ਇਕ ਰਾਤ ਪਹਿਲਾਂ ਆਈ ਨਵ-ਵਿਆਹੁਤਾ ਚੜ੍ਹੀ ਦਾਜ ਦੀ ਬਲ਼ੀ
Tuesday, Apr 27, 2021 - 12:52 AM (IST)
ਕਰਤਾਰਪੁਰ, (ਸਾਹਨੀ)- ਸਥਾਨਕ ਵਿਸ਼ਵਕਰਮਾ ਮਾਰਕੀਟ ਵਿਚ ਰਹਿੰਦੇ ਇਕ ਪਰਿਵਾਰ ਵਿਚ ਬੀਤੀ ਰਾਤ ਵਿਆਹ ਕਰਵਾ ਕੇ ਆਈ ਇਕ ਲੜਕੀ ਦੀ ਅੱਜ ਬਾਅਦ ਦੁਪਹਿਰ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕਾ ਪਰਮਪਾਲ ਕੌਰ ਉਰਫ ਸਿਮਰਨ (22 ਸਾਲ) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਵਿਆਹ ਦੀ ਪਹਿਲੀ ਰਾਤ ਹੀ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਬਿਨਾਂ ਮਾਂ-ਬਾਪ ਦੀ ਇਹ ਧੀ ਸ਼ਾਇਦ ਪ੍ਰੇਸ਼ਾਨ ਹੋ ਗਈ ਸੀ ਅਤੇ ਆਪਣੀ ਜ਼ਿੰਦਗੀ ਖਿੱਲਰਦੀ ਵੇਖ ਕੇ ਗੁੰਮ-ਸੁੰਮ ਹੋ ਕੇ ਜ਼ਮੀਨ ’ਤੇ ਡਿੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ : ਸੂਤਰ
ਸਿਮਰਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੇਕੇ ਪਰਿਵਾਰ ਦੇ ਲੋਕ ਵੱਡੇ ਗਿਣਤੀ ਵਿਚ ਮੌਕੇ ’ਤੇ ਪਹੁੰਚੇ ਅਤੇ ਦਾਜ ਦੇ ਲੋਭੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਵਰਣਨਯੋਗ ਹੈ ਕਿ ਮ੍ਰਿਤਕਾ ਦੀ ਮਾਂ ਸੁਖਵਿੰਦਰ ਕੌਰ ਦੀ ਸਾਲ 2011 ਅਤੇ ਪਿਤਾ ਪਰਮਿੰਦਰ ਸਿੰਘ ਦੀ 2014 ਵਿਚ ਮੌਤ ਹੋ ਗਈ ਸੀ। ਸਿਮਰਨ ਅਤੇ ਉਸ ਦੇ ਛੋਟੇ ਭਰਾ ਦਾ ਪਾਲਣ-ਪੋਸ਼ਣ ਉਸ ਦੀ ਬਜ਼ੁਰਗ ਦਾਦੀ ਕੰਵਲਜੀਤ ਕੌਰ ਨੇ ਲੋਕਾਂ ਦੇ ਕੱਪੜਿਆਂ ਦੀ ਸਿਲਾਈ ਅਤੇ ਹੋਰ ਕੰਮ ਕਰ ਕੇ ਇਕੱਲਿਆਂ ਕੀਤਾ।
ਇਸ ਕੇਸ ਨਾਲ ਜੁੜੀ ਜਾਣਕਾਰੀ ਅਨੁਸਾਰ 22 ਸਾਲਾ ਸਿਮਰਨ ਇਸਲਾਮਗੰਜ ਮੁਹੱਲਾ ਜਲੰਧਰ ਦੀ ਨਿਵਾਸੀ ਹੈ। ਉਹ 12ਵੀਂ ਤੱਕ ਪੜ੍ਹੀ ਸੀ ਅਤੇ ਕੰਪਿਊਟਰ ਕੋਰਸ ਕਰਨ ਤੋਂ ਬਾਅਦ ਇਕ ਦਵਾਈਆਂ ਵੇਚਣ ਵਾਲੀ ਦੁਕਾਨ ’ਤੇ ਲਗਭਗ 10 ਹਜ਼ਾਰ ਮਹੀਨਾ ਤਨਖਾਹ ’ਤੇ ਕੰਮ ਕਰਦੀ ਸੀ। ਇਸੇ ਦੌਰਾਨ ਕਰੀਬ 2 ਮਹੀਨੇ ਪਹਿਲਾਂ ਸਿਮਰਨ ਦਾ ਰਿਸ਼ਤਾ ਕਰਤਾਰਪੁਰ ਦੇ ਵਿਸ਼ਵਕਰਮਾ ਬਾਜ਼ਾਰ ਵਿਚ ਫਰਨੀਚਰ ਦਾ ਕੱਚਾ ਮਾਲ ਤਿਆਰ ਕਰਨ ਦਾ ਕੰਮ ਕਰਦੇ ਜਰਨੈਲ ਸਿੰਘ ਦੇ ਬੇਟੇ ਸੁਪ੍ਰੀਤ ਸਿੰਘ ਨਾਲ ਹੋ ਗਿਆ। ਉਨ੍ਹਾਂ ਦਾ 25 ਅਪ੍ਰੈਲ ਨੂੰ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਨਾਈਟ ਕਰਫਿਊ ਦਾ ਬਦਲਿਆ ਸਮਾਂ
ਮ੍ਰਿਤਕਾ ਸਿਮਰਨ ਦੀ ਦਾਦੀ ਦੇ ਭਰਾ ਜੋਗਾ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਜ਼ਿਆਦਾ ਬਰਾਤੀ ਲਿਆਉਣ ਦੀ ਇਜਾਜ਼ਤ ਨਹੀਂ ਸੀ ਪਰ ਲੜਕੇ ਵਾਲੇ ਜ਼ਿਆਦਾ ਬਰਾਤ ਲਿਆਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਪਿੰਡ ਨਡਾਲਾ ਦੇ ਗੁਰਦੁਆਰਾ ਸਾਹਿਬ ਵਿਚ ਲੜਕੀ ਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਅਤੇ ਹਰ ਸੰਭਵ ਸੇਵਾ ਕੀਤੀ ਤੇ ਖੁਸ਼ੀ-ਖੁਸ਼ੀ ਸ਼ਾਮ ਨੂੰ 6 ਵਜੇ ਦੇ ਕਰੀਬ ਡੋਲੀ ਤੋਰ ਦਿੱਤੀ। ਵਿਆਹ ਸਮਾਰੋਹ ਖ਼ਤਮ ਹੋਇਆਂ ਸਿਰਫ 9-10 ਘੰਟੇ ਹੀ ਬੀਤੇ ਹੋਣਗੇ ਕਿ ਅੱਜ ਸਵੇਰੇ 5 ਵਜੇ ਦੇ ਲਗਭਗ ਸਿਮਰਨ ਦੇ ਸਹੁਰਿਓਂ ਫੋਨ ਕਰ ਕੇ ਉਨ੍ਹਾਂ ਨੂੰ ਬੁਲਾਇਆ ਗਿਆ। ਜਦੋਂ ਅਸੀਂ ਉਥੇ ਪਹੁੰਚੇ ਤਾਂ ਸਿਮਰਨ ਘਬਰਾਈ ਹੋਈ ਖੜ੍ਹੀ ਸੀ ਅਤੇ ਬਹੁਤ ਸਦਮੇ ਵਿਚ ਸੀ। ਜਦੋਂ ਦੋਵੇਂ ਪਰਿਵਾਰ ਬੈਠੇ ਤਾਂ ਵਿਆਹ ਵਿਚ ਚੰਗਾ ਦਾਜ ਨਾ ਮਿਲਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਅਤੇ ਸਾਨੂੰ ਦੱਸਿਆ ਗਿਆ ਕਿ ਅਸੀਂ ਆਪਣੀ ਲੜਕੀ ਦੇ ਵਿਆਹ ਵਿਚ ਕਾਰ ਦਿੱਤੀ ਸੀ, ਸਾਨੂੰ ਵੀ ਕਾਰ ਚਾਹੀਦੀ ਹੈ ਅਤੇ ਤੁਸੀਂ ਆਪਣੀ ਧੀ ਨੂੰ ਵਾਪਸ ਲੈ ਜਾਓ।
ਦੋਵਾਂ ਪਰਿਵਾਰਾਂ ਅਤੇ ਸ਼ਹਿਰ ਦੇ ਕੁਝ ਪਤਵੰਤਿਆਂ ਨਾਲ ਤਕਰੀਬਨ 4 ਤੋਂ 5 ਘੰਟਿਆਂ ਤੱਕ ਬਹਿਸ ਹੁੰਦੀ ਰਹੀ ਪਰ ਲੜਕਾ ਪਰਿਵਾਰ ਸਿਮਰਨ ਨੂੰ ਰੱਖਣ ਲਈ ਤਿਆਰ ਨਹੀਂ ਸੀ। ਇਸ ਦੌਰਾਨ ਦੁਪਹਿਰ ਦੋ ਤੋਂ ਢਾਈ ਵਜੇ ਦਾ ਸਮਾਂ ਹੋਵੇਗਾ ਜਦੋਂ ਸਿਮਰਨ ਆਪਣੇ ਵਿਆਹੁਤਾ ਜੀਵਨ ਨੂੰ ਟੁੱਟਦਾ ਵੇਖ ਅਤੇ ਪੇਕੇ ਘਰ ਇਕ ਬਜ਼ੁਰਗ ਦਾਦੀ ਤੇ ਛੋਟੇ ਭਰਾ ਬਾਰੇ ਸੋਚਦਿਅਾਂ ਸਦਮੇ ਵਿਚ ਚਲੀ ਗਈ ਅਤੇ ਅਚਾਨਕ ਉਸੇ ਲੱਗੀ ਪੰਚਾਇਤ ਵਿਚ ਡਿੱਗ ਪਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ ’ਤੇ ਪੰਚਾਇਤ ਵਿਚ ਬੈਠੇ ਸਾਬਕਾ ਕੌਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਸਿਮਰਨ ਨੇ ਕਈ ਵਾਰ ਆਪਣੇ ਸਹੁਰਿਆਂ ਨੂੰ ਕੁਝ ਦਿਨ ਉਸ ਨਾਲ ਰਹਿਣ ਅਤੇ ਸੇਵਾ ਦੀ ਭਾਵਨਾ ਵੇਖਣ ਲਈ ਬੇਨਤੀ ਕੀਤੀ ਪਰ ਲੜਕਾ ਸੁਪ੍ਰੀਤ ਸਿੰਘ, ਉਸ ਦੀ ਭੈਣ ਜੋਤੀ, ਪਿਤਾ ਜਰਨੈਲ ਸਿੰਘ ਅਤੇ ਮਾਂ ਜਸਵਿੰਦਰ ਕੌਰ ਤੋਸ਼ੀ ਆਪਣੀ ਜ਼ਿੱਦ ’ਤੇ ਅੜੇ ਰਹੇ। ਮ੍ਰਿਤਕਾ ਦੇ ਭਰਾ ਗੁਰਵਿੰਦਰ ਸਿੰਘ ਉਰਫ ਕਾਕਾ ਨੇ ਦੱਸਿਆ ਕਿ ਉਸ ਦੀ ਭੈਣ ਸਿਮਰਨ ਨੇ ਉਸ ਨੂੰ ਦੱਸਿਆ ਸੀ ਕਿ ਉਸ ਨੂੰ ਸਵੇਰੇ ਖਾਣ ਲਈ ਕਥਿਤ ਤੌਰ ’ਤੇ ਮਿੱਠੇ ਚੌਲ ਦਿੱਤੇ ਗਏ ਸਨ, ਜਿਸ ਨਾਲ ਉਸ ਦੀ ਸਿਹਤ ਵੀ ਖਰਾਬ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਜਲੰਧਰ ਰਹਿੰਦੇ ਉਸ ਦੇ ਗੁਆਂਢੀ ਮੁਹੱਲਾ ਨਿਵਾਸੀ ਅਤੇ ਸ਼ੁੱਭਚਿੰਤਕ ਤੇ ਪਿੰਡ ਨਡਾਲਾ ਤੋਂ ਨਾਨਕਾ ਪਰਿਵਾਰ ਮੌਕੇ ’ਤੇ ਪੁੱਜਾ ਅਤੇ ਮੁਲਜ਼ਮਾਂ ਨੂੰ ਫੜ ਕੇ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਕੋਵਿਡ-19: ਪੰਜਾਬ ਦੇ ਹਾਲਾਤ ਵਿਗੜੇ, ਇਕ ਦਿਨ 'ਚ 100 ਦੀ ਮੌਤ ਤੇ ਇੰਨੇ ਪਾਜ਼ੇਟਿਵ
ਇਸ ਸਬੰਧੀ ਡੀ. ਐੱਸ. ਪੀ. ਸੁਖਪਾਲ ਸਿੰਘ ਅਤੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਰਿਸ਼ਤੇਦਾਰ ਜੋਗਾ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਸੁਪ੍ਰੀਤ ਸਿੰਘ, ਉਸਦੀ ਭੈਣ ਜੋਤੀ, ਪਿਤਾ ਜਰਨੈਲ ਸਿੰਘ, ਮਾਂ ਜਸਵਿੰਦਰ ਕੌਰ ਤੋਸ਼ੀ ਵਿਰੁੱਧ ਧਾਰਾ 304 ਬੀ, 498-ਏ, 406,149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।