ਪੁਲਸ ਨੇ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ ਸਰਗਣੇ ਨੂੰ ਕੀਤਾ ਗ੍ਰਿਫ਼ਤਾਰ

Saturday, Apr 15, 2023 - 01:24 AM (IST)

ਫਿਲੌਰ (ਭਾਖੜੀ)-‘ਜਗ ਬਾਣੀ’ ’ਚ ਪ੍ਰਕਾਸ਼ਿਤ ਖ਼ਬਰ ‘ਸ਼ਹਿਰ ’ਚ ਉੱਤਰੀ ਹਥਿਆਰਾਂ ਦੀ ਖੇਪ’ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦ ਚੌਕਸ ਹੋਏ ਸਥਾਨਕ ਪੁਲਸ ਵਿਭਾਗ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ ਮੁੱਖ ਸਰਗਣੇ ਨੂੰ ਇਕ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਸਾਥੀ ਅਜੇ ਫਰਾਰ ਹਨ। ਆਉਣ ਵਾਲੇ ਦਿਨਾਂ ’ਚ ਪੁਲਸ ਨੂੰ ਇਸ ਗਿਰੋਹ ਦੇ ਲੋਕਾਂ ਕੋਲੋਂ ਹੋਰ ਵੀ ਹਥਿਆਰ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੀ 6 ਅਪ੍ਰੈਲ ਨੂੰ ‘ਜਗ ਬਾਣੀ’ ਨੇ ਸੂਤਰਾਂ ਦੇ ਹਵਾਲੇ ਨਾਲ ਵੱਡਾ ਖ਼ੁਲਾਸਾ ਕੀਤਾ ਸੀ ਕਿ ਸ਼ਹਿਰ ’ਚ ਹਥਿਆਰਾਂ ਦੀ ਵੱਡੀ ਖੇਪ ਪੁੱਜ ਚੁੱਕੀ ਹੈ ਅਤੇ ਗਿਰੋਹ ਦੇ ਲੋਕ ਦੂਜੇ ਸੂਬਿਆਂ ਤੋਂ 3 ਤੋਂ 4 ਪਿਸਤੌਲ ਖਰੀਦ ਕੇ ਲਿਆਏ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਪੁੱਛਗਿੱਛ ਖ਼ਤਮ, ਦਫ਼ਤਰ ’ਚੋਂ ਬਾਹਰ ਨਿਕਲਦਿਆਂ ਹੀ ਸਾਬਕਾ CM ਚੰਨੀ ਨੇ ਦਿੱਤਾ ਵੱਡਾ ਬਿਆਨ

ਝੁੱਗੀ-ਝੌਂਪੜੀ ਅਤੇ ਕੱਚੇ ਮਕਾਨਾਂ ’ਚ ਰਹਿ ਰਹੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਹ ਲੋਕ ਆਪਣਾ ਦਬਦਬਾ ਕਾਇਮ ਕਰਨ ਲਈ ਰਾਤ ਨੂੰ ਮਾਮੂਲੀ ਤਕਰਾਰ ਤੋਂ ਬਾਅਦ ਸ਼ਰੇਆਮ ਗੋਲ਼ੀਆਂ ਚਲਾ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਕਾਇਮ ਕਰ ਰਹੇ ਹਨ। ਉਕਤ ਖ਼ਬਰ ਛਪਣ ਤੋਂ ਬਾਅਦ ਸਥਾਨਕ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਉਨ੍ਹਾਂ ਦੇ ਹੱਥ ਕਾਮਯਾਬੀ ਵੀ ਲੱਗੀ ਹੈ। ਅੱਜ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਜਗਦੀਸ਼ ਰਾਜ ਨੇ ਆਪਣੇ ਦਫ਼ਤਰ ’ਚ ਇਕ ਪੱਤਰਕਾਰ ਸਮਾਗਮ ਕਰ ਕੇ ਦੱਸਿਆ ਕਿ ਗੁੰਡਾ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਐੱਸ. ਆਈ. ਪਰਮਜੀਤ ਸਿੰਘ ਦੇ ਹੱਥ ਵੱਡੀ ਸਫ਼ਲਤਾ ਲੱਗੀ, ਜਦੋਂ ਉਨ੍ਹਾਂ ਨੇ ਦੂਜੇ ਸੂਬੇ ਤੋਂ ਹਥਿਆਰ ਖਰੀਦ ਕੇ ਜਿੱਥੇ ਗੁੰਡਾ ਅਨਸਰਾਂ ਨੂੰ ਸਪਲਾਈ ਕਰਨ ਵਾਲੇ ਗਿਰੋਹ ਦੇ ਮੁਖੀ ਰਾਜੂ ਪੁੱਤਰ ਬਿੱਟੂ ਵਾਸੀ ਪਿੰਡ ਜਗਤਪੁਰਾ ਪੰਜਢੇਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਪਿਸਤੌਲ 7.65 ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਖੁਰਾਲਗੜ੍ਹ ਨੇੜੇ ਹਾਦਸਿਆਂ ’ਚ ਮਾਰੇ ਗਏ ਸ਼ਰਧਾਲੂਆਂ ਦੇ ਵਾਰਿਸਾਂ ਲਈ ਕੀਤਾ ਇਹ ਐਲਾਨ

ਡੀ. ਐੱਸ. ਪੀ. ਨੇ ਦੱਸਿਆ ਕਿ ਬੀਤੇ ਹਫ਼ਤੇ ਇਸੇ ਗਿਰੋਹ ਨੇ ਮਾਮੂਲੀ ਤਕਰਾਰ ਤੋਂ ਬਾਅਦ ਮੁਹੱਲੇ ’ਚ ਰਾਤ ਨੂੰ ਗੋਲ਼ੀਆਂ ਚਲਾ ਕੇ ਸ਼ਹਿਰ ’ਚ ਦਹਿਸ਼ਤ ਫੈਲਾਉਣ ਦਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਗਿਰੋਹ ਦੇ ਸਰਗਣੇ ਰਾਜੂ ਨੂੰ ਰਿਮਾਂਡ ’ਤੇ ਲੈ ਕੇ ਇਸ ਤੋਂ ਅਗਲੀ ਪੁੱਛਗਿੱਛ ਕਰ ਕੇ ਇਸ ਗੱਲ ਦਾ ਪਤਾ ਲਾਇਆ ਜਾਵੇਗਾ ਕਿ ਇਸ ਗਿਰੋਹ ’ਚ ਹੋਰ ਕਿੰਨੇ ਲੜਕੇ ਸ਼ਾਮਲ ਹਨ ਅਤੇ ਉਹ ਹੋਰ ਕਿੰਨੇ ਹਥਿਆਰ ਦੂਜੇ ਸੂਬੇ ਤੋਂ ਖਰੀਦ ਕੇ ਲਿਆਏ ਸਨ। ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਵੀ ਪਿਸਤੌਲ ਪੁਲਸ ਨੂੰ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਜਲੰਧਰ ਨੇੜਲੇ ਵਿਧਾਨ ਸਭਾ ਹਲਕਿਆਂ ਦੇ 3 ਕਿਲੋਮੀਟਰ ਘੇਰੇ ਅੰਦਰ 8 ਤੋਂ 10 ਮਈ ਤੱਕ ਰਹੇਗਾ ਡਰਾਈ ਡੇਅ

ਡੀ. ਐੱਸ. ਪੀ. ਨੇ ਦੱਸਿਆ ਕਿ ਫੜਿਆ ਗਿਆ ਗਿਰੋਹ ਦਾ ਸਰਗਣਾ ਰਾਜੂ ਪਿਛਲੇ ਲੰਬੇ ਸਮੇਂ ਤੋਂ ਹਥਿਆਰਾਂ ਦੀ ਸਮੱਗਲਿੰਗ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਇਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਆਪਣਾ ਦਬਦਬਾ ਕਾਇਮ ਕਰਨ ਲਈ ਸ਼ਹਿਰ ਦੇ ਮੁੱਖ ਅੰਬੇਡਕਰ ਚੌਕ ’ਚ ਸ਼ਰੇਆਮ ਦਿਨ-ਦਿਹਾੜੇ ਆਪਣੇ ਵਿਰੋਧੀ ਧੜੇ ’ਤੇ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਈ ਸੀ। ਦੂਜਾ ਉਸ ਨੇ ਆਪਣੇ ਇਕ ਹੋਰ ਵਿਰੋਧੀ ਦੇ ਘਰ ਹਮਲਾ ਕਰ ਕੇ ਉਸ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਸੀ, ਜਿਸ ਕਾਰਨ ਇਸ ’ਤੇ ਪਹਿਲਾਂ ਹੀ 2 ਮੁਕੱਦਮੇ ਦਰਜ ਹਨ ਅਤੇ ਇਹ ਦੋਵੇਂ ਮੁਕੱਦਮਿਆਂ ’ਚ ਭਗੌੜਾ ਚੱਲ ਰਿਹਾ ਸੀ, ਜਿਸ ਦੀ ਪੁਲਸ ਨੂੰ ਪਹਿਲਾਂ ਹੀ ਭਾਲ ਸੀ। ਫਰਾਰ ਹੋਣ ਤੋਂ ਬਾਅਦ ਵੀ ਉਹ ਆਪਣੇ ਗਿਰੋਹ ਦੇ ਲੋਕਾਂ ਨਾਲ ਮਿਲ ਕੇ ਹਥਿਆਰਾਂ ਦੀ ਸਮੱਗਲਿੰਗ ਕਰਨ ਦਾ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪੁੱਛਗਿੱਛ ਮਗਰੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ ਕਿ ਇਹ ਗਿਰੋਹ ਅੱਗੇ ਕਿਨ੍ਹਾਂ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ।


Manoj

Content Editor

Related News