ਰੰਗਦਾਰੀ ਲਈ ਫਾਇਰਿੰਗ ਮਾਮਲੇ ''ਚ ਵੱਡੀ ਕਾਰਵਾਈ : ਦੋਸ਼ੀ 5 ਅਤਿਆਧੁਨਿਕ ਹਥਿਆਰਾਂ ਸਣੇ ਗ੍ਰਿਫ਼ਤਾਰ
Saturday, Apr 25, 2026 - 01:48 PM (IST)
ਪਾਇਲ (ਵਿਨਾਇਕ) : ਪਾਇਲ ਦੀ ਅਨਾਜ ਮੰਡੀ ਵਿਚ ਰੰਗਦਾਰੀ ਲਈ ਕੀਤੀ ਗਈ ਫਾਇਰਿੰਗ ਮਾਮਲੇ ਵਿਚ ਜ਼ਿਲ੍ਹਾ ਪੁਲਸ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਨੇ ਇਸ ਮਾਮਲੇ ਦੇ ਮੁਲਜ਼ਮ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਨਾਲ ਹੀ ਉਸਦੇ ਕਬਜ਼ੇ ਤੋਂ 5 ਅਤਿਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀ ਪਹਿਲਾਂ ਫੜੇ ਗਏ ਦੋਸ਼ੀਆਂ ਤੋਂ ਹੋਈ ਪੁੱਛਗਿੱਛ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਦੋਸ਼ੀ ਨਾ ਸਿਰਫ਼ ਸਥਾਨਕ ਪੱਧਰ ’ਤੇ ਗਿਰੋਹ ਲਈ ਕੰਮ ਕਰ ਰਿਹਾ ਸੀ, ਸਗੋਂ ਹਮਲਾਵਰਾਂ ਨੂੰ ਲੋਜਿਸਟਿਕ ਸਹਾਇਤਾ, ਰੇਕੀ ਅਤੇ ਠਿਕਾਣੇ ਉਪਲਬਧ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਦੱਸਣਯੋਗ ਹੈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਅਨਾਜ ਮੰਡੀ ਵਿਚ ਇਕ ਆੜਤੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਕੇ ਖੇਤਰ ਵਿਚ ਦਹਿਸ਼ਤ ਫੈਲਾ ਦਿੱਤੀ ਸੀ। ਇਸ ਘਟਨਾ ਨੂੰ ਰੰਗਦਾਰੀ ਵਸੂਲੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕੇਸ ਦਰਜ ਕਰ ਕੇ ਵਿਸ਼ੇਸ਼ ਟੀਮਾਂ ਗਠਿਤ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਪਹਿਲਾਂ ਵੀ ਪੁਲਸ ਗੈਂਗਸਟਰ ਨੈੱਟਵਰਕ ਨਾਲ ਜੁੜੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਸ ਵਾਰਦਾਤ ਨੂੰ ਪੂਰੀ ਯੋਜਨਾ, ਰੇਕੀ ਨੂੰ ਅੰਜਾਮ ਦਿੱਤਾ ਗਿਆ ਸੀ। ਗ੍ਰਿਫਤਾਰ ਦੋਸ਼ੀਆਂ ਨੇ ਖੁਲਾਸਾ ਕੀਤਾ ਸੀ ਕਿ ਗਿਰੋਹ ਦੇ ਤਾਰ ਵਿਦੇਸ਼ ਵਿਚ ਬੈਠੇ ਮਾਸਟਰਮਾਈਂਡ ਨਾਲ ਜੁੜੇ ਹੋਏ ਹਨ, ਜੋ ਫੋਨ ਕਾਲਾਂ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਵਾਉਂਦੇ ਸਨ। ਪੁਲਸ ਸੂਤਰਾਂ ਅਨੁਸਾਰ ਤਾਜ਼ਾ ਗ੍ਰਿਫਤਾਰੀ ਤੋਂ ਬਾਅਦ ਇਸ ਨੈੱਟਵਰਕ ਦੀਆਂ ਜੜਾਂ ਹੋਰ ਵੀ ਗਹਿਰਾਈ ਤੱਕ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਰਾਮਦ ਹਥਿਆਰਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦਾ ਇਸਤੇਮਾਲ ਕਿਹੜੀਆਂ-ਕਿਹੜੀਆਂ ਵਾਰਦਾਤਾਂ ਵਿਚ ਹੋਇਆ ਹੈ।
ਜ਼ਿਲ੍ਹਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ “ਗੈਂਗਸਟਰਾਂ ’ਤੇ ਵਾਰ” ਮੁਹਿੰਮ ਤਹਿਤ ਲਗਾਤਾਰ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਹਨ ਕਿ ਆਉਣ ਵਾਲੀ ਪ੍ਰੈੱਸ ਕਾਨਫਰੰਸ ਵਿਚ ਇਸ ਕੇਸ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਜਾਣਗੇ, ਜਿਨ੍ਹਾਂ ਨਾਲ ਪੂਰੇ ਨੈੱਟਵਰਕ ਦਾ ਪਰਦਾਫ਼ਾਸ਼ ਹੋ ਸਕਦਾ ਹੈ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਖੇਤਰ ਵਿਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ, ਜਦਕਿ ਵਪਾਰੀਆਂ ਅਤੇ ਆਮ ਜਨਤਾ ਵਿਚ ਵੀ ਰਾਹਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ।
