ਮੋਬਾਇਲ ਵਿੰਗ ਦੇ ਅਧਿਕਾਰੀ ਰਹੇ ਰਿਵਿਊ ਮੀਟਿੰਗ ’ਚ ਰੁੱਝੇ, ਪਾਸਰਾਂ ਨੇ ਰੇਲਵੇ ਸਟੇਸ਼ਨ ਤੋਂ ਕੱਢ ਲਏ ਸੈਂਕੜੇ ਨਗ

Thursday, Apr 20, 2023 - 12:31 AM (IST)

ਲੁਧਿਆਣਾ (ਗੌਤਮ) : ਬੁੱਧਵਾਰ ਨੂੰ ਮੋਬਾਇਲ ਵਿੰਗ ਦੇ ਅਧਿਕਾਰੀ ਆਪਣੀ ਰਿਵਿਊ ਮੀਟਿੰਗ ’ਚ ਰੁੱਝੇ ਰਹੇ ਤੇ ਮੀਟਿੰਗ ਦੇ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਸ਼ਹਿਰ ’ਚ ਬਿਨਾਂ ਬਿੱਲ ਦੇ ਮਾਲ ਦੀਆਂ ਗੱਡੀਆਂ ਦੌੜਦੀਆਂ ਹੋਈਆਂ ਆਪਣੇ-ਆਪਣੇ ਟਿਕਾਣਿਆਂ ’ਤੇ ਪੁੱਜ ਗਈਆਂ। ਜਾਣਕਾਰੀ ਮੁਤਾਬਕ ਇਕੱਲੇ ਰੇਲਵੇ ਸਟੇਸ਼ਨ ’ਤੇ ਹੀ ਕੁਝ ਪਾਸਰਾਂ ਨੇ ਬਿਨਾਂ ਬਿੱਲ ਦੇ ਪੁੱਜੇ ਕਰੀਬ ਸੈਂਕੜੇ ਨਗ ਕੱਢ ਕੇ ਉਨ੍ਹਾਂ ਨੂੰ ਟਿਕਾਣਿਆਂ ਤੱਕ ਪਹੁੰਚਾ ਦਿੱਤਾ। ਬਾਅਦ ਦੁਪਹਿਰ ਮੀਟਿੰਗ ਖਤਮ ਹੋਣ ਤੱਕ ਇਹ ਲੋਕ ਆਪਣੇ ਕੰਮ ’ਚ ਜੁਟੇ ਰਹੇ ਅਤੇ ਜਿਉਂ ਹੀ ਮੀਟਿੰਗ ਖਤਮ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਚੌਕਸ ਹੁੰਦੇ ਹੋਏ ਕੰਮ ਬੰਦ ਕਰ ਦਿੱਤਾ ਅਤੇ ਅਧਿਕਾਰੀਆਂ ਦੀ ਲੋਕੇਸ਼ਨ ਲੈਣ ਵਾਲੇ ਕਰਿੰਦਿਆਂ ਨੇ ਆਪਣਾ ਰੁਖ ਦਫ਼ਤਰ ਅਤੇ ਹੋਰ ਥਾਵਾਂ ਵੱਲ ਕਰ ਲਿਆ। ਵਿਭਾਗ ਵੱਲੋਂ ਬੁੱਧਵਾਰ ਨੂੰ ਸਵੇਰੇ ਕਰੀਬ 10 ਵਜੇ ਮੀਟਿੰਗ ਰੱਖੀ ਗਈ ਸੀ, ਜੋ ਕਿ ਕਰੀਬ 3 ਵਜੇ ਤੱਕ ਚੱਲੀ। ਅਧਿਕਾਰੀਆਂ ਦੇ ਰੁਝੇਵੇਂ ਨੂੰ ਦੇਖਦਿਆਂ ਪਾਸਰਾਂ ਨੇ ਮੌਕੇ ’ਤੇ ਚੌਕਾ ਲਗਾਉਣ ਦੀ ਗੱਲ ਕੀਤੀ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਰਿਵਿਊ ਮੀਟਿੰਗ ’ਚ ਟੈਕਸ ਚੋਰੀ ਰੋਕਣ ਲਈ ਸਖ਼ਤੀ ਕਰਨ ਦੀ ਹੋਈ ਗੱਲ

ਮੋਬਾਇਲ ਵਿੰਗ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਤੇਜਵੀਰ ਸਿੰਘ ਸਿੱਧੂ ਦੀ ਅਗਵਾਈ ’ਚ ਸਥਾਨਕ ਮੋਬਾਇਲ ਵਿੰਗ ’ਚ ਰਿਵਿਊ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਏ. ਈ. ਟੀ. ਸੀ. ਤੇ ਹੋਰ ਅਧਿਕਾਰੀ ਮੌਜੂਦ ਰਹੇ। ਡਾਇਰੈਕਟਰ ਸਿੱਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਕਾਰਜ ਪ੍ਰਣਾਲੀ ਨੂੰ ਲੈ ਕੇ ਸਮੇਂ-ਸਮੇਂ ’ਤੇ ਰਿਵਿਊ ਮੀਟਿੰਗ ਰੱਖੀ ਜਾਂਦੀ ਹੈ ਅਤੇ ਟੈਕਸ ਚੋਰੀ ਰੋਕਣ ਲਈ ਕੋਈ ਨਾ ਕੋਈ ਨੀਤੀ ਬਣਾਈ ਜਾਂਦੀ ਹੈ। ਟੈਕਸ ਚੋਰੀ ਰੋਕਣ ਲਈ ਵਿਭਾਗ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਕਿਸੇ ਨੂੰ ਵੀ ਬਖਿਸ਼ਆ ਨਹੀਂ ਜਾਵੇਗਾ। ਹਾਲ ਹੀ 'ਚ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਈ ਗੱਡੀਆਂ ਨੂੰ ਫੜ ਕੇ ਟੈਕਸ ਅਤੇ ਜੁਰਮਾਨਾ ਵਸੂਲਿਆ ਗਿਆ ਹੈ।

ਇਹ ਵੀ ਪੜ੍ਹੋ : 90 ਮਿੰਟਾਂ 'ਚ ਸ਼ਰਾਬ ਦੇ 22 ਸ਼ਾਟਸ ਪੀਣ ਤੋਂ ਬਾਅਦ ਬ੍ਰਿਟਿਸ਼ ਸੈਲਾਨੀ ਦੀ ਮੌਤ, ਕਲੱਬ ਸਟਾਫ 'ਤੇ ਲੱਗੇ ਇਹ ਦੋਸ਼

ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਟੈਕਸ ਚੋਰੀ ਰੋਕਣ ਸਬੰਧੀ ਹੋਰ ਵੀ ਸਖ਼ਤੀ ਕਰਨ ਲਈ ਨੀਤੀ ਬਣਾਉਣ ’ਤੇ ਵਿਚਾਰ ਕੀਤਾ ਤਾਂ ਕਿ ਟੈਕਸ ਚੋਰਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ। ਇਸ ਦੌਰਾਨ ਅਧਿਕਾਰੀਆਂ ਦੀ ਪਰਫਾਰਮੈਂਸ ’ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਫੜੀਆਂ ਗਈਆਂ ਮਾਲ ਦੀਆਂ ਗੱਡੀਆਂ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਰੈਵੇਨਿਊ ਨੂੰ ਲੈ ਕੇ ਚੈਕਿੰਗ ਕੀਤੀ ਗਈ ਕਿ ਪਿਛਲੇ ਸਾਲ ਤੋਂ ਕਿੰਨੇ ਫੀਸਦੀ ਜ਼ਿਆਦਾ ਰੈਵੇਨਿਊ ਇਕੱਠਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ’ਚ ਸੜਕਾਂ ਅਤੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਟੈਕਸ ਚੋਰੀ ਰੋਕਣ ਲਈ ਆਉਣ ਵਾਲੇ ਸਮੇਂ ’ਚ ਸਥਾਨਕ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਹੁਣ ਇਸ ਸਾਬਕਾ ਡਿਪਟੀ ਡਾਇਰੈਕਟਰ ਤੇ ਉਸ ਦੀ ਪਤਨੀ ਖ਼ਿਲਾਫ਼ ਕੀਤਾ ਕੇਸ ਦਰਜ

ਟੈਕਸ ਚੋਰੀ ਕਰਨ ਵਾਲਿਆਂ ਨੇ ਬਦਲਿਆ ਪੈਂਤੜਾ, 11 ਦਿਨਾਂ ਤੋਂ ਨਹੀਂ ਹੋਈ ਚੈਕਿੰਗ

ਮੋਬਾਇਲ ਵਿੰਗ ਵਿਭਾਗ ਦੀ ਸਖ਼ਤੀ ਨੂੰ ਦੇਖਦਿਆਂ ਬਿਨਾਂ ਬਿੱਲ ਦੇ ਮਾਲ ਮੰਗਵਾਉਣ ਵਾਲੇ ਲੋਕਾਂ ਵੱਲੋਂ ਹਰ ਵਾਰ ਨਵਾਂ ਪੈਂਤੜਾ ਬਦਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਪਿਛਲੇ ਸਮੇਂ ਲਗਾਤਾਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ ਗਈ ਅਤੇ ਬਿਨਾਂ ਬਿੱਲ ਦੇ ਮਾਲ ਵੀ ਫੜਿਆ ਗਿਆ। ਵਿਭਾਗ ਦੀ ਸਖ਼ਤੀ ਨੂੰ ਦੇਖਦਿਆਂ ਕੁਝ ਪਾਸਰਾਂ ਨੇ ਆਪਣਾ ਪੈਂਤੜਾ ਹੀ ਬਦਲ ਲਿਆ, ਜਿਸ ਕਾਰਨ ਪਿਛਲੇ 11 ਦਿਨਾਂ ਤੋਂ ਵਿਭਾਗ ਦੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਵੱਲ ਰੁਖ ਨਹੀਂ ਕੀਤਾ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਖ਼ਤੀ ਨੂੰ ਦੇਖਦਿਆਂ ਪਾਸਰਾਂ ਨੇ ਰੇਲਵੇ ਸਟੇਸ਼ਨ ’ਤੇ ਕੰਮ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮਾਮਲਾ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦਾ, ਸ਼ਰਧਾਲੂ ਕੁੜੀ ਨੇ ਮੁਆਫ਼ੀ ਮੰਗਦਿਆਂ ਕਹੀ ਇਹ ਗੱਲ

ਇਹ ਪਾਸਰ ਜਿਨ੍ਹਾਂ ਟ੍ਰੇਨਾਂ ’ਚ ਸਾਮਾਨ ਮੰਗਵਾਉਂਦੇ ਸਨ, ਉਨ੍ਹਾਂ ਦੀ ਜਗ੍ਹਾ ਦੂਜੀਆਂ ਟ੍ਰੇਨਾਂ ਤੋਂ ਸਾਮਾਨ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਅੰਬਾਲਾ ਜਾਂ ਕਿਸੇ ਹੋਰ ਸਟੇਸ਼ਨ ’ਤੇ ਰੋਕ ਕੇ ਸਾਮਾਨ ਨੂੰ ਪੈਸੰਜਰ ਜਾਂ ਸੁਪਰ ਫਾਸਟ ਟ੍ਰੇਨਾਂ ਤੋਂ ਵੱਖ ਸਮੇਂ ’ਤੇ ਮੰਗਵਾ ਲਿਆ ਜਾਂਦਾ ਹੈ ਤਾਂ ਕਿ ਅਧਿਕਾਰੀਆਂ ਨੂੰ ਧੋਖਾ ਦਿੱਤਾ ਜਾ ਸਕੇ, ਜਿੱਥੇ ਕਿ ਵਿਭਾਗ ਦੇ ਮੁਖ਼ਬਰਾਂ ਨੂੰ ਵੀ ਕੰਨੋ-ਕੰਨ ਖ਼ਬਰ ਨਹੀਂ ਲੱਗਣ ਦਿੱਤੀ ਜਾ ਰਹੀ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਛੋਟੇ ਸਟੇਸ਼ਨਾਂ ’ਤੇ ਮਾਲ ਉਤਰਵਾ ਕੇ ਬਾਜ਼ਾਰਾਂ ’ਚ ਸਪਲਾਈ ਕਰ ਦਿੰਦੇ ਹਨ। ਇਲੈਕਟ੍ਰਾਨਿਕ ਸਾਮਾਨ ਦੇ ਨਾਲ 18 ਫੀਸਦੀ ਜੀ. ਐੱਸ. ਟੀ. ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਤੌਰ ’ਤੇ ਮਾਲ ਮੰਗਵਾਇਆ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News