ਕੀ ਪਹਿਲਾਂ ਤੋਂ ਹੀ ਲਿਖੀ ਗਈ ਸੀ ਕੈਪਟਨ-ਸਿੱਧੂ ਵਿਵਾਦ ਦੀ ਸਕ੍ਰਿਪਟ!

Tuesday, Jun 08, 2021 - 02:05 AM (IST)

ਚੰਡੀਗੜ੍ਹ(ਹਰੀਸ਼ਚੰਦਰ)- ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਦੇ ਵਿਵਾਦ ਦੀ ਪੂਰੀ ਸਕ੍ਰਿਪਟ ਪਹਿਲਾਂ ਤੋਂ ਹੀ ਦਿੱਲੀ ’ਚ ਲਿਖੀ ਜਾ ਚੁੱਕੀ ਸੀ, ਜਿਸ ਦਾ ਸਿਰਫ਼ ਰੂਪਾਂਤਰਣ ਹੀ ਦਿੱਲੀ ’ਚ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਕਮੇਟੀ ਦੇ ਸਾਹਮਣੇ ਕੀਤਾ ਗਿਆ। ਇਸ ਵਿਵਾਦ ਦਾ ਮੁਆਇਨਾ ਕਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਸਕ੍ਰਿਪਟ ਦੀ ਰਿਹਰਸਲ ਪੰਜਾਬ ’ਚ ਹੋਈ ਅਤੇ ਫੇਰ ਕਮੇਟੀ ਦੇ ਸਾਹਮਣੇ ਪੂਰਾ ਐਪੀਸੋਡ ਇਕ ਤੈਅ ਪ੍ਰੋਗਰਾਮ ਵਾਂਗ ਦੁਹਰਾਇਆ ਗਿਆ।

ਸਾਲ 2016 ਤੋਂ ਪੰਜਾਬ ਪ੍ਰਦੇਸ਼ ਇੰਚਾਰਜ ਆਸ਼ਾ ਕੁਮਾਰੀ ਨੂੰ ਅਚਾਨਕ ਹਟਾ ਕੇ ਜਦੋਂ ਹਰੀਸ਼ ਰਾਵਤ ਨੂੰ ਬੀਤੇ ਸਾਲ ਸਤੰਬਰ ਵਿਚ ਪੰਜਾਬ ਦਾ ਜ਼ਿੰਮਾ ਸੌਂਪਿਆ ਗਿਆ ਸੀ ਉਦੋਂ ਇਹ ਲੱਗਣ ਲੱਗਾ ਸੀ ਕਿ ਰਾਜਨੀਤਿਕ ਫਰੰਟ ’ਤੇ ਮੁੱਖ ਮੰਤਰੀ ਅਮਰਿੰਦਰ ਦੀਆਂ ਮੁਸ਼ਕਿਲਾਂ ਹੁਣ ਵਧਣ ਵਾਲੀਆਂ ਹਨ। ਆਸ਼ਾ ਕੁਮਾਰੀ ਨਾਲ ਅਮਰਿੰਦਰ ਦੇ ਪਰਿਵਾਰਕ ਰਿਸ਼ਤੇ ਵੀ ਹਨ ਕਿਉਂਕਿ ਉਹ ਵੀ ਚੰਬਾ ਦੀ ਸ਼ਾਹੀ ਰਿਆਸਤ ਨਾਲ ਤਾਲੁੱਕ ਰੱਖਣ ਤੋਂ ਇਲਾਵਾ ਕਈ ਵਾਰ ਵਿਧਾਇਕ ਰਹਿ ਚੁੱਕੀ ਹੈ। ਇਨ੍ਹਾਂ ਦੋਵਾਂ ਦੀ ਜੁਗਲਬੰਦੀ ਨਾਲ ਪ੍ਰਦੇਸ਼ ਸੰਗਠਨ ਵਿਚ ਕਈ ਨੇਤਾ ਖੁਦ ਨੂੰ ਹਾਸ਼ੀਏ ’ਤੇ ਦੇਖਦੇ ਸਨ।

ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮੁੜ ਪਾਈ ਅਸ਼ਲੀਲ ਪੋਸਟ, ਪਰਚਾ ਦਰਜ

ਰਾਵਤ ਨੇ ਪੰਜਾਬ ਦੀ ਜ਼ਿੰਮੇਵਾਰੀ ਸੰਭਾਲਦੇ ਹੀ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਸਬੰਧੀ ਬਿਆਨ ਦੇਣੇ ਸ਼ੁਰੂ ਕੀਤੇ। ਇਸ ਨੂੰ ਖੜ੍ਹੇ ਪਾਣੀ ’ਚ ਪੱਥਰ ਮਾਰਨਾ ਕਿਹਾ ਜਾ ਸਕਦਾ ਹੈ ਕਿਉਂਕਿ ਉਦੋਂ ਤੱਕ ਸਿੱਧੂ ਸ਼ਾਂਤ ਬੈਠੇ ਸਨ ਅਤੇ ਇੱਕਾ-ਦੁੱਕਾ ਮੌਕਿਆਂ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਮਰਥਕਾਂ ਦੇ ਰੂ-ਬ-ਰੂ ਹੁੰਦੇ ਸਨ। ਰਾਵਤ ਨੇ ਪੰਜਾਬ ਆਉਂਦੇ ਹੀ ਸਿੱਧੂ ਨੂੰ ਰਾਜ ’ਚ ਪਾਰਟੀ ਦਾ ਭਵਿੱਖ ਤੱਕ ਦੱਸਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਹ ਅੰਮਿ੍ਤਸਰ ’ਚ ਸਿੱਧੂ ਦੇ ਘਰ ਖਾਣੇ ’ਤੇ ਵੀ ਪੁੱਜੇ। ਉਥੇ ਦੋਵਾਂ ’ਚ ਕੀ ਗੱਲ ਹੋਈ ਇਹ ਹੁਣ ਤੱਕ ਜ਼ਾਹਿਰ ਨਹੀਂ ਹੋਈ ਹੈ ਪਰ ਇੰਨਾ ਜ਼ਰੂਰ ਹੈ ਕਿ ਸਿੱਧੂ ਸੂਬੇ ਦੀ ਰਾਜਨੀਤੀ ’ਚ ਅਚਾਨਕ ਸਰਗਰਮ ਹੋ ਗਏ। ਉਨ੍ਹਾਂ 2 ਵਾਰ ਅਮਰਿੰਦਰ ਦੇ ਫ਼ਾਰਮ ਹਾਊਸ ’ਚ ਜਾ ਕੇ ਮੁਲਾਕਾਤ ਵੀ ਕੀਤੀ। ਉਥੇ ਕਿਸ ਮੁੱਦੇ ’ਤੇ ਚਰਚਾ ਹੋਈ, ਇਹ ਵੀ ਫਾਰਮਹਾਊਸ ਤੋਂ ਬਾਹਰ ਨਹੀਂ ਨਿਕਲਿਆ ਪਰ ਇਸ ਦੌਰਾਨ ਰਾਵਤ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਘਰ ਵੀ ਲੰਚ ਕਰ ਕੇ ਆਏ। ਕੈਪਟਨ ਵਿਰੋਧੀਆਂ ਦੇ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਜਿਵੇਂ-ਜਿਵੇਂ ਵਧਿਆ, ਇਸ ਲਾਬੀ ਨੂੰ ਹਵਾ ਮਿਲਣ ਲੱਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਇੰਚਾਰਜ ਬਣਨ ਤੋਂ ਬਾਅਦ ਹਰੀਸ਼ ਰਾਵਤ ਨੂੰ ਸਰਕਾਰੀ ਹੈਲੀਕਾਪਟਰ ਰਾਹੀਂ ਉਤਰਾਖੰਡ ਤੋਂ ਲਿਆਉਣ ਅਤੇ ਲਿਜਾਣ ਦਾ ਜ਼ਿੰਮਾ ਸੁਖਜਿੰਦਰ ਰੰਧਾਵਾ ਨੂੰ ਸੌਂਪਿਆ ਸੀ। ਇਸ ਤੋਂ ਬਾਅਦ ਰੰਧਾਵਾ ਉਨ੍ਹਾਂ ਨੂੰ ਜਲੰਧਰ ਅਤੇ ਡੇਰਾ ਬਿਆਸ ਆਦਿ ਪ੍ਰਮੁੱਖ ਥਾਵਾਂ ’ਤੇ ਵੀ ਲੈ ਕੇ ਗਏ। ਰੰਧਾਵਾ ਅਤੇ ਰਾਵਤ ਵਿਚ ਸ਼ਾਇਦ ਉਦੋਂ ਨਜ਼ਦੀਕੀਆਂ ਵਧੀਆਂ ਅਤੇ ਇਹ ਪਟਕਥਾ ਹੋਰ ਮਜ਼ਬੂਤ ਹੋਈ।

ਇਹ ਵੀ ਪੜ੍ਹੋ-  ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 1293 ਨਵੇਂ ਮਾਮਲੇ, 82 ਮਰੀਜ਼ਾਂ ਦੀ ਹੋਈ ਮੌਤ

ਅਚਾਨਕ ਚੁੱਪੀ ਤੋੜੀ

ਆਖਰ ਸਿੱਧੂ ਨੇ ਅਚਾਨਕ ਬੇਅਦਬੀ ਅਤੇ ਸਿੱਖਾਂ ’ਤੇ ਬਾਦਲ ਸਰਕਾਰ ’ਚ ਹੋਈਆਂ ਗੋਲੀਕਾਂਡ ਦੀਆਂ ਘਟਨਾਵਾਂ ’ਤੇ ਚੁੱਪੀ ਤੋੜੀ, ਜਦੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਕੈਪਟਨ ਸਰਕਾਰ ਨੂੰ ਬਾਦਲਾਂ ਨੂੰ ਐੱਸ. ਆਈ. ਟੀ. ਰਾਹੀਂ ਇਨ੍ਹਾਂ ਮਾਮਲਿਆਂ ’ਚ ਫਸਾਉਣ ਲਈ ਕਟਹਿਰੇ ਵਿਚ ਖੜ੍ਹਾ ਕਰ ਰਹੀ ਸੀ, ਉਦੋਂ ਸਿੱਧੂ ਹਾਈਕੋਰਟ ਦੇ ਉਲਟ ਆਪਣੀ ਹੀ ਸਰਕਾਰ ’ਤੇ ਬਾਦਲਾਂ ਨੂੰ ਬਚਾਉਣ ਦੇ ਦੋਸ਼ ਲਗਾ ਰਹੇ ਸਨ। ਇਸ ਵਿਚ ਉਨ੍ਹਾਂ ਨੂੰ ਅਚਾਨਕ ਸਮਰਥਨ ਮਿਲਿਆ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ।

ਉਥੇ ਹੀ, ਰੰਧਾਵਾ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਦੇ ਸਾਹਮਣੇ ਤੂੰ-ਤੂੰ ਮੈਂ-ਮੈਂ ਹੋ ਗਈ ਸੀ, ਜਦੋਂ ਸਟੇਜ ਸੰਭਾਲ ਰਹੇ ਰੰਧਾਵਾ ਨੇ ਪਾਰਟੀ ਇੰਚਾਰਜ ਦੇ ਕਹਿਣ ’ਤੇ ਉਨ੍ਹਾਂ ਨੂੰ ਆਪਣਾ ਭਾਸ਼ਣ ਛੋਟਾ ਰੱਖਣ ਦੀ ਪਰਚੀ ਫੜਾਈ ਸੀ। ਸਟੇਜ ’ਤੇ ਸਿੱਧੂ ਦੀ ਘੁਰਕੀ ਨਾਲ ਰੰਧਾਵਾ ਸਮੇਤ ਹਰ ਕੋਈ ਹੈਰਾਨ ਰਹਿ ਗਿਆ ਸੀ। ਅਮਰਿੰਦਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰੰਧਾਵਾ ਦਾ ਤਾਜ਼ਾ ਮਾਹੌਲ ’ਚ ਸਿੱਧੂ ਵੱਲੋਂ ਚੁੱਕੇ ਮਸਲਿਆਂ ’ਤੇ ਮੋਹਰ ਲਗਾਉਣ ਨਾਲ ਲੱਗਣ ਲੱਗਾ ਸੀ ਕਿ ਇਹ ਸਿਆਸੀ ਖਿਚੜੀ ਪੱਕ ਚਾਹੇ ਪੰਜਾਬ ਵਿਚ ਰਹੀ ਹੋਵੇ ਪਰ ਮਾਸਟਰ ਸ਼ੈਫ ਕਿਤੇ ਹੋਰ ਬੈਠਾ ਇਸ ਦੀ ਰੈਸਿਪੀ ਤਿਆਰ ਕਰ ਰਿਹਾ ਸੀ।

ਇਹ ਵੀ ਪੜ੍ਹੋ- ਰੇਲ ਮੰਤਰਾਲਾ 1 ਜੁਲਾਈ ਤੋਂ ਰੇਲਯਾਤਰੀਆਂ ਲਈ ਬਦਲ ਰਿਹੈ ਕ‌ਈ ਨਿਯਮ

ਚੌਧਰੀ ਦੇ ਸੰਪਰਕ ਕਰਨ ਨਾਲ ਵੀ ਖੜ੍ਹੇ ਹੁੰਦੇ ਹਨ ਕਈ ਸਵਾਲ

ਹੁਣ ਕਮੇਟੀ ਦੇ ਸਾਹਮਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਪੇਸ਼ੀ ਦੌਰਾਨ ਪਾਰਟੀ ਦੇ ਹੀ ਇਕ ਵੱਡੇ ਨੇਤਾ ਅਤੇ ਕਦੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਹੇ ਉਨ੍ਹਾਂ ਦੇ ਨਜ਼ਦੀਕੀ ਰਾਜਸਥਾਨ ਦੇ ਹਰੀਸ਼ ਚੌਧਰੀ ਵੱਲੋਂ ਵਿਧਾਇਕਾਂ ਨਾਲ ਸੰਪਰਕ ਕਰਨ ਨਾਲ ਵੀ ਨਾ ਸਿਰਫ਼ ਕਈ ਸਵਾਲ ਖੜ੍ਹੇ ਹੁੰਦੇ ਹਨ ਸਗੋਂ ਇਨ੍ਹਾਂ ਅਟਕਲਾਂ ਨੂੰ ਜ਼ੋਰ ਮਿਲਦਾ ਹੈ ਕਿ ਅਮਰਿੰਦਰ ਨੂੰ ਕਮਜ਼ੋਰ ਕਰਨ ਦੀ ਯੋਜਨਾ ਪਾਰਟੀ ’ਚ ਹੀ ਉੱਚ ਪੱਧਰ ’ਤੇ ਬਣਾਈ ਗਈ ਸੀ। ਹਾਲਾਂਕਿ ਇਸ ਉਚ ਪੱਧਰੀ ਕਮੇਟੀ ਨਾਲ ਪੰਜਾਬ ਦੇ ਨੇਤਾਵਾਂ ਦਾ ਮਿਲਣਾ ਸ਼ੁਰੂ ਹੋਇਆ ਸੀ ਉਦੋਂ ਕਮੇਟੀ ਤੋਂ ਵੱਖ ਆਖਰ ਵੱਡੇ ਨੇਤਾ ਅਤੇ ਹਰੀਸ਼ ਚੌਧਰੀ ਕੀ ‘ਘੁੱਟੀ’ ਇਨ੍ਹਾਂ ਨੇਤਾਵਾਂ ਨੂੰ ਪਿਆ ਰਹੇ ਸਨ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਕੈਪਟਨ ਅਮਰਿੰਦਰ ਪੰਜਾਬ ’ਚ ਕਾਂਗਰਸ ਦੇ ਅਜਿਹੇ ਨੇਤਾ ਹਨ, ਜਿਨ੍ਹਾਂ ਖਿਲਾਫ਼ ਪੰਜਾਬ ਦੇ ਨੇਤਾ ਕੁੱਝ ਵੀ ਸ਼ਿਕਾਇਤ ਕਰਨ ਪਰ ਅਗਲੀਆਂ ਚੋਣਾਂ ਉਨ੍ਹਾਂ ਦੇ ਅਗਵਾਈ ’ਚ ਹੀ ਲੜ ਕੇ ਪਾਰਟੀ ਜਿੱਤ ਸਕਦੀ ਹੈ। ਇਸ ਗੱਲ ਤੋਂ ਇਹ ਵਿਰੋਧੀ ਵੀ ਇਨਕਾਰ ਨਹੀਂ ਕਰ ਸਕਦੇ।


Bharat Thapa

Content Editor

Related News