ਨਵੀਂ ਟੈਕਸ ਪ੍ਰਣਾਲੀ ਖੇਤੀ ਤੇ ਕਿਸਾਨੀ ''ਤੇ ਭਾਰ ਵਧਾਉਣ ਵਾਲੀ : ਸਾਂਬਰ

Thursday, Jun 15, 2017 - 12:52 AM (IST)

ਨਵੀਂ ਟੈਕਸ ਪ੍ਰਣਾਲੀ ਖੇਤੀ ਤੇ ਕਿਸਾਨੀ ''ਤੇ ਭਾਰ ਵਧਾਉਣ ਵਾਲੀ : ਸਾਂਬਰ

ਚੰਡੀਗੜ੍ਹ - ਕੁਲ-ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਸਾਂਬਰ ਨੇ ਕੇਂਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਨਵੇਂ ਗੁਡਸ ਐਂਡ ਸਰਵਿਸ ਟੈਕਸ ਨੂੰ ਆਮ ਤੌਰ 'ਤੇ ਸਭ ਖਪਤਕਾਰਾਂ ਅਤੇ ਖਾਸ ਤੌਰ 'ਤੇ ਕਿਸਾਨੀ ਅਤੇ ਖੇਤੀ ਪੈਦਾਵਾਰ ਉਤੇ ਭਾਰ ਵਧਾਉਣ ਲਈ ਵਰਤ ਰਹੀ ਹੈ। ਖੇਤੀ ਇਨਪੁਟਸ ਖਾਦਾਂ, ਕੀੜੇਮਾਰ ਦਵਾਈਆਂ ਉਤੇ 18 ਫੀਸਦੀ ਟੈਕਸ ਲਗਾ ਦਿੱਤਾ ਗਿਆ ਹੈ ਅਤੇ ਟਰੈਕਟਰਾਂ ਦੇ ਪੁਰਜ਼ਿਆਂ, ਇੰਜਣਾਂ, ਟਾਇਰਾਂ ਉਤੇ 18 ਤੋਂ 28 ਫੀਸਦੀ ਟੈਕਸ ਲਾ ਦਿੱਤਾ ਗਿਆ ਹੈ। ਬਿਜਲੀ ਦੇ ਸਾਮਾਨ ਉਤੇ ਭਾਰੀ ਟੈਕਸ ਨਾਲ ਸਿੰਜਾਈ ਅਤੇ ਹੋਰ ਵਸਤਾਂ ਰਾਹੀਂ ਕਿਸਾਨਾਂ ਉਤੇ ਭਾਰੀ ਭਾਰ ਪਾਇਆ ਜਾ ਰਿਹਾ ਹੈ।
ਸਾਂਬਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਖੇਤੀ ਲਾਗਤਾਂ (ਇਨਪੁਟਸ) ਉਤੇ ਸਾਰਾ ਟੈਕਸ ਖਤਮ ਕਰੇ। ਉਨ੍ਹਾਂ ਨਾਲ ਹੀ ਜ਼ੋਰ ਦਿੱਤਾ ਕਿ ਸਾਉਣੀ ਦੀਆਂ ਫਸਲਾਂ ਖਾਸ ਕਰ ਝੋਨੇ ਅਤੇ ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ ਕ੍ਰਮਵਾਰ 2500 ਅਤੇ 4500 ਰੁਪਏ ਕੁਇੰਟਲ ਬੰਨ੍ਹੇ ਅਤੇ  ਕਰਜ਼ੇ ਖਤਮ ਕਰਨ ਲਈ ਰਾਜਾਂ ਦੀ ਪੂਰੀ ਮਦਦ ਕਰੇ। ਇਨ੍ਹਾਂ ਮੰਗਾਂ ਲਈ 15 ਜੂਨ ਨੂੰ ਸਾਰੇ ਦੇਸ਼ ਵਿਚ ਰੋਸ ਐਕਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਬਜਟ ਵਿਚ ਕਰਜ਼ੇ ਖਤਮ ਕਰਨ ਲਈ ਕਦਮ ਨਾ ਚੁੱਕੇ ਤਾਂ 22 ਜੂਨ ਨੂੰ ਅਸੈਂਬਲੀ ਦਾ ਘੇਰਾਓ ਕੀਤਾ ਜਾਵੇਗਾ।


Related News