ਸੂਬੇ ''ਚ ਫਿਰ ਤੋਂ ਸ਼ੁਰੂ ਹੋਇਆ ਸਰਕਾਰੀ ਡਾਕਟਰਾਂ ਤੇ ਪ੍ਰਾਈਵੇਟ ਕੈਮਿਸਟਾਂ ਦੇ ਗਠਜੋੜ ਦਾ ਦੌਰ

03/26/2018 6:58:20 AM

ਕਪੂਰਥਲਾ, (ਭੂਸ਼ਣ)- ਬੀਤੇ ਸਾਲ ਕਪੂਰਥਲਾ ਜ਼ਿਲੇ ਸਮੇਤ ਸੂਬੇ ਭਰ 'ਚ ਡੇਂਗੂ ਨਾਲ ਰਿਕਾਰਡ-ਤੋੜ ਮੌਤਾਂ ਹੋਣ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸੀਬਤਾਂ ਦੂਰ ਕਰਨ ਤੇ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਪਰਚੀ 'ਤੇ ਲਗਾਮ ਲਾਉਣ ਦੇ ਮਕਸਦ ਨਾਲ ਬੀਤੇ ਇਕ ਸਾਲ ਦੌਰਾਨ ਵਿਜੀਲੈਂਸ ਵਿਭਾਗ ਨੂੰ ਕੋਈ ਨਵੇਂ ਹੁਕਮ ਜਾਰੀ ਨਾ ਕਰਨ ਨਾਲ ਜਿਥੇ ਆਉਣ ਵਾਲੇ ਗਰਮੀਆਂ ਦੇ ਮੌਸਮ 'ਚ ਇਕ ਵਾਰ ਫਿਰ ਤੋਂ ਖਤਰਨਾਕ ਬੀਮਾਰੀਆਂ ਦੇ ਕਹਿਰ ਦੀ ਲੋਕਾਂ ਨੂੰ ਚਿੰਤਾ ਸਤਾਉਣ ਲੱਗੀ ਹੈ, ਉਥੇ ਹੀ ਸਿਹਤ ਵਿਭਾਗ ਵੱਲ ਸਰਕਾਰ ਵੱਲੋਂ ਖਾਸ ਧਿਆਨ ਨਾ ਦੇਣ ਕਾਰਨ ਪੂਰੇ ਸੂਬੇ 'ਚ ਵੱਡੀ ਗਿਣਤੀ ਵਿਚ ਸਰਕਾਰੀ ਡਾਕਟਰਾਂ ਤੇ ਪ੍ਰਾਈਵੇਟ ਕੈਮਿਸਟਾਂ 'ਚ ਆਪਸੀ ਗਠਜੋੜ ਦਾ ਦੌਰ ਇਕ ਵਾਰ ਫਿਰ ਤੋਂ ਤੇਜ਼ ਹੋ ਗਿਆ ਹੈ, ਜਿਸ ਕਰ ਕੇ ਜਿਥੇ ਲੋਕਾਂ ਨੂੰ ਸਰਕਾਰ ਵੱਲੋਂ ਭੇਜੀਆਂ ਜਾਣ ਵਾਲੀਆਂ 200 ਤਰ੍ਹਾਂ ਦੀਆਂ ਮੁਫਤ ਦਵਾਈਆਂ ਮਿਲ ਨਹੀਂ ਰਹੀਆਂ, ਉਥੇ ਹੀ ਇਸ ਸਭ 'ਚ ਪ੍ਰਾਈਵੇਟ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਸਰਕਾਰੀ ਹਸਪਤਾਲਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਭੀੜ ਆਮ ਵੇਖੀ ਜਾ ਸਕਦੀ ਹੈ ।  
ਸਾਲ 2016 ਦੌਰਾਨ ਵਿਜੀਲੈਂਸ ਵਿਭਾਗ ਨੂੰ ਦਿੱਤੀਆਂ ਗਈਆਂ ਸਨ ਨਵੀਆਂ ਸ਼ਕਤੀਆਂ
ਸਾਲ 2016 ਦੇ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਅੰਦਰ ਸੂਬੇ ਭਰ 'ਚ ਫੈਲੀ ਡੇਂਗੂ ਮਹਾਮਾਰੀ ਦੌਰਾਨ ਹਜ਼ਾਰਾਂ ਮਾਮਲੇ ਸਾਹਮਣੇ ਆਉਣ 'ਤੇ ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਕਾਰਨ ਹਰਕਤ 'ਚ ਆਈ ਸੂਬਾ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਕਈ ਨਵੀਆਂ ਸ਼ਕਤੀਆਂ ਪ੍ਰਦਾਨ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਚੈਕਿੰਗ ਦੇ ਅਧਿਕਾਰ ਦਿੰਦੇ ਹੋਏ ਮੁਫਤ ਸਰਕਾਰੀ ਦਵਾਈਆਂ ਦੇ ਸਟਾਕ ਦੀ ਜਾਂਚ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਲਗਾਤਾਰ ਚੈਕਿੰਗ ਨਾਲ ਜਿਥੇ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਆਉਣ ਵਾਲੇ ਗਰੀਬ ਤੇ ਮੱਧ ਵਰਗ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣ ਲੱਗੀਆਂ ਸਨ, ਉਥੇ ਹੀ ਇਸ ਨਾਲ ਕਈ ਸਰਕਾਰੀ ਡਾਕਟਰਾਂ ਤੇ ਪ੍ਰਾਈਵੇਟ ਕੈਮਿਸਟਾਂ ਦਾ ਆਪਸੀ ਗਠਜੋੜ ਕਾਫ਼ੀ ਹੱਦ ਤੱਕ ਟੁੱਟ ਗਿਆ ਸੀ ਪਰ ਬੀਤੇ ਸਾਲ ਮਾਰਚ ਮਹੀਨੇ 'ਚ ਸੂਬੇ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਵੱਲੋਂ ਇਸ ਦਿਸ਼ਾ 'ਚ ਕੋਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਨਾ ਕਰਨ ਨਾਲ ਵਿਜੀਲੈਂਸ ਬਿਊਰੋ ਦੀ ਚੈਕਿੰਗ ਮੁਹਿੰਮ ਪੂਰੀ ਤਰ੍ਹਾਂ ਬੰਦ ਪਈ ਹੈ । 
ਕੀ ਕਹਿੰਦੇ ਹਨ ਸਿਵਲ ਸਰਜਨ
ਇਸ ਸਬੰਧ 'ਚ ਜਦੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਪੂਰੇ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮਰੀਜ਼ਾਂ ਤੱਕ ਦਵਾਈਆਂ ਭੇਜਣ ਦੇ ਨਿਰਦੇਸ਼ ਜਾਰੀ ਕਰਦੇ ਰਹਿੰਦੇ ਹਨ ਤੇ ਭਵਿੱਖ 'ਚ ਵੀ ਸਰਕਾਰ ਵੱਲੋਂ ਭੇਜੀਆਂ ਜਾਣ ਵਾਲੀਆਂ ਦਵਾਈਆਂ ਨੂੰ ਜਨਤਾ ਤੱਕ ਪਹੁੰਚਾਇਆ ਜਾਵੇਗਾ । 
ਕੀ ਕਹਿੰਦੇ ਨੇ ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਰੀਜ਼ਾਂ ਲਈ ਭੇਜੀਆਂ ਜਾਣ ਵਾਲੀਆਂ ਮੁਫਤ ਦਵਾਈਆਂ ਨੂੰ ਜਨਤਾ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਉਹ ਸਮੇਂ-ਸਮੇਂ 'ਤੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਰਹਿੰਦੇ ਹਨ ।  


Related News