀ-ਜਲਦੀ 'ਚ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਦੇ ਸਹੁਰੇ ਪਿੰਡ ਡੱਲਾ ਰਾਜਪੂਤਾਂ ਪਹੁੰਚਿਆ ਤਾਂ ਉਸ ਨੇ ਜ਼ਹਿਰੀਲੀ ਵਸਤੂ ਨਿਘਲ ਲਈ ਸੀ, ਜਿਸ ਨੂੰ ਤੁਰੰਤ ਅਸੀਂ ਇਕ ਵਾਹਨ ਰਾਹੀਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ, ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਦ ਥਾਣਾ ਅਜਨਾਲਾ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਖਤਾਰ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਤੋਂ ਇਲਾਵਾ ਸਹੁਰੇ ਨਾਨਕ ਸਿੰਘ, ਸੱਸ ਕੰਤੀ ਕੌਰ ਤੇ ਸਾਲੇ ਬਲਦੇਵ ਸਿੰਘ ਵਾਸੀ ਡੱਲਾ ਰਾਜਪੂਤਾਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Related News