ਸ਼ਹਿਰ ਦੀਆਂ ਮੁੱਖ ਸੜਕਾਂ ਖਸਤਾ ਹੋਣ ਕਾਰਨ ਬਣਿਆ ਛੱਪੜ

Monday, Sep 04, 2017 - 06:51 AM (IST)

ਕਪੂਰਥਲਾ- ਕਪੂਰਥਲਾ ਦੀ ਮੁੱਖ ਮਾਲ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਸੜਕਾਂ ਦੀ ਖਸਤਾ ਹਾਲਤ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ 'ਤੇ ਵੱਡੇ-ਵੱਡੇ ਖੱਡੇ ਮੀਂਹ ਤੋਂ ਬਾਅਦ ਛੋਟੇ-ਛੋਟੇ ਛੱਪੜਾਂ ਦੇ ਰੂਪ ਧਾਰਨ ਕਰ ਲੈਂਦੇ ਹਨ, ਜੋ ਮਹਾਰਾਜਿਆਂ ਦਾ ਇਤਿਹਾਸਕ ਸ਼ਹਿਰ ਕਪੂਰਥਲਾ ਸੜਕਾਂ ਦੀ ਬਦਤਰ ਹਾਲਤ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਾਸ਼ ਏਰੀਆ ਮਾਲ ਰੋਡ ਖੇਤਰ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਸੜਕ 'ਤੇ ਸੜਕ ਘੱਟ ਤੇ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ। ਗਹਿਰੇ ਖੱਡੇ ਚਾਰ-ਪਹੀਆ ਵਾਹਨ, ਦੋ-ਪਹੀਆ ਵਾਹਨ ਤੇ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੇ ਹਨ। ਇਸ ਸੜਕ 'ਤੇ ਰਾਤ ਦੇ ਸਮੇਂ ਭਾਰੀ ਗਿਣਤੀ 'ਚ ਲੋਕ ਸੈਰ ਕਰਨ ਲਈ ਆਉਂਦੇ ਹਨ। ਸੜਕ ਦੇ ਆਸ-ਪਾਸ ਲੱਗੇ ਵੱਖ-ਵੱਖ ਫਲਾਂ ਦੇ ਦਰੱਖਤ ਵਾਤਾਵਰਣ ਨੂੰ ਸੁੰਦਰ ਤੇ ਖੂਬਸੂਰਤ ਬਣਾਉਂਦੇ ਸਨ। 
ਇਸੇ ਤਰ੍ਹਾਂ ਕਾਲਾ ਸੰਘਿਆਂ ਫਾਟਕ ਰੋਡ ਦੀ ਹਾਲਤ ਨੂੰ ਬਿਆਨ ਕਰਨਾ ਮੁਸ਼ਕਿਲ ਹੋ ਚੁੱਕਾ ਹੈ। 2-3 ਸਾਲਾਂ ਤੋਂ ਇਸ ਸੜਕ ਦੀ ਹਾਲਤ ਇੰਨੀ ਜ਼ਿਆਦਾ ਬਦਤਰ ਹੈ ਕਿ ਲੋਕਾਂ ਨੂੰ ਇਸ ਸੜਕ ਤੋਂ ਆਉਣ-ਜਾਣ 'ਚ ਭਾਰੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਮੀਂਹ ਆਉਣ 'ਤੇ ਇਸ ਸੜਕ ਦੀ ਹਾਲਤ ਦੇਖਣ ਵਾਲੀ ਹੁੰਦੀ ਹੈ। ਸੜਕ ਤੋਂ ਵਾਹਨ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇਸੇ ਤਰ੍ਹਾਂ ਪੀਰ ਚੌਧਰੀ ਮਾਰਗ 'ਤੇ ਸੜਕ ਦਾ ਬੁਰਾ ਹਾਲ ਹੈ। ਸੜਕ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ 'ਤੇ ਕਈ ਛੋਟੇ-ਵੱਡੇ ਸਕੂਲਾਂ ਸਮੇਤ ਕਈ ਹਸਪਤਾਲ ਸਥਿਤ ਹਨ। ਛੋਟੇ ਬੱਚਿਆਂ ਨੂੰ ਰਿਕਸ਼ਾ-ਬੱਗੀ ਵਾਲੇ ਲੈ ਕੇ ਇਸ ਸੜਕ ਤੋਂ ਲੰਘਦੇ ਹਨ, ਜਿਸਦਾ ਹਰ ਸਮੇਂ ਦੁਰਘਟਨਾ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਤੋਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਸਮੇਤ ਹੋਰ ਖਸਤਾ ਹਾਲਤ ਵਾਲੀਆਂ ਸੜਕਾਂ ਨੂੰ ਜਲਦ ਬਣਾਇਆ ਜਾਵੇ। 


Related News