ਦਿੱਲੀ ਨਾਲੋਂ ਜ਼ਹਿਰੀਲੀ ਹੋਈ ਪੰਜਾਬ ਦੀ ਆਬੋ-ਹਵਾ, ਸਾਹ ਲੈਣਾ ਹੋਇਆ ਮੁਸ਼ਕਿਲ
Thursday, Oct 26, 2017 - 11:31 AM (IST)
ਪੰਜਾਬ ਦੇ ਲੋਕ ਪਿਛਲੇ 4 ਦਿਨਾਂ ਤੋਂ ਦਿੱਲੀ ਦੇ ਮੁਕਾਬਲੇ ਜ਼ਿਆਦਾ ਜ਼ਹਿਰੀਲੀ ਹਵਾ ਵਿਚ ਸਾਹ ਲੈ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿਚ ਹਵਾ ਦੀ ਇੰਡੈਕਸ ਵੈਲਿਊ 400 ਤੱਕ ਪਹੁੰਚ ਗਈ ਹੈ, ਜਦਕਿ ਦਿੱਲੀ ਵਿਚ ਪਿਛਲੇ ਇਕ ਹਫਤੇ ਤੋਂ ਲੁਧਿਆਣਾ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਤੇ ਮੰਡੀ ਗੋਬਿੰਦਗੜ੍ਹ ਵਿਚ ਵੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਇਨ੍ਹਾਂ 3 ਕੇਂਦਰਾਂ 'ਤੇ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਬੋ-ਹਵਾ ਨੂੰ ਮਾਪਿਆ ਜਾਂਦਾ ਹੈ। ਸਾਧਾਰਨ ਪੱਧਰ 'ਤੇ ਪੰਜਾਬ ਵਿਚ ਹਵਾ ਦਾ ਇਹ ਇੰਡੈਕਸ 100 ਦੇ ਨੇੜੇ-ਤੇੜੇ ਰਹਿੰਦਾ ਹੈ। ਮਤਲਬ ਕਿ ਪਿਛਲੇ ਇਕ ਹਫਤੇ ਵਿਚ ਹਵਾ 4 ਗੁਣਾ ਜ਼ਹਿਰੀਲੀ ਹੋ ਗਈ ਹੈ। ਦੀਵਾਲੀ ਤੋਂ ਇਕ ਦਿਨ ਬਾਅਦ ਹੀ 20 ਅਕਤੂਬਰ ਨੂੰ ਲੁਧਿਆਣਾ ਵਿਚ ਇੰਡੈਕਸ ਵੈਲਿਊ 399 ਦਰਜ ਕੀਤੀ ਗਈ, ਜਦ ਕਿ ਮੰਡੀ ਗੋਬਿੰਦਗੜ੍ਹ ਵਿਚ 22 ਅਕਤੂਬਰ ਨੂੰ ਇੰਡੈਕਸ ਵੈਲਿਊ 384 ਸੀ। ਦੂਸਰੇ ਪਾਸੇ ਦਿੱਲੀ ਵਿਚ 22 ਅਕਤੂਬਰ ਨੂੰ ਇੰਡੈਕਸ ਵੈਲਿਊ 329 ਦਰਜ ਕੀਤੀ ਗਈ। ਪੂਰੇ ਹਫਤੇ ਵਿਚ 20 ਅਕਤੂਬਰ ਨੂੰ ਹੀ ਦਿੱਲੀ ਦੀ ਆਬੋ-ਹਵਾ ਪੰਜਾਬ ਦੇ ਮੁਕਾਬਲੇ 4 ਅੰਕ ਜ਼ਿਆਦਾ ਪ੍ਰਦੂਸ਼ਿਤ ਸੀ।
| ਮਿਤੀ | ਲੁਧਿਆਣਾ | ਅੰਮ੍ਰਿਤਸਰ | ਮੰਡੀ ਗੋਬਿੰਦਗੜ੍ਹ | ਦਿੱਲੀ |
| 24 ਅਕਤੂਬਰ | 346 | 164 | 254 | 309 |
| 23 ਅਕਤੂਬਰ | 389 | 365 | 335 | 306 |
| 22 ਅਕਤੂਬਰ | 360 | 338 | 384 | 329 |
| 21 ਅਕਤੂਬਰ | 354 | 291 | 315 | 389 |
| 20 ਅਕਤੂਬਰ | 399 | 342 | 324 | 403 |
| 19 ਅਕਤੂਬਰ | 307 | 213 | 224 | 319 |
| 18 ਅਕਤੂਬਰ | 355 | 296 | ... | 302 |
ਕੀ ਹੈ ਕਾਰਨ?
ਪੰਜਾਬ 'ਚ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਕਾਰਨ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਤੇਜ਼ੀ ਆਈ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਬੋ-ਹਵਾ 'ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਤਾਕੀਦ ਕੀਤੀ ਸੀ ਪਰ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਿਸਾਨਾਂ ਦਾ ਹੌਸਲਾ ਵਧਿਆ ਹੈ ਅਤੇ ਇਸ ਦਾ ਅਸਰ ਵਾਤਾਵਰਣ 'ਤੇ ਸਾਫ ਨਜ਼ਰ ਆ ਰਿਹਾ ਹੈ।
ਬਜ਼ੁਰਗਾਂ ਤੇ ਬੱਚਿਆਂ ਦਾ ਧਿਆਨ ਰੱਖੋ
ਇਸੇ ਦੌਰਾਨ ਪੰਜਾਬ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਡਾਕਟਰਾਂ ਨੇ ਆਮ ਜਨਤਾ ਨੂੰ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਜਲੰਧਰ ਦੇ ਦੋਆਬਾ ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਨੂੰ ਇਨ੍ਹਾਂ ਦਿਨਾਂ ਵਿਚ ਬੱਚਿਆਂ ਕੋਲੋਂ ਆਊਟਡੋਰ ਐਕਟੀਵਿਟੀਜ਼ ਘੱਟ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਖੁੱਲ੍ਹੇ ਵਿਚ ਜ਼ਿਆਦਾ ਬਾਹਰ ਨਹੀਂ ਭੇਜਣਾ ਚਾਹੀਦਾ। ਇਸ ਨਾਲ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਪੇਸ਼ ਆਉਣ ਤੋਂ ਇਲਾਵਾ ਫੇਫੜਿਆਂ ਨਾਲ ਸਬੰਧਤ ਬੀਮਾਰੀ ਦੇ ਨਾਲ-ਨਾਲ ਐਲਰਜੀ ਦੀ ਵੀ ਸਮੱਸਿਆ ਹੋ ਸਕਦੀ ਹੈ। ਇਸ ਦਾ ਅਸਰ ਸਿਰਫ ਬੱਚਿਆਂ 'ਤੇ ਹੀ ਨਹੀਂ ਪਵੇਗਾ ਬਲਕਿ ਬਜ਼ੁਰਗਾਂ ਤੇ ਖਾਸ ਤੌਰ 'ਤੇ ਅਸਥਮਾ ਦੇ ਮਰੀਜ਼ਾਂ ਨੂੰ ਵੀ ਇਸ ਮੌਸਮ ਵਿਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਬੱਚਿਆਂ 'ਚ ਐਲਰਜੀ ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਦੀਆਂ ਦਿੱਕਤਾਂ ਦੇ ਮਾਮਲੇ ਵਧ ਰਹੇ ਹਨ। ਲਿਹਾਜ਼ਾ ਅਜਿਹੀ ਸਥਿਤੀ ਵਿਚ ਬੱਚਿਆਂ ਦਾ ਬਚਾਅ ਕਰਨਾ ਹੀ ਸਭ ਤੋਂ ਵੱਡਾ ਪ੍ਰਹੇਜ਼ ਹੈ।
ਲੰਡਨ 'ਚ ਪ੍ਰਦੂਸ਼ਣ 'ਤੇ ਲੱਗਾ ਟੈਕਸ
ਲੰਡਨ ਦੀਆਂ ਸੜਕਾਂ 'ਤੇ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਨੂੰ ਹੁਣ ਪ੍ਰਦੂਸ਼ਣ ਟੈਕਸ ਦੇਣਾ ਪਵੇਗਾ। ਲੰਡਨ ਯੂਰਪ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਇਕ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ 'ਤੇ 10 ਪੌਂਡ ਦਾ ਵਾਧੂ ਚਾਰਜ ਲੱਗੇਗਾ। ਇਹ ਟੈਕਸ ਉਨ੍ਹਾਂ ਸਾਰੀਆਂ ਪੈਟਰੋਲ ਤੇ ਡੀਜ਼ਲ ਗੱਡੀਆਂ 'ਤੇ ਲੱਗੇਗਾ ਜੋ ਯੂਰੋ ਫਾਰ ਐਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਰਜਿਸਟਰਡ ਕੀਤੀਆਂ ਗਈਆਂ ਹਨ। ਇਸ ਦਾਇਰੇ ਵਿਚ 2008 ਤੋਂ ਪਹਿਲਾਂ ਰਜਿਸਟਰਡ ਹੋਈਆਂ ਗੱਡੀਆਂ ਆਉਣਗੀਆਂ। ਇੰਗਲੈਂਡ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਬ੍ਰਿਟੇਨ ਨੂੰ ਪ੍ਰਦੂਸ਼ਣ ਵਿਚ ਕਮੀ ਲਿਆਉਣ ਲਈ ਕਿਹਾ ਸੀ। ਲੰਡਨ ਦੇ ਮੇਅਰ ਨੇ ਕਿਹਾ ਕਿ ਮੈਂ ਸ਼ਹਿਰ ਦੀ ਆਬੋ-ਹਵਾ ਨੂੰ ਦਰੁਸਤ ਕਰਨ ਲਈ ਵਚਨਬੱਧ ਹਾਂ। ਪ੍ਰਦੂਸ਼ਣ ਕਾਰਨ ਹਰ ਸਾਲ ਕਈ ਲੋਕ ਅਣ-ਆਈ ਮੌਤ ਮਾਰੇ ਜਾ ਰਹੇ ਹਨ ਅਤੇ ਇਹ ਸ਼ਰਮਨਾਕ ਹੈ।
ਪ੍ਰਦੂਸ਼ਣ 'ਤੇ ਜਾਗਿਆ ਚੀਨ, ਉਦਯੋਗਪਤੀਆਂ 'ਤੇ ਛਾਪੇ
ਪਿਛਲੇ 4 ਦਹਾਕਿਆਂ ਵਿਚ ਉਦਯੋਗਿਕ ਵਿਕਾਸ ਦੇ ਦਮ 'ਤੇ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਨ ਵਾਲੇ ਚੀਨ ਨੂੰ ਉਦਯੋਗਾਂ ਕਾਰਨ ਹੋਣ ਵਾਲਾ ਪ੍ਰਦੂਸ਼ਣ ਸਤਾਉਣ ਲੱਗਾ ਹੈ। ਚੀਨ ਨੇ ਹਾਲ ਹੀ ਵਿਚ ਆਪਣੇ ਅਜਿਹੇ ਉਦਯੋਗਪਤੀਆਂ ਵਿਰੁੱਧ ਜ਼ਬਰਦਸਤ ਐਕਸ਼ਨ ਸ਼ੁਰੂ ਕੀਤਾ ਹੈ, ਜਿਨ੍ਹਾਂ ਦੀਆਂ ਫੈਕਟਰੀਆਂ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਸਟੀਲ ਮਿੱਲਾਂ, ਕੋਲੇ ਤੋਂ ਬਣਨ ਵਾਲੀ ਬਿਜਲੀ ਦੇ ਪਲਾਂਟਾਂ ਅਤੇ ਹੋਰ ਉਦਯੋਗਪਤੀਆਂ 'ਤੇ ਛਾਪੇ ਮਾਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਉਦਯੋਗਪਤੀਆਂ ਕੋਲ ਜਾ ਕੇ ਉਨ੍ਹਾਂ ਨੂੰ ਪ੍ਰਦੂਸ਼ਣ ਘੱਟ ਫੈਲਾਉਣ ਅਤੇ ਅਜਿਹਾ ਨਾ ਕਰਨ 'ਤੇ ਉਦਯੋਗਾਂ ਨੂੰ ਬੰਦ ਕਰਨ ਦੀ ਚਿਤਾਵਨੀ ਦੇ ਰਹੀਆਂ ਹਨ। 21 ਅਗਸਤ ਨੂੰ ਚੀਨ ਦੇ ਵਾਤਾਵਰਣ ਮੰਤਰਾਲਾ ਨੇ ਉੱਤਰੀ ਚੀਨ ਦੇ ਦਰਜਨਾਂ ਸ਼ਹਿਰਾਂ ਵਿਚ ਸਟੀਲ ਨਿਰਮਾਤਾਵਾਂ ਨੂੰ ਪ੍ਰਦੂਸ਼ਣ ਵਿਚ 15 ਫੀਸਦੀ ਤੱਕ ਦੀ ਕਮੀ ਕਰਨ ਲਈ ਕਿਹਾ ਹੈ। ਸੋਮਵਾਰ ਨੂੰ ਚੀਨ ਦੇ ਵਾਤਾਵਰਣ ਮੰਤਰੀ ਲੀ ਗੈਂਜੀ ਨੇ ਸਾਫ ਕੀਤਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਹੋਰ ਜ਼ਿਆਦਾ ਸਖਤ ਕਦਮ ਚੁੱਕੇਗੀ।
ਸਿੰਗਾਪੁਰ 'ਚ ਘਟੇਗੀ ਗੱਡੀਆਂ ਦੀ ਗਿਣਤੀ
ਵਾਹਨ ਰੱਖਣ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ ਸਿੰਗਾਪੁਰ ਵਿਚ 2018 ਦੇ ਫਰਵਰੀ ਮਹੀਨੇ ਤੋਂ ਸੜਕਾਂ 'ਤੇ ਗੱਡੀਆਂ ਦੀ ਗਿਣਤੀ ਘੱਟ ਕੀਤੀ ਜਾਵੇਗੀ। ਫਿਲਹਾਲ ਸਿੰਗਾਪੁਰ ਵਿਚ ਵਾਹਨਾਂ ਦੀ ਗਿਣਤੀ ਵਿਚ 0.25 ਫੀਸਦੀ ਦਾ ਸਾਲਾਨਾ ਵਾਧਾ ਹੁੰਦਾ ਹੈ। ਅਗਲੇ ਸਾਲ ਫਰਵਰੀ ਵਿਚ ਇਸ ਵਾਧੇ ਨੂੰ ਜ਼ੀਰੋ 'ਤੇ ਲਿਆਉਣ ਦਾ ਟੀਚਾ ਹੈ। ਟਰਾਂਸਪੋਰਟ ਅਥਾਰਟੀ ਨੇ ਕਿਹਾ ਹੈ ਕਿ ਸਿੰਗਾਪੁਰ ਦੀਆਂ ਸੜਕਾਂ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਹੋਰ ਵਾਹਨਾਂ ਦਾ ਬੋਝ ਝੱਲ ਸਕਣ। ਸ਼ਹਿਰ ਦੇ 12 ਫੀਸਦੀ ਹਿੱਸੇ 'ਤੇ ਪਹਿਲਾਂ ਹੀ ਸੜਕਾਂ ਬਣੀਆਂ ਹੋਈਆਂ ਹਨ, ਲਿਹਾਜ਼ਾ ਇਨ੍ਹਾਂ ਸੜਕਾਂ ਦਾ ਜ਼ਿਆਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ ਅਤੇ ਸੜਕਾਂ 'ਤੇ ਦਬਾਅ ਘੱਟ ਕਰਨ ਦਾ ਸਭ ਤੋਂ ਸਹੀ ਰਸਤਾ ਵਾਹਨਾਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਸਿੰਗਾਪੁਰ ਵਿਚ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੈ। ਲਿਹਾਜ਼ਾ ਸਰਕਾਰ ਇਸ ਦਾ ਇਸਤੇਮਾਲ ਸਹੀ ਅਰਥਾਂ ਵਿਚ ਕਰਨਾ ਚਾਹੁੰਦੀ ਹੈ।
