ਘਰਿੰਡਾ ਪੁਲਸ ਵਲੋਂ ਬੰਗਲਾਦੇਸ਼ੀਆਂ ਨੂੰ ਸਰਹੱਦ ਰਾਹੀਂ ਪਾਕਿਸਤਾਨ ਭੇਜਣ ਵਾਲਾ ਵਿਅਕਤੀ ਗ੍ਰਿਫ਼ਤਾਰ

Friday, Oct 13, 2023 - 08:31 PM (IST)

ਅਟਾਰੀ- 11 ਬੰਗਲਾਦੇਸ਼ੀਆਂ ਨੂੰ ਅਟਾਰੀ ਸਰੱਹਦ ਰਸਤੇ ਪਾਕਿਸਤਾਨ ਭੇਜਣ ਵਾਲੇ ਸਰਹੱਦੀ ਪਿੰਡ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਰਨ ਦੇ ਵਸਨੀਕ ਰਣਜੀਤ ਸਿੰਘ ਪੁੱਤਰ ਕਾਬਲ ਸਿੰਘ ਚਾਹਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਐਸ.ਪੀ. ਅਟਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਰਣਜੀਤ ਸਿੰਘ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਜਾਣ ਵਾਲੇ ਬੰਗਲਾਦੇਸ਼ੀ ਉਸ ਦੇ ਸੰਪਰਕ ਵਿਚ ਕਿਵੇਂ ਆਏ ਹਨ।

ਦੱਸ ਦੇਈਏ ਕਿ ਬੀਤੀ ਦੇਰ ਰਾਤ ਭਾਰਤ ਦੀ ਕੌਮਾਂਤਰੀ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਬੰਗਲਾਦੇਸ਼ੀ ਅਟਾਰੀ ਸਰਹੱਦ 'ਤੇ ਬਣੀ ਇੰਟੈਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਦੀ ਉੱਚੀ ਕੰਧ 'ਤੇ ਚੜ੍ਹ ਗਏ ਸਨ ਅਤੇ ਬੀ.ਐਸ.ਐਫ. ਦੇ ਧਿਆਨ ਤੋਂ ਬਚਣ ਲਈ ਲੁਕ ਗਏ ਸਨ ਅਤੇ ਸਹੀ ਸਮੇਂ ਦੀ ਤਲਾਸ਼ ਕਰ ਰਹੇ ਸਨ। ਇਨ੍ਹਾਂ 11 ਨਾਗਰਿਕਾਂ ਵਿਚ ਤਿੰਨ ਮਹਿਲਾਵਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਪਾਕਿਸਤਾਨ ਘੁੰਮਣ ਜਾਣਾ ਚਾਹੁੰਦੇ ਸਨ ਪਰ ਇਨ੍ਹਾਂ ਕੋਲ ਨਾ ਤਾਂ ਪੈਸੇ ਸਨ ਅਤੇ ਨਾ ਹੀ ਜ਼ਰੂਰੀ ਦਸਤਾਵੇਜ਼ ਸਨ, ਜਿਨ੍ਹਾਂ ਜ਼ਰੀਏ ਇਹ ਪਾਕਿਸਤਾਨ ਜਾ ਸਕਦੇ ਸਨ।

ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀਆਂ ਵਲੋਂ ਅਹਿਮ ਖ਼ੁਲਾਸੇ ਕਰਦਿਆਂ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਤੇ ਅਟਾਰੀ ਸਰਹੱਦ ’ਤੇ ਲਿਆਉਣ ਵਾਲੇ ਸਰਹੱਦੀ ਏਰੀਏ ਦੇ ਇਕ ਵਿਅਕਤੀ ਦਾ ਨਾਮ ਸਾਹਮਣੇ ਲਿਆਂਦਾ। ਪੁਲਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐਸ.ਐਸ.ਪੀ. ਸਤਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਹਰਕਤ ਵਿਚ ਆਉਂਦਿਆਂ ਡੀ.ਐਸ.ਪੀ. ਅਟਾਰੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਬੰਗਲਾਦੇਸ਼ੀਆਂ ਤੋਂ ਮਿਲੇ ਮੋਬਾਈਲ ਫ਼ੋਨ ਦੀ ਜਾਂਚ ਪੜਤਾਲ ਕਰਦਿਆਂ ਇਨ੍ਹਾਂ 11 ਬੰਗਲਾਦੇਸ਼ੀਆਂ ਨੂੰ ਅਟਾਰੀ ਸਰੱਹਦ ਰਸਤੇ ਪਾਕਿਸਤਾਨ ਭੇਜਣ ਵਾਲੇ ਸਰਹੱਦੀ ਪਿੰਡ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਰਨ ਦੇ ਵਸਨੀਕ ਰਣਜੀਤ ਸਿੰਘ ਪੁੱਤਰ ਕਾਬਲ ਸਿੰਘ ਚਾਹਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Rakesh

Content Editor

Related News