ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਧੀ ਕਰ ਗਈ ਖ਼ੁਦਕੁਸ਼ੀ, ਮਾਂ ਨੇ ਬਿਆਨ ਕੀਤਾ ਇਕ-ਇਕ ਦਰਦ
Saturday, Dec 24, 2022 - 06:47 PM (IST)
ਅੱਪਰਾ (ਦੀਪਾ) : ਅੱਪਰਾ ਪੁਲਸ ਨੇ ਬੀਤੀ 4 ਦਸੰਬਰ ਨੂੰ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਇਕ ਵਿਆਹੁਤਾ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ 'ਚ ਨਾਮਜ਼ਦ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਹਰਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਗੁਰਬਖ਼ਸ਼ ਕੌਰ ਪਤਨੀ ਸ਼ਿੰਗਾਰਾ ਸਿੰਘ ਵਾਸੀ ਪਿੰਡ ਸਕੋਹਪੁਰ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨਾਂ ’ਚ ਦੱਸਿਆ ਕਿ ਮੇਰੀ ਲੜਕੀ ਕਮਲਜੀਤ ਕੌਰ ਦਾ ਵਿਆਹ ਮਿਤੀ 07-03-2011 ਨੂੰ ਸੁਖਵੰਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਕੰਗ ਜਗੀਰ ਤਹਿ. ਫਿਲੌਰ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ। ਵਿਆਹ ਤੋਂ ਦੋ ਮਹੀਨੇ ਬਾਅਦ ਮੇਰਾ ਜਵਾਈ ਵਿਦੇਸ਼ ਦੋਹਾ ਕਤਰ ਚਲਾ ਗਿਆ। ਇਸ ਉਪਰੰਤ ਮੇਰੀ ਲੜਕੀ ਨੂੰ ਉਸਦਾ ਸਹੁਰਾ, ਸੱਸ, ਨਣਾਨ ਤੇ ਦੋਹਤਾ (ਨਣਾਨ ਤੇ ਦੋਹਤਾ ਜੋ ਅਕਸਰ ਪਿੰਡ ਕੰਗ ਜਗੀਰ ਰਹਿੰਦੇ ਸਨ) ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਲਗਭਗ ਦੋ ਸਾਲ ਬਾਅਦ ਮੇਰਾ ਜਵਾਈ ਵਾਪਿਸ ਭਾਰਤ ਆ ਗਿਆ। ਇਸ ਉਪਰੰਤ ਮੇਰੀ ਲੜਕੀ ਦੇ ਘਰ ਇਕ ਲੜਕੀ ਪੈਦਾ ਹੋਈ। ਇਸ ਸਮੇਂ ਦੌਰਾਨ ਸੱਭ ਕੁਝ ਠੀਕ-ਠਾਕ ਰਿਹਾ।
ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਉਕਤ ਨੇ ਦੱਸਿਆ ਕਿ ਜੂਨ 2022 ਨੂੰ ਮੇਰਾ ਜਵਾਈ ਦੁਬਾਰਾ ਵਿਦੇਸ਼ ਮਲੇਸ਼ੀਆ ਚਲਾ ਗਿਆ। ਉਸ ਉਪਰੰਤ ਫਿਰ ਮੇਰੀ ਲੜਕੀ ਨੂੰ ਉਸਦੇ ਸਹੁਰੇ, ਸੱਸ, ਨਣਾਨ ਤੇ ਦੋਹਤਾ ਤੰਗ ਪ੍ਰੇਸ਼ਾਨ ਕਰਨ ਲੱਗੇ। ਬੀਤੀ ਮਿਤੀ 4-12-2022 ਨੂੰ ਮੇਰੀ ਧੀ ਨੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਰਾਤ ਨੂੰ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਏ. ਐੱਸ. ਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਸੰਬੰਧ 'ਚ ਕਥਿਤ ਦੋਸ਼ੀਆਂ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਕੰਗ ਜਗੀਰ (ਸਹੁਰਾ), ਜਸਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਕੰਗ ਜਗੀਰ (ਸੱਸ), ਕਮਲਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਪਾਲਕਦੀਮ (ਨਣਾਨ) ਤੇ ਚੰਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਪਾਲਕਦੀਮ (ਦੋਹਤਾ) ਖਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਏ. ਐੱਸ. ਆਈ ਨੇ ਦੱਸਿਆ ਕਿ ਚਾਰ ਕਥਿਤ ਦੋਸ਼ੀਆਂ ’ਚ ਅੱਜ ਪੁਲਸ ਨੇ ਤਿੰਨ ਨੂੰ ਸਹੁਰਾ ਭੁਪਿੰਦਰ ਸਿੰਘ ਉਰਫ ਭਿੰਦਾ, ਸੱਸ ਜਸਵਿੰਦਰ ਕੌਰ ਤੇ ਨਣਾਨ ਕਮਲਜੀਤ ਕੌਰ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਫਿਲੌਰ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 10 ਸਾਲਾ ਬਾਲੜੀ ਨਾਲ ਹਵਸ ਮਿਟਾਉਣ ਵਾਲਾ ਦਰਿੰਦਾ ਦੋਸ਼ੀ ਕਰਾਰ, ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।