ਰੁਮਾਲਿਆਂ ਦੀ ਬੇਅਦਬੀ ਸਬੰਧੀ ਵੀਡੀਓ ਹਿਰਦੇ ਵਲੂੰਧਰਨ ਵਾਲੀ : ਪ੍ਰੋ. ਬਡੂੰਗਰ

11/18/2017 12:33:48 PM

ਅੰਮ੍ਰਿਤਸਰ (ਦੀਪਕ/ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਰੁਮਾਲਿਆਂ ਦੀ ਬੇਅਦਬੀ ਸਬੰਧੀ ਵੀਡੀਓ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਸਾਡੇ ਲਈ ਅਤਿ ਸਤਿਕਾਰਤ ਹਨ, ਜਿਨ੍ਹਾਂ ਨੂੰ ਇਸ ਤਰ੍ਹਾਂ ਕੂੜੇ ਵਿਚ ਸੁੱਟਣਾ ਉੱਚਿਤ ਨਹੀਂ। ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਹਿਰਦੇ ਵਲੂੰਧਰ ਵਾਲੀਆਂ ਕਾਰਵਾਈਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਗੁਰਦੁਆਰਾ ਸਾਹਿਬਾਨ ਦੀ ਹਰ ਵਸਤੂ ਨੂੰ ਸਤਿਕਾਰਤ ਢੰਗ ਨਾਲ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਬੇਸ਼ੱਕ ਸਮੇਂ-ਸਮੇਂ ਵਸਤੂਆਂ ਵਰਤੋਂ ਯੋਗ ਨਹੀਂ ਰਹਿੰਦੀਆਂ ਪਰ ਗੁਰੂ ਘਰ ਵਿਖੇ ਵਰਤੀਆਂ ਜਾਂਦੀਆਂ ਸਾਰੀਆਂ ਵਸਤੂਆਂ ਸਾਡੇ ਲਈ ਪਵਿੱਤਰ ਹਨ ਅਤੇ ਉਨ੍ਹਾਂ ਨੂੰ ਸਤਿਕਾਰਤ ਢੰਗ ਨਾਲ ਹੀ ਹਟਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੁਮਾਲਾ ਸਾਹਿਬ ਵੀ ਲੋੜ ਅਨੁਸਾਰ ਗੁਰੂ ਘਰਾਂ ਵਿਖੇ ਭੇਟ ਕੀਤੇ ਜਾਣ। ਬਹੁਤ ਸਾਰੇ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਹਨ, ਜਿੱਥੇ ਕਈ ਤਰ੍ਹਾਂ ਦੀਆਂ ਵਸਤੂਆਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਪ੍ਰੋ. ਬਡੂੰਗਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬਾਨ ਦੀ ਬੇਅਦਬੀ ਦੀ ਘਟਨਾ 'ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਸ਼੍ਰੋਮਣੀ ਰਾਗੀ ਭਾਈ ਗੁਰਚਰਨ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਘਰ ਦੇ ਕੀਰਤਨੀਏ ਸ਼੍ਰੋਮਣੀ ਰਾਗੀ ਭਾਈ ਗੁਰਚਰਨ ਸਿੰਘ ਦਿੱਲੀ ਵਾਲਿਆਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਈ ਗੁਰਚਰਨ ਸਿੰਘ ਜੀ ਪੰਥ ਪ੍ਰਸਿੱਧ ਸ਼ਖਸੀਅਤ ਅਤੇ ਗੁਰਬਾਣੀ ਕੀਰਤਨ ਦੀ ਵਿਲੱਖਣ ਸ਼ੈਲੀ ਦੇ ਸਿਰਜਕ ਸਨ, ਜਿਨ੍ਹਾਂ ਨੇ ਲੰਮਾ ਸਮਾਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਉਨ੍ਹਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੇ ਭਾਣੇ ਅਨੁਸਾਰ ਭਾਵੇਂ ਭਾਈ ਸਾਹਿਬ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਪਰ ਉਹ ਆਪਣੇ ਯੋਗਦਾਨ ਸਦਕਾ ਸੰਗਤਾਂ ਵਿਚ ਅਮਰ ਰਹਿਣਗੇ। 


Related News