ਸਕੂਲ ਤਿਆਰ ਕਰਨਗੇ ਨਤੀਜੇ, ਸੀ. ਬੀ. ਐੱਸ. ਈ. ਅਧਿਕਾਰੀ ਕਰਨਗੇ ਅਚਾਨਕ ਨਿਰੀਖਣ
Wednesday, Jul 07, 2021 - 01:20 PM (IST)
ਲੁਧਿਆਣਾ (ਵਿੱਕੀ) : 10ਵੀਂ ਅਤੇ 12ਵੀਂ ਦੇ ਪ੍ਰੀਖਿਆ ਨਤੀਜੇ ਐਲਾਨਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਗੜਬੜ ਰੋਕਣ ਅਤੇ ਪਾਰਦਰਸ਼ੀ ਪ੍ਰਕਿਰਿਆ ਲਾਗੂ ਕਰਨ ’ਤੇ ਫੋਕਸ ਨੂੰ ਦੁਹਰਾਉਣ ਦੇ ਮਕਸਦ ਨਾਲ ਸੀ. ਬੀ. ਐੱਸ. ਈ. ਨੇ ਸਕੂਲਾਂ ’ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਅਧੀਨ ਬੋਰਡ ਦੇ ਕੰਟ੍ਰੋਲਰ ਐਗਜ਼ਾਮੀਨੇਸ਼ਨ ਸੰਜਮ ਭਾਰਦਵਾਜ ਵੱਲੋਂ ਸਾਰੇ ਖੇਤਰੀ ਡਾਇਰੈਕਟਰਾਂ ਅਤੇ ਅਧਿਕਾਰੀਆਂ ਨੂੰ ਨਤੀਜੇ ਤਿਆਰ ਹੋਣ ਦੌਰਾਨ ਸਕੂਲਾਂ ’ਚ ਅਚਾਨਕ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਪਾਰਦਰਸ਼ਤਾ ਬਰਕਰਾਰ ਰੱਖੀ ਜਾਵੇ। ਬੋਰਡ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲ ’ਚ ਨਿਰੀਖਣ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਕੀ ਸਕੂਲ ਬੋਰਡ ਵੱਲੋਂ ਦਿੱਤੇ ਗਏ ਨਿਯਮਾਂ ਮੁਤਾਬਕ ਹੀ ਨਤੀਜਾ ਤਿਆਰ ਕਰਨ ਦਾ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ 20 ਜੁਲਾਈ ਅਤੇ 12ਵੀਂ ਦੇ 31 ਜੁਲਾਈ ਤੱਕ ਐਲਾਨੇ ਜਾਣ ਦਾ ਨਿਸ਼ਾਨਾ ਹੈ।
ਇਹ ਵੀ ਪੜ੍ਹੋ : ਬਿਜਲੀ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਨਸੀਹਤ ਦੇਣ ਵਾਲੇ ਸਿੱਧੂ ’ਤੇ ਭਗਵੰਤ ਮਾਨ ਨੇ ਕਹੀ ਵੱਡੀ ਗੱਲ
ਬੋਰਡ ਦੇ ਅਧਿਕਾਰੀਆਂ ਨੇ ਨਿਰੀਖਣ ’ਤੇ ਜਾਣ ਵਾਲੀਆਂ ਟੀਮਾਂ ਨੂੰ ਪਹਿਲਾਂ ਸੀ. ਬੀ. ਐੱਸ. ਈ. ਵੱਲੋਂ ਜਾਰੀ ਟੈਬੁਲੇਸ਼ਨ ਪਾਲਿਸੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ ਹੈ। ਇਥੇ ਹੀ ਬੱਸ ਨਹੀਂ, ਟੀਮਾਂ ਨੂੰ ਕਿਹਾ ਗਿਆ ਹੈ ਕਿ ਚੈਕਿੰਗ ’ਚ ਹਰ ਤਰ੍ਹਾਂ ਦੇ ਸਕੂਲ ਜਿਵੇਂ ਨਿੱਜੀ, ਸਰਕਾਰੀ ਅਤੇ ਕੇਂਦਰੀ ਸਕੂਲ ਵੀ ਕਵਰ ਹੋਣੇ ਚਾਹੀਦੇ ਹਨ। ਇਸੇ ਦੇ ਨਾਲ ਹੀ ਕਿਸੇ ਵੀ ਸਕੂਲ ਨੂੰ ਚੈਕਿੰਗ ’ਤੇ ਆਉਣ ਵਾਲੀ ਟੀਮ ਦੀ ਸੂਚਨਾ ਪਹਿਲਾਂ ਨਾ ਦਿੱਤੀ ਜਾਵੇ। ਸੀ. ਬੀ. ਐੱਸ. ਈ. ਨੇ ਕਿਹਾ ਕਿ ਸਕੂਲ ਇੰਸਪੈਕਸ਼ਨ ਦੀ ਪੂਰੀ ਰਿਪੋਰਟ ਬਣਾ ਕੇ ਸਬੰਧਤ ਅਧਿਕਾਰੀ ਨੂੰ ਭੇਜਣੀ ਹੋਵੇਗੀ। ਟੀਮਾਂ ਨੂੰ ਪੂਰੀ ਰਿਪੋਰਟ 12 ਜੁਲਾਈ ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸਿਆਸੀ ਬਿਆਨਬਾਜ਼ੀ ਤੋਂ ਉਲਟ ਬੋਲਦੇ ਹਨ ਤੱਥ, ਪੰਜਾਬ ’ਚ ਬਿਜਲੀ ਸਪਲਾਈ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ!
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ