ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਦਿੱਤੀ ਗਈ 'Z' ਸ਼੍ਰੇਣੀ ਦੀ VIP ਸੁਰੱਖਿਆ

Tuesday, Apr 09, 2024 - 01:47 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਹਥਿਆਰਬੰਦ ਕਮਾਂਡੋ ਦੀ ਜ਼ੈੱਡ ਸ਼੍ਰੇਣੀ ਦੀ ਵੀ.ਆਈ.ਪੀ. ਸੁਰੱਖਿਆ ਪ੍ਰਦਾਨ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੂੰ ਇਸ ਕੰਮ ਲਈ ਕਰੀਬ 40-50 ਕਰਮੀਆਂ/ਜਵਾਨਾਂ ਦੀ ਇਕ ਟੁਕੜੀ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਤਿਆਰ ਕੀਤੀ ਗਈ ਖ਼ਤਰਾ ਸੰਬੰਧੀ ਧਾਰਨਾ ਰਿਪੋਰਟ 'ਚ ਮੁੱਖ ਚੋਣ ਕਮਿਸ਼ਨਰ ਕੁਮਾਰ ਲਈ ਸਖ਼ਤ ਸੁਰੱਖਿਆ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਕਦਮ 7 ਪੜਾਵਾਂ 'ਚ ਹੋਣ ਜਾ ਰਹੀਆਂ ਆਮ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਚੁੱਕਿਆ ਗਿਆ ਹੈ। ਆਮ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਕਮਾਂਡੋ ਦੇਸ਼ 'ਚ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਨਾਲ ਰਹਿਣਗੇ। ਕੁਮਾਰ 1984 ਬੈਚ ਦੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਹਨ। ਉਨ੍ਹਾਂ ਨੇ 15 ਮਈ 2022 ਨੂੰ 25ਵੇਂ ਮੁੱਖ ਚੋਣ ਕਮਿਸ਼ਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਇਕ ਸਤੰਬਰ 2020 ਨੂੰ ਚੋਣ ਕਮਿਸ਼ਨ 'ਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।

ਕੀ ਹੁੰਦੀ ਹੈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ

ਜ਼ੈੱਡ ਸ਼੍ਰੇਣੀ ਦੀ ਸੁਰੱਖਿਆ 'ਚ ਕੁੱਲ 22 ਜਵਾਨ ਸ਼ਾਮਿਲ ਹੁੰਦੇ ਹਨ, ਜਿਸ ਵਿਚ 4 ਜਾਂ 5 ਐੱਨਐੱਸਜੀ ਕਮਾਂਡੋ ਅਤੇ ਹਥਿਆਰਬੰਦ ਪੁਲਸ ਕਾਮੇ ਸ਼ਾਮਲ ਹੁੰਦੇ ਹਨ, ਜੋ ਕਰੀਬੀ ਲੜਾਈ ਦੀਆਂ ਕਈ ਵਿਧੀਆਂ 'ਚ ਪੂਰੀ ਤਰ੍ਹਾਂ ਨਿਪੁੰਨ ਹੁੰਦੇ ਹਨ। ਇਹ ਕਮਾਂਡੋ ਬਿਨਾਂ ਹਥਿਆਰ ਦੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ 'ਚ ਮਾਹਿਰ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸ਼੍ਰੇਣੀ ਦੀ ਸੁਰੱਖਿਆ ਵਿਚ ਅਸਕਾਰਟ ਅਤੇ ਪਾਇਲਟ ਵਾਹਨ ਵੀ ਸ਼ਾਮਲ ਹੁੰਦੇ ਹਨ। ਐੱਨਐੱਸਜੀ ਕਮਾਂਡੋ ਟੁਕੜੀ ਤੋਂ ਇਲਾਵਾ ਸੁਰੱਖਿਆ 'ਚ ਸੀ.ਆਰ.ਪੀ.ਐੱਫ. (ਕੇਂਦਰੀ ਰਿਜ਼ਰਵ ਪੁਲਿਸ ਬਲ) ਅਤੇ ਆਈ.ਟੀ.ਬੀ.ਪੀ. (ਇੰਡੋ-ਤਿੱਬਤਨ ਬਾਰਡਰ ਪੁਲਿਸ ) ਦੇ ਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News