ਰੇਹੜੀਆਂ ਵਾਲਿਆਂ ਨੇ ਕੱਢੀ ਭੜਾਸ
Tuesday, Dec 05, 2017 - 01:24 AM (IST)

ਰੂਪਨਗਰ, (ਵਿਜੇ)- ਸਬਜ਼ੀ ਤੇ ਫਲ ਵੇਚਣ ਵਾਲਿਆਂ ਨੇ ਰੋਜ਼ੀ-ਰੋਟੀ ਕਮਾਉਣ ਲਈ ਉਚਿਤ ਥਾਂ ਦੇਣ ਦੀ ਮੰਗ ਕਰਦਿਆਂ ਨਗਰ ਕੌਂਸਲ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। 100 ਰੇਹੜੀਆਂ ਵਾਲਿਆਂ ਨੇ ਨਗਰ ਕੌਂਸਲ ਤੋਂ ਇਸ ਮਾਮਲੇ 'ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਕਮਲ ਕਿਸ਼ੋਰ, ਸ਼ੰਮੀ ਕੁਮਾਰ, ਸੰਤ, ਛੋਟੇ ਖਾਨ, ਕਪਿਲ, ਕਮਲ ਕੁਮਾਰ ਵੋਹਰਾ, ਤਰਸੇਮ ਲਾਲ ਤੇ ਹੋਰਨਾਂ ਨੇ ਦੱਸਿਆ ਕਿ ਉਹ 20 ਸਾਲਾਂ ਤੋਂ ਆਪਣੀਆਂ ਰੇਹੜੀਆਂ ਲਾ ਕੇ ਫਲ ਤੇ ਸਬਜ਼ੀਆਂ ਵੇਚ ਰਹੇ ਹਨ, ਜਿਸ ਕਾਰਨ ਕਦੀ ਟ੍ਰੈਫਿਕ 'ਚ ਰੁਕਾਵਟ ਨਹੀਂ ਪੈਦਾ ਹੋਈ ਪਰ 20-25 ਦਿਨਾਂ ਤੋਂ ਕੋਈ ਜਗ੍ਹਾ ਅਲਾਟ ਕੀਤੇ ਬਿਨਾਂ ਟ੍ਰੈਫਿਕ ਪੁਲਸ ਵੱਲੋਂ ਉਨ੍ਹਾਂ ਦੀਆਂ ਰੇਹੜੀਆਂ ਨੂੰ ਹਟਾ ਦਿੱਤਾ ਗਿਆ, ਜਿਸ ਕਾਰਨ ਉਹ ਬੇਰੋਜ਼ਗਾਰੀ ਦੀ ਮਾਰ ਝੱਲਣ ਲਈ ਮਜਬੂਰ ਹਨ।
ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਾਉਣ ਬਦਲੇ ਉਨ੍ਹਾਂ ਤੋਂ 500 ਰੁਪਏ ਕਿਰਾਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਵਸੂਲਿਆ ਜਾ ਰਿਹਾ ਹੈ, ਜਿਸ ਦਾ ਦੁਕਾਨਦਾਰਾਂ ਨੂੰ ਕੋਈ ਹੱਕ ਵੀ ਨਹੀਂ ਹੈ। ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਤੇ ਈ. ਓ. ਤੋਂ ਮੰਗ ਕੀਤੀ ਕਿ ਸਾਰੇ ਰੇਹੜੀਆਂ ਵਾਲਿਆਂ ਲਈ ਉਚਿਤ ਥਾਂ ਅਲਾਟ ਕੀਤੀ ਜਾਵੇ, ਨਹੀਂ ਤਾਂ ਦੁਬਾਰਾ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।