ਕਡ਼ਾ ਪਹਿਨਣ ’ਤੇ ਅਧਿਆਪਕ ਨੇ  ਬੋਲੇ ਅਪਸ਼ਬਦ, ਪੁਲਸ ਤੋਂ ਕੁਟਵਾਇਆ

07/17/2018 5:52:48 AM

ਚੰਡੀਗਡ਼੍ਹ, (ਰਸ਼ਮੀ ਰੋਹਿਲਾ)- ਖ਼ਰਾਬ ਨਤੀਜੇ ਦਾ ਕਲੰਕ ਹਾਲੇ ਚੰਡੀਗਡ਼੍ਹ ਸਿੱਖਿਆ ਵਿਭਾਗ  ਦੇ ਮੱਥੇ ਤੋਂ ਮਿਟ ਵੀ ਨਹੀਂ ਸਕਿਆ ਸੀ ਕਿ ਸੋਮਵਾਰ ਨੂੰ ਇਕ ਅਤਿ ਬੁਰੀ ਘਟਨਾ  ਹੋਰ ਵਾਪਰ ਗਈ। ਦਰੀਆ ਪਿੰਡ ਦੇ ਸਰਕਾਰੀ ਹਾਈ ਸਕੂਲ ’ਚ ਖੂਬ ਹੰਗਾਮਾ ਹੋਇਆ।  10ਵੀਂ ਜਮਾਤ ’ਚ ਪਡ਼੍ਹਨ ਵਾਲੇ ਇਕ ਵਿਦਿਆਰਥੀ ਨੂੰ ਪੁਲਸ ਕਾਂਸਟੇਬਲ ਵਲੋਂ ਕੁਟਵਾਉਣ ਦਾ ਦੋਸ਼ ਲਾਉਂਦੇ ਹੋਏ ਉਸਦੇ ਮਾਪੇ ਸਕੂਲ ਆ ਪਹੁੰਚੇ। ਵਿਦਿਆਰਥੀ ਹੱਥ ’ਚ ਲੋਹੇ ਦਾ ਕਡ਼ਾ ਪਹਿਨ ਕੇ ਸਕੂਲ  ਆਉਂਦਾ ਸੀ। ਕਲਾਸ ਅਧਿਆਪਕ ਨੇ ਉਸਨੂੰ ਕਈ ਵਾਰ ਟੋਕਿਆ ਵੀ ਪਰ ਇਸਦੇ ਬਾਵਜੂਦ ਵਿਦਿਆਰਥੀ ਫਿਰ ਕਡ਼ਾ ਪਹਿਨ ਕੇ ਆ ਗਿਆ, ਜਦੋਂ ਅਧਿਆਪਕ  ਨੇ ਕਡ਼ਾ ਉਤਾਰ ਕੇ ਦੇਣ ਲਈ ਕਿਹਾ ਤਾਂ ਵਿਦਿਆਰਥੀ ਨੇ ਉਤਾਰ ਕੇ ਆਪਣੀ ਜੇਬ ਵਿਚ ਪਾ ਲਿਆ। ਅਧਿਆਪਕ ਵਿਕਾਸ ਨੇ ਉਸ ਤੋਂ ਕਡ਼ਾ ਲਿਆ ਤਾਂ ਉਸਨੇ ਕਿਹਾ ਕਿ ਜੇਕਰ ਕਡ਼ਾ ਵਾਪਸ ਨਾ ਦਿੱਤਾ ਤਾਂ ਮੈਂ ਤੁਹਾਨੂੰ ਦੇਖ ਲਵਾਂਗਾ। ਅਧਿਆਪਕ ਵਿਦਿਆਰਥੀ ਨੂੰ ਲੈ ਕੇ ਪ੍ਰਿੰਸੀਪਲ ਕੋਲ ਲੈ ਗਿਆ ਅਤੇ ਪ੍ਰਿੰਸੀਪਲ ਨੂੰ ਆਪਣੀ ਅਰਜ਼ੀ ਲਿਖ ਕੇ ਦਿੱਤੀ ਕਿ ਵਿਦਿਆਰਥੀ ਦਾ ਸੁਭਾਅ ਠੀਕ ਨਹੀਂ ਹੈ,  ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਦੋਂ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਗੱਲ ਇੰਨੀ ਵਧ ਗਈ ਕਿ ਸਕੂਲ ’ਚ ਪੁਲਸ ਬੁਲਾਉਣੀ ਪਈ। ਉਥੇ ਹੀ ਮਾਪਿਆਂ ਦਾ ਕਹਿਣਾ ਹੈ ਕਿ ਪੁਲਸ ਕਾਂਸਟੇਬਲ ਨੂੰ ਸਕੂਲ ’ਚ ਸੱਦ ਕੇ ਵਿਦਿਆਰਥੀ ਨੂੰ ਕੁਟਵਾਇਆ ਗਿਆ। ਵਿਜੇ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਡ਼ਾ ਉਤਾਰਨਾ ਭੁੱਲ ਗਿਆ। ਸੋਮਵਾਰ ਨੂੰ ਉਹ ਸਕੂਲ ਗਿਆ ਤਾਂ ਅਧਿਆਪਕ ਨੇ ਉਸਨੂੰ ਅਪਸ਼ਬਦ ਕਹੇ,  ਕਡ਼ਾ ਉਤਰਵਾ ਦਿੱਤਾ  ਤੇ ਪੁਲਸ ਤੋਂ ਕੁਟਵਾਇਆ ਗਿਆ। ਇਸ ਨਾਲ ਬੱਚਾ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਘਰ ਜਾ ਕੇ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬਾਅਦ ’ਚ ਦੋਨਾਂ ਪੱਖਾਂ ’ਚ ਸਮਝੌਤਾ ਹੋ ਗਿਆ ਅਤੇ ਮਾਮਲਾ ਨਿੱਬਡ਼ ਗਿਆ। 
ਅਧਿਆਪਕ ’ਤੇ ਲਾਇਆ ਸ਼ਰਾਬ ਪੀ ਕੇ ਸਕੂਲ ਆਉਣ ਦਾ ਦੋਸ਼
ਵਿਦਿਆਰਥੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਬੱਚਾ ਕਡ਼ਾ ਪਾ ਕੇ ਸਕੂਲ ਗਿਆ ਸੀ। ਪਹਿਲਾਂ ਵੀ ਅਧਿਆਪਕ ਨੇ ਕਡ਼ਾ  ਲਾਹ ਕੇ ਸਕੂਲ ਆਉਣ ਲਈ ਕਿਹਾ ਸੀ ਪਰ ਉਹ ਭੁੱਲ ਗਿਆ। ਸੋਮਵਾਰ ਨੂੰ ਉਹ ਸਕੂਲ ਗਿਆ ਤਾਂ ਉਸਨੂੰ ਅਧਿਆਪਕ ਵਿਕਾਸ ਨੇ ਅਪਸ਼ਬਦ ਕਹੇ ਅਤੇ ਕਡ਼ਾ ਉਤਰਵਾ ਦਿੱਤਾ। ਵਿਦਿਆਰਥੀ ਨੇ ਅਧਿਆਪਕ ’ਤੇ ਦੋਸ਼ ਲਾਇਆ ਕਿ ਉਹ ਸਕੂਲ ’ਚ ਸ਼ਰਾਬ ਪੀ ਕੇ ਆਉਂਦੇ ਹਨ। ਸੋਮਵਾਰ ਨੂੰ ਵੀ ਉਹ ਸ਼ਰਾਬ ਪੀ ਕੇ ਹੀ ਸਕੂਲ ’ਚ ਆਏ ਸਨ।
ਡਿਫਾਲਟਰ ਰਜਿਸਟਰ ’ਚ ਨਾਮ ਹੈ ਵਿਦਿਆਰਥੀ ਦਾ
ਅਧਿਆਪਕ ਵਿਕਾਸ ਨੇ ਦੱਸਿਆ ਕਿ ਵਿਦਿਆਰਥੀ ਦਾ ਸੁਭਾਅ ਠੀਕ ਨਹੀਂ ਹੈ ਤੇ ਬਾਕੀ ਅਧਿਆਪਕ ਵੀ ਉਸਦੀ ਸ਼ਿਕਾਇਤ ਦੇ ਚੁੱਕੇ ਹਨ।  ਉਸਦਾ ਨਾਮ ਸਕੂਲ  ਦੇ ਡਿਫਾਲਟਰ ਰਜਿਸਟਰ ’ਚ ਦਰਜ ਹੈ। ਉਸ ਖਿਲਾਫ 6 ਸ਼ਿਕਾਇਤਾਂ ਦਰਜ ਹਨ।
ਵਿਦਿਆਰਥੀ ਥੋਡ਼੍ਹਾ ਸ਼ਰਾਰਤੀ ਹੈ। ਉਸਨੂੰ ਸਮਝਾਉਣ ਲਈ ਪੁਲਸ ਨੂੰ ਬੁਲਾਇਆ ਗਿਆ ਸੀ। ਬਸ ਇੰਨੀ ਗੱਲ ਸੀ। ਮਾਪਿਆਂ ਦਾ ਫੋਨ ਨਾ ਲੱਗਾ ਤਾਂ ਉਨ੍ਹਾਂ ਨੂੰ ਸੂਚਿਤ ਨਹੀਂ ਕਰ ਸਕੇ।  
–ਰਵੀ, ਕਾਂਸਟੇਬਲ
ਵਿਦਿਆਰਥੀ ਦਾ ਵਿਵਹਾਰ ਠੀਕ ਨਹੀਂ ਸੀ। ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ।     –ਨਿਰਮਲ ਚੱਢਾ,  ਪ੍ਰਿੰਸੀਪਲ, 
 


Related News