ਕਰਾਟੇ ਖਿਡਾਰਨ ਦੀ ਭੈਣ ਦੇ ਬਿਆਨ : ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਕੁਲਦੀਪ

Saturday, Jan 06, 2018 - 05:40 PM (IST)


ਅੰਮ੍ਰਿਤਸਰ (ਛੀਨਾ) - ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਕੌਮਾਂਤਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਖੁਦਕੁਸ਼ੀ ਦੇ ਮਾਮਲੇ ਸਬੰਧੀ ਉਸ ਦੀ ਭੈਣ ਬਲਵੀਰ ਕੌਰ ਵਾਸੀ ਗੁੱਜਰਪੁਰਾ ਜ਼ਿਲਾ ਗੁਰਦਾਸਪੁਰ ਨੇ ਰੋਂਦੀ-ਕੁਰਲਾਉਂਦੀ ਹੋਈ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਦੀ ਭੈਣ ਦੀ ਖੁਦਕੁਸ਼ੀ ਸਿਸਟਮ 'ਤੇ ਕਰਾਰੀ ਚਪੇੜ ਹੈ।

ਪਿੰਡੇ 'ਤੇ ਹੰਢਾਇਆ ਕਾਂਗਰਸ ਦੇ ਕਹਿਰ ਨੂੰ
ਉਨ੍ਹਾਂ ਦੱਸਿਆ ਕਿ ਕਾਂਗਰਸੀਆਂ ਦੇ ਕਹਿਰ ਬਾਰੇ ਉਨ੍ਹਾਂ ਪਹਿਲਾਂ ਸੁਣਿਆ ਜ਼ਰੂਰ ਸੀ ਪਰ ਪਿਛਲੇ 8 ਮਹੀਨਿਆਂ ਦੌਰਾਨ ਇਨ੍ਹਾਂ ਦੇ ਕਾਰਨਾਮਿਆਂ ਨੂੰ ਪਿੰਡੇ 'ਤੇ ਹੰਢਾ ਕੇ ਦੇਖ ਵੀ ਲਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਂਗਰਸੀ ਆਗੂਆਂ ਦੀ ਸ਼ਹਿ ਅਤੇ ਪੁਲਸ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਇਨਸਾਫ਼ ਨਾ ਮਿਲਦਾ ਦੇਖ ਤੇ ਉਸ ਦੀ ਭੈਣ ਖੁਦਕੁਸ਼ੀ ਕਰਨ ਲਈ ਮਜਬੂਰ ਹੋਈ। ਪੁਲਸ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਹੀਂ ਨਿਭਾਈ, ਮੇਰੀ ਭੈਣ ਚਲੀ ਗਈ, ਉਸ ਨੇ ਹੁਣ ਨਹੀਂ ਮੁੜਨਾ। 

ਮਾਂ ਕੈਂਸਰ ਤੇ ਪਿਤਾ ਪੈਰਾਲਾਈਜ਼ ਤੋਂ ਪੀੜਤ
ਉਸ ਨੇ ਕਿਹਾ ਕਿ ਉਸ ਦੇ ਗਰੀਬ ਪਰਿਵਾਰ ਦੀ ਮਾਂ ਕੈਂਸਰ ਦੀ ਮਰੀਜ਼ ਹੈ ਅਤੇ ਪਿਤਾ ਪੈਰਾਲਾਈਜ਼ ਦੀ ਬੀਮਾਰੀ ਨਾਲ ਪੀੜਤ ਹੈ, ਉਸ ਦਾ ਭਰਾ ਫੌਜ ਵਿਚ ਹੈ ਜੋ ਅਰੁਣਾਚਲ ਪ੍ਰਦੇਸ਼ 'ਚ ਤਾਇਨਾਤ ਹੈ ਅਤੇ ਪਰਿਵਾਰ ਵਿਚ ਕੁਝ ਹੋਰ ਬੱਚੇ ਵੀ ਹਨ, ਜਿਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। 

ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ
ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਐੱਸ. ਐੱਚ. ਓ. ਤੋਂ ਲੈ ਕੇ ਡੀ. ਜੀ. ਪੀ. ਤੱਕ ਨੇ ਕੋਈ ਸੁਣਵਾਈ ਤਾਂ ਕੀ ਕਰਨੀ ਸੀ ਸਗੋਂ ਉਨ੍ਹਾਂ ਦੋਸ਼ੀ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਪ੍ਰਤੀ ਕਾਨੂੰਨੀ ਢਾਲ ਬਣੇ ਰਹੇ। ਪਿੰਡ ਦੇ ਹੀ ਕੁਝ ਕਾਂਗਰਸੀ ਲੋਕ ਜਿਨ੍ਹਾਂ ਪਹਿਲਾਂ ਵੀ ਉਨ੍ਹਾਂ ਦੀ ਕੁਝ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਹੋਰ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ 5 ਮਈ 2017 ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।

ਬਾਜਵਾ ਨੇ ਸਾਥ ਦੇਣ ਤੋਂ ਕੀਤਾ ਇਨਕਾਰ
ਬਲਵੀਰ ਕੌਰ ਨੇ 24 ਅਕਤੂਬਰ ਦੀ ਪੰਜਾਬ ਸਿਵਲ ਸਕੱਤਰੇਤ ਦਾ ਗੇਟ ਪਾਸ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕਾਂਗਰਸੀਆਂ ਦੀਆਂ ਵਧੀਕੀਆਂ ਨੂੰ ਲੈ ਕੇ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ ਕੀਤੀ ਗਈ, ਇਸ ਦੌਰਾਨ ਬਾਜਵਾ ਨੇ ਇਨਸਾਫ਼ ਦਿਵਾਉਣਾ ਤਾਂ ਦੂਰ ਸਗੋਂ 'ਕੁੜੀਏ ਮੈਂ ਤਾਂ ਆਪਣੀ ਪਾਰਟੀ ਦਾ ਸਾਥ ਦਿਆਂਗਾ' ਕਹਿੰਦਿਆਂ ਵਾਪਸ ਭੇਜ ਦਿੱਤਾ।

ਮੇਰੀ ਮਾਂ ਨੂੰ ਮਾਰੀਆਂ ਡੂੰਘੀਆਂ ਸੱਟਾਂ
26 ਅਕਤੂਬਰ ਵਾਲੇ ਦਿਨ ਸ਼ਾਮ 5: 30 ਵਜੇ ਕਾਂਗਰਸੀ ਅਜਾਇਬ ਸਿੰਘ, ਪਰਗਟ ਸਿੰਘ, ਪ੍ਰੀਤਮ ਸਿੰਘ, ਕਰਮ ਸਿੰਘ, ਕੁਲਵੰਤ ਸਿੰਘ ਆਦਿ ਦਰਜਨਾਂ ਬੰਦਿਆਂ ਨੇ ਮੰਤਰੀ ਬਾਜਵਾ ਅਤੇ ਕਾਂਗਰਸੀ ਆਗੂ ਬਲਵਿੰਦਰ ਬਿੱਲਾ ਕੋਟਲਾ ਬਾਮਾ ਦੀ ਸ਼ਹਿ 'ਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ, ਮੇਰੀ ਮਾਤਾ ਸੁਖਵਿੰਦਰ ਕੌਰ ਜੋ ਕੈਂਸਰ ਨਾਲ ਪੀੜਤ ਹਨ, 'ਤੇ ਅੱਧਾ ਘੰਟਾ ਟਰੈਕਟਰ ਚੜ੍ਹਾਈ ਰੱਖਿਆ ਅਤੇ ਡੂੰਘੀਆਂ ਸੱਟਾਂ ਮਾਰੀਆਂ ਗਈਆਂ । ਐੱਮ ਐੱਲ ਆਰ ਮੁਤਾਬਕ ਮਾਂ ਨੂੰ 13 ਸੱਟਾਂ ਲੱਗੀਆਂ। ਕੁਲਦੀਪ ਕੌਰ ਨੂੰ 6 ਸੱਟਾਂ ਲੱਗੀਆਂ। ਬੇਕਸੂਰ ਭਾਣਜੀ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ।

ਡਾਕਟਰਾਂ ਨੇ ਦਿੱਤੀ ਜਬਰੀ ਛੁੱਟੀ
ਡਾਕਟਰਾਂ ਵੱਲੋਂ ਅਨਫਿਟਾਂ ਨੂੰ ਫਿਟ ਕਰਾਰ ਦੇ ਕੇ ਜਬਰੀ ਛੁੱਟੀ ਕਰ ਦਿੱਤੀ ਗਈ। ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਥਾਂ ਪੁਲਸ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਪਰਮਜੀਤ ਸਿੰਘ ਅਤੇ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਨੇ ਉਲਟਾ ਉਸ ਦੇ ਪਰਿਵਾਰ 'ਤੇ ਕਰਾਸ ਕੇਸ ਦਰਜ ਕਰ ਦਿੱਤਾ। ਇਸ ਦੌਰਾਨ ਮੇਰੀ ਭੈਣ ਕੁਲਦੀਪ ਦੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ। ਮੀਡੀਆ 'ਚ ਮਾਮਲਾ ਆਉਣ ਤੋਂ ਬਾਅਦ ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਦੋਸ਼ੀਆਂ ਨੂੰ ਨਹੀਂ ਫੜਿਆ। 
ਉਨ੍ਹਾਂ ਮ੍ਰਿਤਕਾ ਕੁਲਦੀਪ ਕੌਰ ਵੱਲੋਂ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਜਿੱਤੇ ਤਮਗੇ ਦਿਖਾਉਂਦਿਆਂ ਕਿਹਾ ਕਿ ਜੂਡੋ ਕਰਾਟੇ ਦੀ ਅੰਤਰਰਾਸ਼ਟਰੀ ਖਿਡਾਰਨ ਜਿਸ ਨੇ ਖੇਡਾਂ 'ਚ ਕਈ ਤਮਗੇ ਜਿੱਤੇ ਸਨ ਪਰ ਕਾਨੂੰਨ ਅਤੇ ਸਿਸਟਮ ਦੀ ਖੇਡ ਅੱਗੇ ਆਪਣੀ ਜ਼ਿੰਦਗੀ ਹਾਰ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਕਾਤਲਾਂ ਨੂੰ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੰਦੀ ਉਹ ਚੈਨ ਨਾਲ ਨਹੀਂ ਬੈਠੇਗੀ। ਉਨ੍ਹਾਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।


Related News