ਸਿਵਲ ਸਰਜਨ ਦਫ਼ਤਰ ਤੇ ਹਸਪਤਾਲ ''ਚ ਲੱਗੇ ਗੰਦਗੀ ਦੇ ਢੇਰ

Wednesday, Nov 01, 2017 - 04:47 AM (IST)

ਸਿਵਲ ਸਰਜਨ ਦਫ਼ਤਰ ਤੇ ਹਸਪਤਾਲ ''ਚ ਲੱਗੇ ਗੰਦਗੀ ਦੇ ਢੇਰ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਦਾ ਸਿਹਤ ਵਿਭਾਗ ਲੋਕਾਂ ਨੂੰ ਹਮੇਸ਼ਾ ਸ਼ੁੱਧ ਵਾਤਾਵਰਣ 'ਚ ਰਹਿਣ ਲਈ ਪ੍ਰੇਰਿਤ ਕਰਦਾ ਆਇਆ ਹੈ ਪਰ ਇਸ ਦੇ ਆਪਣੇ ਸੰਸਥਾਨਾਂ 'ਚ ਕਿਸ ਤਰ੍ਹਾਂ ਗੰਦਗੀ ਫੈਲੀ ਹੋਈ ਹੈ, ਉਸ ਨੂੰ ਦੇਖ ਕੇ ਇਹ ਜਾਪਦਾ ਹੈ ਕਿ ਵਿਭਾਗ ਦੇ ਅਧਿਕਾਰੀ ਜਾਂ ਮੁਲਾਜ਼ਮ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਨੂੰ ਟਿੱਚ ਸਮਝਦੇ ਹਨ। 
ਸਿਵਲ ਸਰਜਨ ਦਫ਼ਤਰ ਦੇ ਬਿਲਕੁਲ ਸਾਹਮਣੇ ਗੰਦਗੀ ਦੇ ਢੇਰ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਸਿਵਲ ਸਰਜਨ ਅਤੇ ਦਫ਼ਤਰ 'ਚ ਬੈਠੇ ਉੱਚ ਅਧਿਕਾਰੀਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਕਿ ਉਨ੍ਹਾਂ ਦੇ ਆਲੇ-ਦੁਆਲੇ ਦਾ ਵਾਤਾਵਰਣ ਕਿਹੋ ਜਿਹਾ ਹੈ। ਲੇਬਰ ਪਾਰਟੀ ਭਾਰਤ ਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਇਕਬਾਲ ਸਿੰਘ, ਮਨਜਿੰਦਰ ਕੁਮਾਰ ਆਦਿ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਤੇ ਸਿਵਲ ਹਸਪਤਾਲ 'ਚ ਜਿਥੇ ਗੰਦਗੀ ਦਾ ਸਾਮਰਾਜ ਹੈ, ਉਥੇ ਹੀ ਇਹ ਆਵਾਰਾ ਪਸ਼ੂਆਂ ਦੀ ਚਾਰਗਾਹ ਵੀ ਬਣਿਆ ਹੋਇਆ ਹੈ। 
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ਾਂ ਦੀ ਵੀ ਨਹੀਂ ਪ੍ਰਵਾਹ
ਉਕਤ ਆਗੂਆਂ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਦੇ ਆਸ-ਪਾਸ ਗੰਦਗੀ ਦੇ ਢੇਰ ਅਤੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਖਸਤਾਹਾਲ ਹਸਪਤਾਲ ਦੀਆਂ ਸੜਕਾਂ ਸਬੰਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੁਝ ਸਮਾਂ ਪਹਿਲਾਂ ਤਸਵੀਰਾਂ ਸਮੇਤ ਸ਼ਿਕਾਇਤ ਕੀਤੀ ਗਈ ਸੀ। ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈੱਲਫੇਅਰ ਕੋਲੋਂ ਇਸ ਸਬੰਧੀ ਰਿਪੋਰਟ ਵੀ ਮੰਗੀ ਗਈ ਪਰ ਅਧਿਕਾਰੀਆਂ ਨੇ ਅੱਜ ਤੱਕ ਇਸ ਦਾ ਜਵਾਬ ਨਹੀਂ ਦਿੱਤਾ। 


Related News