ਮੋਦੀ ਸਰਕਾਰ ਨੇ ਸੱਤਾ ਦਾ ਕੇਂਦਰੀਕਰਨ ਕੀਤਾ, GST ਨਾਲ ਅਰਬਪਤੀਆਂ ਨੂੰ ਫਾਇਦਾ ਪਹੁੰਚਾਇਆ : ਰਾਹੁਲ

Friday, Jan 28, 2022 - 01:37 PM (IST)

ਮੋਦੀ ਸਰਕਾਰ ਨੇ ਸੱਤਾ ਦਾ ਕੇਂਦਰੀਕਰਨ ਕੀਤਾ, GST  ਨਾਲ ਅਰਬਪਤੀਆਂ ਨੂੰ ਫਾਇਦਾ ਪਹੁੰਚਾਇਆ : ਰਾਹੁਲ

 ਜਲੰਧਰ (ਸੁਨੀਲ ਧਵਨ) : ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਸੱਤਾ ਦਾ ਕੇਂਦਰੀਕਰਨ ਕਰਨ ਦਾ ਸਿੱਧਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ, ਭਾਜਪਾ ਅਤੇ ਆਮ ਆਦਮੀ ਪਾਰਟੀ ਤਿੰਨਾਂ ਦੀ ਸੋਚ ਸੱਤਾ ਦਾ ਕੇਂਦਰੀਕਰਨ ਕਰਨ ਤੱਕ ਸੀਮਤ ਹੈ ਜਦੋਂ ਕਿ ਕਾਂਗਰਸ ਦੀ ਸੋਚ ਸੱਤਾ ਅਤੇ ਸ਼ਕਤੀ ਜਨਤਾ ਦੇ ਹੱਥ ਵਿਚ ਦੇਣ ਵਲੋਂ ਜੁੜੀ ਹੈ। ਜਲੰਧਰ ਤੋਂ ਪੰਜਾਬ ਵਿਚ ਕਾਂਗਰਸ ਦੇ ਚੋਣ ਅਭਿਆਨ ਦਾ ਵਰਚੁਅਲ ਰੈਲੀ ਰਾਹੀਂ ਸ਼੍ਰੀਗਣੇਸ਼ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਵਿੱਚ ਚਾਹੇ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਰਾਜਾਂ ਵਿਚ ਉਸਦਾ ਇਕਲੌਤਾ ਮਕਸਦ ਸੱਤਾ ਨੂੰ ਕੁਝ ਆਦਮੀਆਂ ਦੇ ਹੱਥਾਂ ਵਿਚ ਕੇਂਦਰਿਤ ਕਰਨ ਤਕ ਸੀਮਤ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉੱਤੇ ਇਲਜ਼ਾਮ ਲਗਾਇਆ ਕਿ ਉਸਨੇ ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਲਾਗੂ ਕਰਕੇ ਅਮੀਰਾਂ ਨੂੰ ਫਾਇਦਾ ਪਹੁੰਚਾਇਆ ਹੈ ਜਦੋਂ ਕਿ ਇਸਦਾ ਸਿੱਧਾ ਨੁਕਸਾਨ ਛੋਟੇ ਵਪਾਰੀਆਂ, ਕਾਰਖਾਨੇਦਾਰਾਂ ਅਤੇ ਛੋਟੇ ਉੱਦਮੀਆਂ ਨੂੰ ਚੁੱਕਣਾ ਪਿਆ ਹੈ, ਜਿਸ ਕਾਰਨ ਦੇਸ਼ ਵਿੱਚ ਬੇਰੋਜ਼ਗਾਰੀ ਇਸ ਸਮੇਂ ਸਿਖਰ ’ਤੇ ਪਹੁੰਚ ਗਈ ਹੈ। ਮੋਦੀ ਸਰਕਾਰ ਨੇ ਐੱਸ. ਐੱਸ. ਟੀ. ਨੂੰ ਲਾਗੂ ਕਰਕੇ 2-3 ਅਰਬਪਤੀਆਂ ਦੇ ਹਿੱਤਾਂ ਨੂੰ ਹੀ ਧਿਆਨ ਵਿੱਚ ਰੱਖਿਆ।

ਕੇਂਦਰ ਸਰਕਾਰ ਵਲੋਂ ਵਾਪਸ ਲਈ ਗਏ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਵੀ ਸਿਰਫ ਅਰਬਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਆਮ ਜਨਤਾ ਨਾਲ ਜੁੜੇ  ਫੈਸਲੇ ਕੀਤੇ। ਉਨ੍ਹਾਂ ਨੇ ਪੰਜਾਬ ਦੇ ਉਦਯੋਗਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਮੋਹਾਲੀ ਵਿਚ ਜਿੱਥੇ ਸੂਚਨਾ ਤਕਨੀਕ , ਸਿੱਖਿਆ, ਅੰਮ੍ਰਿਤਸਰ ਵਿਚ ਸੈਰ-ਸਪਾਟਾ, ਜਲੰਧਰ ਵਿਚ ਸਪੋਰਟਸ ਗੁੱਡਸ, ਪਟਿਆਲਾ ਵਿਚ ਫੁਲਕਾਰੀ ਆਦਿ ਛੋਟੇ ਉਦਯੋਗਾਂ ਦਾ ਕੇਂਦਰੀਕਰਨ ਹੈ। ਇਨ੍ਹਾਂ ਖੇਤਰਾਂ ਵਿੱਚ ਛੋਟੇ ਉਦਯੋਗਾਂ ਦੀ ਹਾਲਤ ਨੂੰ ਰਾਜ ਸਰਕਾਰ ਅਤੇ ਮਜਬੂਤ ਬਣਾਏਗੀ । ਪੰਜਾਬ ਵਿੱਚ ਸ਼ਾਂਤੀ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਚਾਹੇ ਸਾਨੂੰ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪਏ ਅਸੀ ਰਾਜ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਔਰਤਾਂ ਲਈ ਇੱਕ ਵੱਖਰਾ ਚੋਣ ਮੈਨੀਫੈਸਟੋ ਬਣਾਉਣ, ਜਿਸ ਵਿੱਚ ਔਰਤਾਂ ਨਾਲ 2-3 ਠੋਸ ਵਾਅਦੇ ਕੀਤੇ ਜਾਣ, ਜਿ ਨਾਲ ਸਾਡੀ ਮਾਤਾਵਾਂ ਅਤੇ ਭੈਣਾਂ ਦਾ ਜੀਵਨ ਪੱਧਰ ਉੱਚਾ ਉਠ ਸਕੇ।


author

Anuradha

Content Editor

Related News