ਲੁਟੇਰਿਆਂ ਨੇ ਔਰਤ ਦੀ ਚੇਨ ਖੋਹੀ
Monday, Feb 05, 2018 - 01:18 AM (IST)

ਗੁਰਦਾਸਪੁਰ, (ਵਿਨੋਦ, ਦੀਪਕ)- ਜੇਲ ਰੋਡ 'ਤੇ ਬਾਠ ਵਾਲੀ ਗਲੀ 'ਚ ਲੁਟੇਰੇ ਇਕ ਔਰਤ ਦੀ ਸੋਨੇ ਦੀ ਚੇਨ ਲੁੱਟਣ ਵਿਚ ਸਫ਼ਲ ਰਹੇ ਪਰ ਔਰਤ ਦੀ ਬਹਾਦਰੀ ਨਾਲ ਲੁਟੇਰੇ ਮੌਕੇ ਤੋਂ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ।
ਜਾਣਕਾਰੀ ਅਨੁਸਾਰ ਵੰਦਨਾ ਪਤਨੀ ਸੁਨੀਲ ਧਵਨ ਵਾਸੀ ਆਦਰਸ਼ ਨਗਰ ਅੱਜ ਦੁਪਹਿਰ ਸਮੇਂ ਐਕਟਿਵਾ 'ਤੇ ਆਪਣੇ ਰਿਸ਼ਤੇਦਾਰ ਦੇ ਘਰ ਬਾਠ ਵਾਲੀ ਗਲੀ ਵਿਚ ਜਾ ਰਹੀ ਸੀ ਕਿ ਪਿੱਛਿਓਂ 2 ਨੌਜਵਾਨ ਮੋਟਰਸਾਈਕਲ 'ਤੇ ਉਸ ਦੇ ਪਿੱਛੇ ਲੱਗ ਗਏ ਅਤੇ ਗਲੀ ਵਿਚ ਪਹੁੰਚਣ 'ਤੇ ਉਸ ਦੀ ਐਕਟਿਵਾ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਜਦੋਂ ਲੁਟੇਰਿਆਂ ਨੇ ਉਸ ਦੇ ਗਲੇ ਵਿਚ ਪਾਈ ਤਿੰਨ ਤੋਲੇ ਦੀ ਸੋਨੇ ਦੀ ਚੇਨ ਖਿੱਚ ਕੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਕੀਤਾ, ਜਿਸ 'ਤੇ ਲੁਟੇਰੇ ਘਬਰਾਹਟ ਵਿਚ ਮੋਟਰਸਾਈਕਲ ਤੋਂ ਬੇਕਾਬੂ ਹੋ ਕੇ ਡਿੱਗ ਪਏ ਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਗਏ।
ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੁਟੇਰਿਆਂ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਮੋਟਰਸਾਈਕਲ 'ਤੇ ਚੰਡੀਗੜ੍ਹ ਦਾ ਨੰਬਰ ਲੱਗਾ ਹੈ। ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।