ਸੁਰੱਖਿਆ ਗਾਰਡ ਦੀ ਮੌਤ ਦੇ ਦੋਸ਼ੀਆਂ ਨੂੰ ਬਿਹਾਰ ਫਡ਼ਨ ਜਾਵੇਗੀ ਪੁਲਸ

07/17/2018 4:44:01 AM

ਤਰਨਤਾਰਨ, (ਰਮਨ)- ਸ਼ਨੀਵਾਰ ਦੀ ਰਾਤ ਨੂੰ ਅੰਮ੍ਰਿਤਸਰ ਰੋਡ ’ਤੇ ਸਥਿਤ ਕਾਂਗਰਸੀ ਨੇਤਾ ਹਰਜਿੰਦਰ ਸਿੰਘ ਢਿੱਲੋਂ ਦੇ ਸੈਵਨ ਸਟਾਰ ਰੈਸਟੋਰੈਂਟ ਵਿਚ  ਸੁਰੱਖਿਆ ਗਾਰਡ ਨੂੰ ਰੈਸਟੋਰੈਂਟ ਦੇ ਹੀ ਕਰਮਚਾਰੀਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਮੌਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਨਾਲ ਮਾਮਲਾ ਦਰਜ ਕਰਦੇ ਹੋਏ ਰੈਸਟੋਰੈਂਟ ਦੇ ਮੁੱਖ ਮੈਨੇਜਰ ਨੂੰ ਹਿਰਾਸਤ ਵਿਚ ਲੈ ਕੇ ਫਰਾਰ ਦੋਸ਼ੀਆਂ ਦੀ ਭਾਲ ਲਈ ਬਿਹਾਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
10 ਸਾਲ ਤੋਂ ਕਰ ਰਿਹਾ ਸੀ ਨੌਕਰੀ
ਸੈਵਨ ਸਟਾਰ ਰੈਸਟੋਰੈਂਟ ਵਿਚ  ਹਰਜਿੰਦਰ ਸਿੰਘ (50) ਪੁੱਤਰ ਹਜ਼ਾਰਾ ਸਿੰਘ ਬਤੌਰ ਸੁਰੱਖਿਆ ਗਾਰਡ  10 ਸਾਲ ਤੋਂ ਤਾਇਨਾਤ ਸੀ। ਜੋ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਉਕਤ ਰੈਸਟੋਰੈਂਟ ਵਿਚ ਨੌਕਰੀ ਕਰਨ ਲੱਗ ਪਿਆ ਸੀ ਕਿਉਂਕਿ ਉਹ ਗਰੀਬ ਵਰਗ ਨਾਲ ਜੁਡ਼ਿਆ ਹੋਇਆ ਸੀ। ਹਰਜਿੰਦਰ ਸਿੰਘ ਰੋਜ਼ ਦੀ ਤਰ੍ਹਾਂ ਘਰੋਂ ਡਿਊਟੀ ’ਤੇ ਗਿਆ ਪਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੀ ਪਤਾ ਸੀ ਕਿ ਉਹ ਅਗਲੀ ਸਵੇਰ ਘਰ ਨਹੀਂ ਪਰਤੇਗਾ।
ਤਰਸ ਖਾ ਕੇ ਰੱਖਿਆ ਸੀ ਦੋਸ਼ੀਆਂ ਨੂੰ ਨੌਕਰੀ ’ਤੇ
ਉਕਤ ਰੈਸਟੋਰੈਂਟ ਵਿਚ ਕਈ ਸਾਲਾਂ ਤੋਂ ਬਤੌਰ ਨੌਕਰੀ ਕਰ ਰਹੇ ਮੈਨੇਜਰ ਉਮੇਸ਼ ਕੁਮਾਰ ਵਾਸੀ ਬਿਹਾਰ ਦੇ ਕਹਿਣ ’ਤੇ ਹੋਟਲ ਮਾਲਕ ਨੇ ਉਸ ਦੇ ਭਤੀਜੇ ਰਜਨੀਸ਼ ਪੁੱਤਰ ਸੁਰੇਸ਼ ਵਾਸੀ ਬਿਹਾਰ ਅਤੇ ਉਸ ਦੇ ਦੂਰ ਦੇ ਰਿਸ਼ਤੇਦਾਰ ਗੁਲਸ਼ਨ ਪੁੱਤਰ ਰਾਮੂ ਵਾਸੀ ਜ਼ਿਲਾ ਮੁਜ਼ਫਰਨਗਰ (ਬਿਹਾਰ) ਨੂੰ ਉਕਤ ਰੈਸਟੋਰੈਂਟ ਵਿਚ ਕੰਮਕਾਜ  ਕਰਨ ਸਬੰਧੀ ਨੌਕਰੀ ’ਤੇ ਰੱਖ ਲਿਆ। ਢਿੱਲੋਂ ਮਾਲਕ ਵੱਲੋ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਰੀਬ 20 ਦਿਨ ਪਹਿਲਾਂ ਉਮੇਸ਼ ਦੇ ਕਹਿਣ ’ਤੇ ਤਰਸ ਖਾ ਨੌਕਰੀ ਦਿੱਤੀ ਗਈ ਸੀ।
ਕਿਉਂ ਕੀਤੀ ਗਈ ਗਾਰਡ ਦੀ ਹੱਤਿਆ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਕਿਸੇ ਵਪਾਰੀ ਨੂੰ ਰਕਮ ਦਾ ਭੁਗਤਾਨ ਕਰਨ ਲਈ ਮੋਟੀ ਰਕਮ ਕੱਢਵਾ ਕੇ ਰੱਖੀ ਗਈ ਸੀ। ਰੈਸਟੋਰੈਂਟ ਮਾਲਕ ਢਿੱਲੋਂ ਦਾ ਬੇਟਾ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਗਿਆ ਹੋਣ ਕਾਰਨ ਉਕਤ ਦੋਸ਼ੀਆਂ ਨੂੰ ਰੈਸਟੋਰੈਂਟ ਵਿਚ ਮੌਜੂਦ ਰਕਮ ਦਾ ਸ਼ੱਕ ਹੋਣ ਤੋਂ ਬਾਅਦ ਰਕਮ ਨੂੰ ਲੁੱਟਣ ਦਾ ਪਲਾਨ ਬਣਾਇਆ ਗਿਆ, ਜਦੋਂਕਿ ਰੈਸਟੋਰੈਂਟ ਮਾਲਕ ਵੱਲੋਂ ਭੁਗਤਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਦੋਸ਼ੀਆਂ ਵਲੋਂ ਬਣਾਈ ਗਈ ਸਕੀਮ ਤਹਿਤ ਰਾਤ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਸੀ।
ਕਿਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
ਰਾਤ ਕਰੀਬ 2.30 ਵਜੇ ਜਦੋਂ ਸਾਰਾ ਸਟਾਫ ਸੁੱਤਾ ਪਿਆ ਸੀ ਅਤੇ ਗਾਰਡ ਹਰਜਿੰਦਰ ਸਿੰਘ ਬਾਹਰ ਗੇਟ ਉਪਰ ਡਿੳੇੂਟੀ ’ਤੇ ਤਾਇਨਾਤ ਸੀ ਤਾਂ ਰਜਨੀਸ਼ ਅਤੇ ਗੁਲਸ਼ਨ ਵੱਲੋਂ ਰੈਸਟੋਰੈਂਟ ਦੇ ਦਫਤਰ ’ਚੋਂ ਪਹਿਲਾਂ ਗੇਟ ਦੀਆਂ ਚਾਬੀਆਂ ਕੱਢੀਆਂ ਗਈਆਂ, ਫਿਰ ਸਾਰੇ ਦਰਾਜ ਤੋਡ਼ ਕੇ ਫਰੋਲਾ-ਫਰਾਲੀ ਕੀਤੀ ਗਈ। ਇਹ ਸਾਰਾ ਮਾਮਲਾ ਸੀ. ਸੀ. ਟੀ. ਵੀ. ਕੈਮਰਿਆ ਵਿਚ ਵੀ ਕੈਦ ਹੋ ਗਿਆ, ਜਦੋਂ ਇਨ੍ਹਾਂ ਦੋਵਾਂ ਨੂੰ ਕੋਈ ਨਕਦੀ ਨਾ ਮਿਲੀ ਤਾਂ ਇਨ੍ਹਾਂ ਦੋਵਾਂ ਨੇ ਬਾਹਰ ਨਿਕਲਣ ਸਮੇਂ ਰੈਸਟੋਰੈਂਟ ਦੇ ਮਾਲਕ ਦੀ ਈਸੂਜ਼ੂ ਗੱਡੀ ਪੀ. ਬੀ 46-ਐੱਨ-0017 ਨੂੰ ਚੋਰੀ ਕਰਨ ਸਮੇਂ ਗੇਟ ’ਤੇ ਮਜੂਦ ਸੁੱਰਖਿਆ ਗਾਰਡ ’ਤੇ ਹਮਲਾ ਕਰ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਦੋਸ਼ੀ ਗਾਰਡ ਦੀ 12 ਬੋਰ ਦੀ ਡਬਲ ਬੈਰਲ ਰਾਈਫਲ, 10 ਰੌਂਦ ਖੋਹ ਕੇ ਗੱਡੀ ’ਚ ਸਵਾਰ ਹੋ ਕੇ ਫਰਾਰ ਹੋ ਗਏ। ਸੂਤਰਾਂ ਦੀ ਮੰਨੀਏ ਤਾਂ ਜਿਸ ਸਮੇਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਸਮੇ ਉਮੇਸ਼ ਕੁਮਾਰ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ।
ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ : ਇੰਸ. ਸ਼ਰਮਾ
ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਉਮੇਸ਼ ਕੁਮਾਰ ਨੂੰ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ, ਜਿਸ ਨੂੰ ਬਿਹਾਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਵੇਂ ਦੋਸ਼ੀ ਬਿਹਾਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ  ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
9 ਸਾਲ ਪਹਿਲਾਂ ਰੈਸਟੋਰੈਂਟ ਮਾਲਕ ਦੇ ਪੁੱਤਰ ਦੀ ਵੀ ਗੋਲੀ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ
ਜ਼ਿਕਰਯੋਗ ਹੈ ਕਿ ਨੌ ਸਾਲ ਪਹਿਲਾਂ 13 ਜੁਲਾਈ 2009 ਦੀ ਰਾਤ ਨੂੰ ਇਸੇ ਰੈਸਟੋਰੈਂਟ ਵਿਚ ਖਾਣਾ ਖਾਣ ਆਏ ਕੁਝ ਲੋਕਾਂ ਵੱਲੋ ਰੈਸਟੋਰੈਂਟ ਦੇ ਸਟਾਫ ਨਾਲ ਕਿਸੇ ਗੱਲ ਤੋਂ ਹੋਏ ਤਕਰਾਰ ਕਾਰਨ ਇਸੇ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਦੇ ਬੇਟੇ ਜੱਜਬੀਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਰੈਸਟੋਰੈਂਟ ਵਿਚ ਹੋਈ ਗਾਰਡ ਦੀ ਹੱਤਿਆ ਨੇ ਇਕ ਵਾਰ ਫਿਰ 9 ਸਾਲ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਰਿਵਾਰ ਨੂੰ ਠੇਸ ਪਹੁੰਚਾ ਦਿੱਤੀ ਹੈ।
ਉਜਡ਼ ਗਿਆ ਪਰਿਵਾਰ
ਮ੍ਰਿਤਕ ਹਰਜਿੰਦਰ ਸਿੰਘ  ਦੀ ਮੌਤ ਤੋਂ ਬਾਅਦ ਆਪਣੇ ਪਿੱਛੇ ਪਤਨੀ ਮਨਜੀਤ ਕੌਰ, ਚਾਰ ਬੇਟੇ ਜਿਨ੍ਹਾਂ ’ਚੋ ਇਕ ਵਿਆਹਿਆ ਤੇ 3 ਕੁਆਰੇ ਹਨ ਨੂੰ ਛੱਡ ਗਿਆ ਹੈ। ਇਸ ਵਾਪਰੀ ਦੁਖਦਾਈ ਘਟਨਾ ਕਾਰਨ ਪਰਿਵਾਰ ਨੂੰ ਕਾਫੀ ਜ਼ਿਆਦਾ ਘਾਟਾ ਪਿਆ ਹੈ। ਪਰਿਵਾਰਕ ਮੈਂਬਰਾਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਉਨ੍ਹਾਂ ਨੂੰ ਮਾਲੀ ਸਹਾਇਤਾ ਜਾਰੀ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਸਖਤ ਸਜ਼ਾ ਦਿੱਤੀ ਜਾਵੇ।
 


Related News