ਲੁਟੇਰਿਆਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਖੋਹਿਆ 2.5 ਲੱਖ ਰੁਪਏ ਵਾਲਾ ਬੈਗ
Wednesday, Nov 17, 2021 - 02:48 AM (IST)

ਜੰਡਿਆਲਾ ਗੁਰੂ(ਸੁਰਿੰਦਰ, ਸ਼ਰਮਾ)- ਬੱਸ ਸਟੈਂਡ ਜੰਡਿਆਲਾ ਗੁਰੂ ਨੇਡ਼ੇ ਅਣਪਛਾਤੇ ਲੁਟੇਰੇ ਇਕ ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ 2.5 ਲੱਖ ਰੁਪਏ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਮੁਕੇਸ਼ ਕੁਮਾਰ ਵਾਸੀ ਉਤਰ ਪ੍ਰਦੇਸ਼ ਇਕ ਪ੍ਰਾਈਵੇਟ ਫਾਇਨਾਂਸ ਕੰਪਨੀ ਸਟੈਨ ਕਰਾਊਡ ਕੇਅਰ ਨੈੱਟਵਰਕ ਲਿਮਟਿਡ, ਜਿਸ ਦੀ ਬਰਾਂਚ ਮੁਹੱਲਾ ਪਟੇਲ ਨਗਰ ’ਚ ਹੈ। ਜਦੋਂ ਉਹ ਬੈਂਕ ’ਚ ਢਾਈ ਲੱਖ ਦੇ ਕਰੀਬ ਕਿਸ਼ਤ ਦੀ ਰਕਮ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਉਥੇ ਪਹਿਲਾਂ ਤੋਂ ਮੌਜੂਦ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੈਸਿਆਂ ਵਾਲਾ ਬੈਗ ਖੋਹ ਲਿਆ। ਜਦੋਂ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਵਾਲੀ ਗਲੀ ਜਾ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਗਿਆ ਅਤੇ ਉਹ ਉਥੋਂ ਫਰਾਰ ਹੋ ਗਏ।
ਐੱਸ. ਐੱਚ. ਓ. ਜੰਡਿਆਲਾ ਗੁਰੂ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਮੌਕੇ ’ਤੇ ਜਾ ਕੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਰੰਗੇ ਹੱਥੀਂ ਕਬਜ਼ੇ ’ਚ ਲੈ ਲਿਆ। ਜਾਂਚ ਦੌਰਾਨ ਇਹ ਮੋਟਰਸਾਈਕਲ ਸਰਬਜੀਤ ਸਿੰਘ ਵਾਸੀ ਗਹਿਰੀ ਮੰਡੀ ਦਾ ਨਿਕਲਿਆ।