ਡਿਸਟ੍ਰਿਕਟ ਕੋਰਟ ਦੇ ਇਤਿਹਾਸ ''ਚ ਪਹਿਲੀ ਵਾਰ ''ਹਿੰਦੀ'' ''ਚ ਪਟੀਸ਼ਨ ਦਾਇਰ
Tuesday, Aug 22, 2017 - 07:15 AM (IST)

ਚੰਡੀਗੜ੍ਹ, (ਬਰਜਿੰਦਰ)- ਦੇਸ਼ ਦੀ ਰਾਸ਼ਟਰ ਭਾਸ਼ਾ ਬੇਸ਼ੱਕ ਹਿੰਦੀ ਹੈ ਪਰ ਕੋਰਟ ਲੈਂਗੂਏਜ ਦੇ ਰੂਪ 'ਚ ਅੰਗਰੇਜ਼ੀ ਦਾ ਇੰਨਾ ਦਬਦਬਾ ਹੈ ਕਿ ਹਿੰਦੀ 'ਚ ਪਟੀਸ਼ਨ ਦਾਇਰ ਕਰਨਾ ਸ਼ਾਇਦ ਹੀ ਕਦੇ ਕਿਸੇ ਨੇ ਸੋਚਿਆ ਹੋਵੇ। ਘੱਟੋ-ਘੱਟ ਚੰਡੀਗੜ੍ਹ ਡਿਸਟ੍ਰਿਕਟ ਕੋਰਟ 'ਚ ਤਾਂ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ ਸ਼ਾਇਦ ਪਹਿਲੀ ਵਾਰ ਚੰਡੀਗੜ੍ਹ ਡਿਸਟ੍ਰਿਕਟ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜੋ ਪੂਰੀ ਤਰ੍ਹਾਂ ਹਿੰਦੀ 'ਚ ਹੈ।
ਮੌਲੀਜਾਗਰਾਂ ਦੀ ਇਕ ਮਹਿਲਾ ਵੱਲੋਂ ਉਨ੍ਹਾਂ ਦੇ ਵਕੀਲ ਅਜੇ ਕੁਮਾਰ ਸ਼ਰਮਾ ਨੇ ਜਦੋਂ ਇਹ ਪਟੀਸ਼ਨ ਦਾਇਰ ਕੀਤੀ ਤਾਂ ਫਾਈਲਿੰਗ ਬ੍ਰਾਂਚ ਨੇ ਪਹਿਲਾਂ ਤਾਂ ਇਸ ਨੂੰ ਮਨਜ਼ੂਰ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਕੋਰਟ ਦੀ ਆਫੀਸ਼ੀਅਲ ਲੈਂਗੂਏਜ ਅੰਗਰੇਜ਼ੀ ਹੈ। ਇਸ 'ਤੇ ਵਕੀਲ ਨੇ ਹਾਈਕੋਰਟ ਦੀ ਰੂਲਿੰਗ ਦਾ ਹਵਾਲਾ ਦਿੱਤਾ, ਜਿਸ ਮੁਤਾਬਿਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਧੀਨ ਅਦਾਲਤਾਂ ਦੀ ਲੈਂਗੂਏਜ ਹਿੰਦੀ, ਪੰਜਾਬੀ, ਉਰਦੂ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਪਟੀਸ਼ਨ ਫਾਈਲਿੰਗ ਬ੍ਰਾਂਚ ਨੇ ਸਵੀਕਾਰ ਕਰ ਲਈ ਹੈ ਅਤੇ ਹੁਣ ਕੋਰਟ 'ਚ ਇਸਦੀ ਸੁਣਵਾਈ ਹੋਵੇਗੀ।
ਦਾਇਰ ਪਟੀਸ਼ਨ ਮੌਲੀਜਾਗਰਾਂ ਦੀ ਇਕ ਵਿਆਹੁਤਾ ਮਹਿਲਾ ਨੇ ਪੰਚਕੂਲਾ 'ਚ ਰਹਿਣ ਵਾਲੇ ਆਪਣੇ ਪਤੀ ਨੂੰ ਪਾਰਟੀ ਬਣਾਉਂਦੇ ਹੋਏ ਹਿੰਦੂ ਮੈਰਿਜ ਐਕਟ ਤਹਿਤ ਦਾਇਰ ਕੀਤੀ ਹੈ, ਜਿਸ 'ਚ ਉਸਨੇ ਕਿਹਾ ਹੈ ਕਿ ਉਹ ਤਸ਼ੱਦਦ ਦੀ ਸ਼ਿਕਾਰ ਹੋਈ। ਇਸਦੇ ਬਾਵਜੂਦ ਉਹ ਘਰ ਵਸਾਉਣਾ ਚਾਹੁੰਦੀ ਹੈ। ਉਸਦੇ ਪਤੀ ਨੇ ਉਸ ਤੋਂ ਵੱਖ ਹੋਣ ਲਈ ਤਲਾਕ ਦਾ ਕੇਸ ਦਾਇਰ ਕਰ ਦਿੱਤਾ, ਫਿਰ ਵੀ ਉਹ ਆਪਣੇ ਪਤੀ ਨਾਲ ਘਰ ਵਸਾਉਣਾ ਚਾਹੁੰਦੀ ਹੈ।
ਪਟੀਸ਼ਨ 'ਚ ਦੱਸਿਆ-ਆਤਮਹੱਤਿਆ ਦਾ ਕੀਤਾ ਗਿਆ ਯਤਨ
ਪਟੀਸ਼ਨਰ ਨੇ ਕਿਹਾ ਕਿ ਸਾਲ 2014 'ਚ ਲੜਕੇ ਵਾਲੇ ਉਨ੍ਹਾਂ ਦੇ ਘਰ ਰਿਸ਼ਤਾ ਲਿਆਏ ਅਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀਆਂ ਪੰਚਕੂਲਾ ਸੈਕਟਰ-9 'ਚ ਦੋ ਦੁਕਾਨਾਂ ਹਨ ਅਤੇ ਚੰਗੀ ਆਮਦਨੀ ਹੈ। ਕਾਫੀ ਵੱਡੇ-ਵੱਡੇ ਵਾਅਦੇ ਕੀਤੇ ਅਤੇ ਪਟੀਸ਼ਨਰ ਧਿਰ ਅਨੁਸਾਰ ਦਸੰਬਰ 2015 'ਚ ਇਨ੍ਹਾਂ ਦਾ ਵਿਆਹ ਹੋਇਆ। ਵਿਆਹ 'ਚ ਪਟੀਸ਼ਨਰ ਪੱਖ ਨੇ 10 ਲੱਖ ਰੁਪਏ ਖਰਚ ਕਰਨ ਦਾ ਦਾਅਵਾ ਕੀਤਾ ਹੈ। ਪਟੀਸ਼ਨਰ ਨੇ ਵਿਆਹ ਦੇ ਬਾਅਦ ਬੀ. ਐੱਡ. ਕਰਨ ਦੀ ਇੱਛਾ ਜਤਾਈ, ਜਿਸ 'ਤੇ ਪ੍ਰਤੀਵਾਦੀ ਧਿਰ ਨੇ ਮੂੰਹ-ਮੰਗਿਆ ਦਾਜ ਨਾ ਮਿਲਣ ਦੀ ਗੱਲ ਕਹਿ ਕੇ ਪਟੀਸ਼ਨਰ ਮਹਿਲਾ ਨੂੰ ਗੱਲਾਂ ਸੁਣਾਈਆਂ।
ਇਸੇ ਤਰ੍ਹਾਂ ਪਟੀਸ਼ਨਰ ਨੇ ਜਦੋਂ ਪਤੀ ਨੂੰ ਬਾਹਰ ਘੁੰਮਣ ਜਾਣ (ਹਨੀਮੂਨ) ਦੀ ਗੱਲ ਕਹੀ ਤਾਂ ਵੀ ਪਟੀਸ਼ਨਰ ਨੂੰ ਤਾਅਨੇ ਮਾਰੇ ਗਏ। ਪਟੀਸ਼ਨਰ ਨੇ ਆਪਣੇ ਸਹੁਰੇ ਧਿਰ ਵਲੋਂ ਉਸਨੂੰ ਤਾਅਨੇ ਮਾਰਨ ਦਾ ਦੋਸ਼ ਵੀ ਲਗਾਇਆ। ਬਾਅਦ 'ਚ ਪਟੀਸ਼ਨਰ ਮਹਿਲਾ ਅਤੇ ਉਸਦਾ ਪਤੀ ਕਿਰਾਏ 'ਤੇ ਰਹਿਣ ਲੱਗੇ।
ਪਟੀਸ਼ਨਰ ਨੇ ਆਪਣੇ ਪਤੀ ਦੇ ਇਕ ਮਹਿਲਾ ਨਾਲ ਸੰਬੰਧ ਹੋਣ ਦਾ ਦਾਅਵਾ ਵੀ ਕੀਤਾ। ਪਟੀਸ਼ਨਰ ਮਹਿਲਾ ਮੁਤਾਬਿਕ ਮਈ 2017 'ਚ ਉਸਦਾ ਪਤੀ ਕੁਝ ਕੰਮ ਹੋਣ ਦੀ ਗੱਲ ਕਹਿ ਕੇ ਸੂਰਤ ਚਲਾ ਗਿਆ ਅਤੇ ਇਸ ਦੌਰਾਨ ਕੋਰਟ ਤੋਂ ਇਕ ਸੰਮਨ ਆਇਆ, ਜਿਸ 'ਚ ਪਟੀਸ਼ਨਰ ਨੂੰ ਪਤਾ ਲੱਗਾ ਕਿ ਉਸਦੇ ਪਤੀ ਨੇ ਤਲਾਕ ਦਾ ਕੇਸ ਕੋਰਟ 'ਚ ਪਾਇਆ ਹੈ। ਮਹਿਲਾ ਦੇ ਪਤੀ ਵਲੋਂ ਕਿਰਾਇਆ ਨਾ ਭਰਨ 'ਤੇ ਪਟੀਸ਼ਨਰ ਨੂੰ ਕਿਰਾਏ ਦਾ ਘਰ ਖਾਲੀ ਕਰਨਾ ਪਿਆ। ਪਟੀਸ਼ਨਰ ਨੇ ਕਿਹਾ ਕਿ ਜੇਕਰ ਉਸਦਾ ਪਤੀ ਆਪਣੀ ਪ੍ਰੇਮਿਕਾ ਨੂੰ ਛੱਡ ਦਿੰਦਾ ਹੈ ਤਾਂ ਉਹ ਉਸਦੇ ਨਾਲ ਨਵੇਂ ਸਿਰੇ ਤੋਂ ਜ਼ਿੰਦਗੀ ਜਿਊਣ ਲਈ ਤਿਆਰ ਹੈ। ਪਟੀਸ਼ਨਰ ਆਪਣੀ ਜ਼ਿੰਦਗੀ ਤੋਂ ਇੰਨੀ ਦੁਖੀ ਹੋ ਗਈ ਕਿ ਉਸਨੇ ਘਰ 'ਚ ਪਈਆਂ ਦਵਾਈਆਂ ਦੀ ਵਰਤੋਂ ਕਰਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਰਹਿਣਾ ਪਿਆ।