ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨਾ ਥਾਣੇਦਾਰ ਨੂੰ ਪਿਆ ਭਾਰੀ, ਕੋਰਟ ਨੇ ਸੁਣਾਇਆ ਇਹ ਫ਼ੈਸਲਾ

Monday, Apr 17, 2023 - 10:31 PM (IST)

ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨਾ ਥਾਣੇਦਾਰ ਨੂੰ ਪਿਆ ਭਾਰੀ, ਕੋਰਟ ਨੇ ਸੁਣਾਇਆ ਇਹ ਫ਼ੈਸਲਾ

ਜਲੰਧਰ (ਨਰਿੰਦਰ ਮੋਹਨ) : ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨਾ ਥਾਣੇਦਾਰ ਨੂੰ ਭਾਰੀ ਪਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਅਬੋਹਰ ਦੇ ਇੱਕ ਥਾਣੇਦਾਰ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਸ਼ ਹੈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਅਬੋਹਰ ਇਲਾਕੇ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਖੁਸ਼ ਕਰਨ ਲਈ ਉਕਤ ਥਾਣੇਦਾਰ ਨੇ ਇੱਕ ਮਾਮਲੇ ਵਿੱਚ ਅਕਾਲੀ ਆਗੂ ਨੂੰ ਪੂਰੇ ਬਾਜ਼ਾਰ ਵਿੱਚ ਹਥਕੜੀਆਂ ਲਗਾ ਕੇ ਬਾਜ਼ਾਰ 'ਚ ਘੁਮਾਇਆ ਸੀ। ਮਾਮਲਾ ਅਕਾਲੀ ਆਗੂ ਦੇ ਅਪਮਾਨ ਦਾ ਬਣ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਰਵਿੰਦਰ ਸਿੰਘ ਸਾਂਗਵਾਨ ਨੇ ਅਕਾਲੀ ਆਗੂ ਵੱਲੋਂ ਦਾਇਰ ਮਾਣਹਾਨੀ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਅਬੋਹਰ ਇਲਾਕੇ ਦੇ ਬਹਾਵਵਾਲਾ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਟੋਹਰੀ ਨੂੰ ਇਕ ਲੱਖ ਰੁਪਏ ਜੁਰਮਾਨਾ ਮੌਕੇ 'ਤੇ ਭਰਨ ਦੇ ਹੁਕਮ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ : NIA ਦੀ ਟੀਮ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਦਿੱਲੀ ਰਵਾਨਾ, ਹੁਣ ਇਸ ਮਾਮਲੇ ’ਚ ਕਰੇਗੀ ਪੁੱਛਗਿੱਛ

ਬਿਨੈਕਰਤਾ ਅਕਾਲੀ ਦਲ ਦੇ ਅਬੋਹਰ ਸਰਕਲ ਦੇ ਪ੍ਰਧਾਨ ਸੁਰੇਸ਼ ਸਤੀਜਾ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜੂਨ 2018 ਵਿੱਚ ਥਾਣਾ ਸਿਟੀ ਬਹਾਵਵਾਲਾ ਦੇ ਤਤਕਾਲੀ ਇੰਚਾਰਜ ਬਲਵਿੰਦਰ ਸਿੰਘ ਟੋਹਰੀ ਨੇ ਕਾਂਗਰਸ ਦੇ ਤਤਕਾਲੀ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 420, 467, 468, 471 ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੇ ਤਹਿਤ 18 ਜੂਨ 2018 ਨੂੰ ਥਾਣਾ ਸਿਟੀ ਬਹਾਵਵਾਲਾ ਵਿਖੇ ਮਾਮਲਾ ਦਰਜ ਕੀਤਾ ਸੀ। ਦਰਖਾਸਤ ਵਿੱਚ ਉਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਬਲਵਿੰਦਰ ਸਿੰਘ ਟੋਹਰੀ ਨੇ ਜਾਂਚ ਦੇ ਨਾਂ ’ਤੇ ਉਸ ਨੂੰ ਹੱਥਕੜੀ ਲਾ ਕੇ ਬਾਜ਼ਾਰ ਵਿੱਚ ਸ਼ਰੇਆਮ ਘੁਮਾਇਆ ਸੀ। ਜਿਸ ਕਾਰਨ ਇੱਕ ਪਾਸੇ ਟੋਹਰੀ ਨੇ ਮਾਣਯੋਗ ਅਦਾਲਤ ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ, ਦੂਜੇ ਪਾਸੇ ਸਿਆਸੀ ਸ਼ਹਿ 'ਤੇ ਉਨ੍ਹਾਂ ਦੀ ਸਾਖ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਤੀਜਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੀਆਂ ਸਮੂਹ NGO's ਨੂੰ ਵੰਡੀਆਂ ਗ੍ਰਾਂਟਾਂ, ਕਹੀ ਇਹ ਗੱਲ

ਪੰਜ ਸਾਲ ਤੱਕ ਚੱਲੀ ਇਸ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚ ਟੋਹਰੀ ਨੇ ਕਥਿਤ ਤੌਰ 'ਤੇ ਪੀੜਤ ਸੁਰੇਸ਼ ਸਤੀਜਾ 'ਤੇ ਕਈ ਵਾਰ ਸਮਝੌਤਾ ਕਰਕੇ ਪਟੀਸ਼ਨ ਵਾਪਸ ਲੈਣ ਲਈ ਦਬਾਅ ਪਾਇਆ, ਜੋ ਅਸਫ਼ਲ ਰਿਹਾ। ਇਸੇ ਮਾਮਲੇ ਦੀ ਸੁਣਵਾਈ ਕਰਦਿਆਂ ਕਰੀਬ ਇੱਕ ਮਹੀਨਾ ਪਹਿਲਾਂ ਹਾਈ ਕੋਰਟ ਦੇ ਜੱਜ ਨੇ ਟੋਹਰੀ ਨੂੰ ਇੱਕ ਮਹੀਨੇ ਦਾ ਸਮਾਂ ਦਿੰਦਿਆਂ ਪੀੜਤ ਨੂੰ ਇੱਕ ਲੱਖ ਰੁਪਏ ਦੇ ਕੇ ਸਮਝੌਤਾ ਕਰਨ ਦਾ ਜ਼ੁਬਾਨੀ ਹੁਕਮ ਦਿੱਤਾ ਸੀ। ਪਰ ਪੀੜਤ ਸੁਰੇਸ਼ ਸਤੀਜਾ ਨੇ ਇੱਕ ਲੱਖ ਰੁਪਏ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਹ ਰਕਮ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਚਲਾਈ ਜਾ ਰਹੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨੂੰ ਦੇਣ ਦੀ ਇੱਛਾ ਪ੍ਰਗਟਾਈ। ਪੀੜਤ ਵੱਲੋਂ ਕੀਤੀ ਗਈ ਅਪੀਲ ਨੂੰ ਪ੍ਰਵਾਨ ਕਰਦਿਆਂ ਜੱਜ ਨੇ 12 ਅਪ੍ਰੈਲ 2023 ਨੂੰ ਉਕਤ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਟੋਹਰੀ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਤੁਰੰਤ ਅਦਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ : ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਗਰਾਮ

ਦੂਜੇ ਪਾਸੇ ਪਟੀਸ਼ਨਰ ਸੁਰੇਸ਼ ਸਤੀਜਾ ਨੇ ਅਦਾਲਤ ਦੇ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਟੋਹਰੀ ਨੂੰ ਇਸ ਜੁਰਮ ਲਈ ਦੋਸ਼ੀ ਪਾਇਆ ਹੈ ਪਰ ਉਸ ਵੱਲੋਂ ਕੀਤੇ ਗਏ ਜੁਰਮ ਦੇ ਹਿਸਾਬ ਨਾਲ ਸਜ਼ਾ ਬਹੁਤ ਘੱਟ ਹੈ। ਜਦਕਿ ਉਸ ਨੂੰ ਇਸ ਜੁਰਮ ਵਿੱਚ ਕਾਨੂੰਨ ਅਨੁਸਾਰ ਘੱਟੋ-ਘੱਟ 6 ਮਹੀਨੇ ਦੀ ਸਖ਼ਤ ਕੈਦ ਅਤੇ ਭਾਰੀ ਜੁਰਮਾਨੇ ਦੀ ਸਜ਼ਾ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਇਸ ਫੈਸਲੇ ਖਿਲਾਫ਼ ਅਪੀਲ ਦਾਇਰ ਕਰਨਗੇ।


author

Mandeep Singh

Content Editor

Related News