ਕਿਸਾਨੀ ਝੰਡਿਆਂ ਹੇਠ ਰਵਾਨਾ ਹੋਈ ਘਰਾਚੋਂ ਦੇ ਨੌਜਵਾਨ ਦੀ ਬਰਾਤ

04/04/2021 6:47:29 PM

ਭਵਾਨੀਗੜ੍ਹ (ਕਾਂਸਲ)-ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਤੋਂ ਅੱਜ ਸਵੇਰੇ ਇਕ ਨੌਜਵਾਨ ਦੀ ਬਰਾਤ ਕਿਸਾਨੀ ਝੰਡੇ ਹੇਠ ਬਠਿੰਡਾ ਨੂੰ ਰਵਾਨਾ ਨੂੰ ਹੋਈ। ਇਸ ਮੌਕੇ ਬਰਾਤ ’ਚ ਸ਼ਾਮਿਲ ਪਰਿਵਾਰਕ ਮੈਂਬਰਾਂ ਅਤੇ ਹੋਰ ਬਾਰਾਤੀਆਂ ਨੇ ਆਪਣੇ ਹੱਥਾਂ ’ਚ ਕਿਸਾਨ ਜਥੇਬੰਦੀ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਝੰਡੇ ਚੁੱਕ ਜਿਥੇ ਬੀ. ਕੇ. ਯੂ. ਏਕਤਾ ਉਗਰਾਹਾਂ ਜ਼ਿੰਦਾਬਾਦ ਦੇ ਨਾਅਰੇ ਲਾਏ, ਉਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਪਿੰਡ ਘਰਾਚੋਂ ਤੋਂ ਅੱਜ ਪਿੰਡ ਦੇ ਕਿਸਾਨ ਰਣਧੀਰ ਸਿੰਘ ਦੇ ਪੁੱਤਰ ਮਤਵਾਲ ਦੀ ਬਰਾਤ ਦੀ ਰਵਾਨਗੀ ਸਮੇਂ ਬਾਰਾਤ ’ਚ ਸ਼ਾਮਲ ਬਾਰਾਤੀਆਂ ਨੇ ਕਿਸਾਨੀ ਝੰਡੇ ਹੱਥਾਂ ’ਚ ਚੁੱਕ ਕੇ ‘ਕੇਂਦਰ ਸਰਕਾਰ ਮੁਰਦਾਬਾਦ’ ਅਤੇ ‘ਹੱਕ ਲਵਾਂਗੇ ਏਕੇ ਨਾਲ’ ਦੇ ਨਾਅਰੇ ਲਾਏ । ਇਸ ਮੌਕੇ ਮੁੰਡੇ ਦੀ ਮਾਤਾ ਬਲਜਿੰਦਰ ਕੌਰ ਅਤੇ ਚਾਚੀ ਹਰਵਿੰਦਰ ਕੌਰ ਆਗੂ ਇਸਤਰੀ ਵਿੰਗ ਬੀ. ਕੇ. ਯੂ. ਏਕਤਾ ਉਗਰਾਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਅਤੇ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆ ਦੀ ਕਠਪੁਤਲੀ ਬਣੀ ਕੇਂਦਰ ਸਰਕਾਰ ਵੱਲੋਂ ਕਿਸਾਨੀ ਅਤੇ ਪੰਜਾਬ ਦਾ ਜੜ੍ਹੋਂ ਖਾਤਮਾ ਕਰਨ ਦੀ ਮਾੜੀ ਨੀਅਤ ਅਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕੀਤੇ ਹਨ । ਉਨ੍ਹਾਂ ਕਿਹਾ ਕਿ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਹ ਸਮੁੱਚੇ ਪਰਿਵਾਰ ਸਮੇਤ ਫਿਰ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਡੇਰੇ ਲਾਉਣਗੇ ਅਤੇ ਕੇਂਦਰ ਦਾ ਡਟ ਕੇ ਵਿਰੋਧ ਕਰਨਗੇ।

ਉਨ੍ਹਾਂ ਕਿਹਾ ਕਿ ਸਾਡੀਆਂ ਖੁਸ਼ੀਆਂ ਵੀ ਹੁਣ ਸੰਘਰਸ਼ ਦਾ ਇਕ ਹਿੱਸਾ ਹਨ, ਇਸ ਲਈ ਜਦੋਂ ਤੱਕ ਕੇਂਦਰ ਵੱਲੋਂ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਸਮੁੱਚੇ ਪੰਜਾਬ ਦੇ ਨਿਵਾਸੀ ਆਪਣੀਆਂ ਖੁਸ਼ੀਆਂ ਦੀ ਥਾਂ ਸੰਘਰਸ਼ ਨੂੰ ਹੀ ਪ੍ਰਮੁੱਖਤਾ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਲਾਗੂ ਕੀਤੇ ਸਾਰੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁੰਰਤ ਰੱਦ ਕੀਤੇ ਜਾਣ । ਇਸ ਮੌਕੇ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਘਰਾਚੋਂ ਅਤੇ ਸੰਦੀਪ ਸਿੰਘ ਘੁੰਮਣ ਸਮੇਤ ਕਈ ਕਿਸਾਨ ਆਗੂ ਵੀ ਮੌਜੂਦ ਸਨ ।


Anuradha

Content Editor

Related News