ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ
Monday, May 08, 2023 - 10:54 AM (IST)
ਅੰਮ੍ਰਿਤਸਰ (ਬਾਠ)- ਪੰਜਾਬ ਦੀ ਆਉਣ ਵਾਲੀ ਪੀੜ੍ਹੀ ਲਈ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਅੰਮ੍ਰਿਤਸਰ ਸੰਸਾਰ ਦੀ ਆਧੁਨਿਕ ਤੇ ਤੇਜ਼ ਰਫ਼ਤਾਰ ਬੁਲੇਟ ਟਰੇਨ ਗੱਡੀ ਦੇ ਰੂਟ ਦੇ ਸਰਵੇ ਦਾ ਕੰਮ ਸ਼ੁਰੂ ਹੋਣ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਨਵੀਂ ਪੀੜ੍ਹੀ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਹੋਣ ਵਿਚ 25-26 ਸਾਲ ਲੱਗਣ ਦੀ ਸੰਭਾਵਨਾ ਹੈ। ਇਹ ਸਾਲ 2051 ਤੱਕ ਮੁਕੰਮਲ ਹੋਣ ਦੀ ਆਸ ਹੈ। ਇਸ ਲਈ ਮੌਜੂਦਾ ਪੀੜ੍ਹੀ ਨੂੰ ਇਸ ਵਿਚ ਸਫ਼ਰ ਕਰਨ ਦਾ ਸੁਫ਼ਨਾ ਘੱਟ ਹੀ ਨਜ਼ਰ ਆਉਂਦਾ ਹੈ। ਇਸ ਰੂਟ ’ਤੇ ਡੀ. ਪੀ. ਆਰ. ਤਹਿਤ ਬੁਰਜੀਆਂ ਲਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਨਵੀਂ ਰੇਲ ਲਾਈਨ ਮੌਜੂਦਾ ਬਣ ਰਹੇ ਦਿੱਲੀ-ਅੰਮ੍ਰਿਤਸਰ ਕਟੜਾ ਹਾਈਵੇ ਦੇ ਨਾਲ-ਨਾਲ ਵਿਛਾਈ ਜਾਵੇਗੀ। ਇਸ ਰੂਟ ਦੀ ਕੁਲ ਲੰਬਾਈ 465 ਕਿਲੋਮੀਟਰ ਹੋਵੇਗੀ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਇਸ ਰੂਟ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਚੰਡੀਗੜ੍ਹ ਤੋਂ ਵੱਖਰੀ ਸੁਪਰ ਲਾਈਨ ਨਜ਼ਦੀਕੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਦੇ ਨਾਲ ਲੱਗਦੀ ਬੁਲੇਟ ਟਰੇਨ ਦੀ ਪਟੜੀ ਨਾਲ ਜੋੜੀ ਜਾਵੇਗੀ। ਇਸ ਪੂਰੇ ਰੂਟ ’ਤੇ ਕੁਲ 13 ਰੇਲਵੇ ਸਟੇਸ਼ਨ ਹੋਣਗੇ। ਇਨ੍ਹਾਂ ਵਿਚ ਦਿੱਲੀ, ਅਸ਼ੋਦਾ, ਰੋਹਤਕ, ਜੀਦ ਕੈਥਲ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਸਟੇਸ਼ਨ ਬਣਾਏ ਜਾਣਗੇ। ਇਸ ਤੋਂ ਇਲਾਵਾ ਸਹਾਇਕ ਸਪਰ ਲਾਈਨ ਤੇ ਪਟਿਆਲਾ, ਰਾਜਪੁਰ ਤੇ ਚੰਡੀਗੜ੍ਹ ਸਟੇਸ਼ਨ ਹੋਣਗੇ।
ਇਹ ਵੀ ਪੜ੍ਹੋ- ਸ਼੍ਰੀਲੰਕਾ ਤੋਂ ਵੀ ਬਦਤਰ ਹੋਏ ਪਾਕਿ ਦੇ ਹਾਲਾਤ, 89 ਫ਼ੀਸਦੀ ਲੋਕਾਂ ਨੂੰ ਨਹੀਂ ਮਿਲ ਰਿਹੈ ਢਿੱਡ ਭਰ ਕੇ ਖਾਣਾ
ਇਸ ਬੁਲੇਟ ਟਰੇਨ ਦੀ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ। ਇਸ ਰੇਲ ਲਾਈਨ ਉਪਰ ਆਧੁਨਿਕ ਤਕਨੀਕ ਨਾਲ ਬਣੇ ਡੀ. ਸੀ. ਤੇ ਈ. ਟੀ. ਸੀ. ਟਾਈਪ ਰੇਲਵੇ ਸਿਗਨਲ ਹੋਣਗੇ। ਇਸ ਦੀ ਇਕ ਟਰੇਨ ਵਿਚ ਇਕ ਸਮੇਂ 750 ਯਾਤਰੀ ਸਫ਼ਰ ਕਰ ਸਕਣਗੇ। ਇਹ ਰੇਲ ਪਟੜੀ ਭੂਚਾਲ ਰਹਿਤ ਹੋਵੇਗੀ। ਡੀ. ਪੀ. ਆਰ. ਦੇ ਕੰਮ ਨੂੰ ਸਿਰੇ ਚਾੜ੍ਹਨ ਲਈ ਹਾਈਵੇ ਇੰਜੀਨੀਅਰ ਮੈਗਨੀਚਿਊਡ ਕੰਪਨੀ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਬੁਲਟ ਟਰੇਨ ਦੇ ਰੂਟ ਦਾ ਸਰਵੇ ਕਰਨ ਲਈ ਘੱਟ ਪੈਸਿਆਂ ਵਿਚ ਕੰਮ ਕਰਨ ਲਈ ਕੰਪਨੀ ਏ. ਪੀ. ਈ. ਸੀ. ਓ ਨੂੰ ਕੰਮ ਦਾ ਠੇਕਾ ਦਿੱਤਾ ਗਿਆ ਹੈ। ਇਸ ਰੂਟ ਦੇ ਰਸਤੇ ਵਿਚ ਪੈਂਦੇ ਮਕਾਨਾਂ ਜ਼ਮੀਨਾਂ ਤੋਂ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਲਈ ਰੁਕਾਵਟਾਂ ਦੂਰ ਕਰਨ ਲਈ ਵਿਦੇਸ਼ੀ ਕੰਪਨੀ ਮਿਨੀ ਟੈਕਸਲ ਨੂੰ ਹਾਇਰ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।