ਅਧਿਕਾਰੀਆਂ ਦੀ ਨਾਲਾਇਕੀ ਸਹੂਲਤਾਂ ਦੀ ਘਾਟ ਨੇ ਗਰਭਵਤੀ ਔਰਤਾਂ ਨੂੰ ਕੀਤਾ ਰੋਣ-ਹਾਕਾ

04/21/2018 7:04:24 AM

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਸਹੂਲਤਾਂ ਦੀ ਘਾਟ ਕਾਰਨ ਗਰਭਵਤੀ ਔਰਤਾਂ ਰੋ ਪਈਆਂ। ਗਰਭਵਤੀ ਔਰਤਾਂ ਦੇ ਅਲਟ੍ਰਾਸਾਊੁਂਡ ਲਈ ਜ਼ਰੂਰੀ ਸਮਝੇ ਜਾਂਦੇ ਪੀ. ਐੱਨ. ਡੀ. ਟੀ. ਦੇ ਐੱਫ. ਫਾਰਮ ਰਜਿਸਟਰ ਦਾ ਸਟਾਕ ਖਤਮ ਹੋ ਜਾਣ ਕਾਰਨ ਦੋ ਦਰਜਨ ਤੋਂ ਵਧੇਰੇ ਔਰਤਾਂ ਦੇ ਅਲਟ੍ਰਾਸਾਊਂਡ ਨਹੀਂ ਹੋ ਸਕੇ ਹਨ। ਟੈਸਟ ਕਰਵਾਉਣ ਲਈ ਗਰਭਵਤੀ ਔਰਤਾਂ ਅੱਜ ਗਰਭ ਵਿਚ ਬੱਚਾ ਲੈ ਕੇ ਸਾਰਾ ਦਿਨ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਖੱਜਲ-ਖੁਆਰ ਹੁੰਦੀਆਂ ਰਹੀਆਂ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਬਣਾਇਆ ਗਿਆ ਹੈ। ਇਸ ਸੈਂਟਰ ਵਿਚ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ ਤੇ ਗੁਰਦਾਸਪੁਰ ਜ਼ਿਲਿਆਂ ਦੀਆਂ ਗਰਭਵਤੀ ਔਰਤਾਂ ਵੱਡੀ ਤਾਦਾਦ ਵਿਚ ਇਲਾਜ ਲਈ ਪੁੱਜਦੀਆਂ ਹਨ। ਸਿਹਤ ਵਿਭਾਗ ਦੇ ਹਸਪਤਾਲਾਂ ਵਿਚ ਐਮਰਜੈਂਸੀ ਜਣੇਪੇ ਦੀਆਂ ਸਹੂਲਤਾਂ ਦੀ ਘਾਟ ਹੋਣ ਕਾਰਨ ਸਾਰੇ ਕੇਸ ਉਕਤ ਸੈਂਟਰ ਵਿਚ ਹੀ ਰੈਫਰ ਕੀਤੇ ਜਾਂਦੇ ਹਨ। ਭਾਰਤ ਸਰਕਾਰ ਵੱਲੋਂ ਗਰਭਵਤੀ ਔਰਤਾਂ ਦੇ ਜਣੇਪੇ ਦੀ ਮੁਫਤ ਸਹੂਲਤ ਦਿੰਦਿਆਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਹਸਪਤਾਲ ਵਿਚ ਗਰਭਵਤੀ ਔਰਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਪਰ ਇਸ ਸਭ ਦੇ ਬਾਵਜੂਦ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਔਰਤਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
2 ਦਰਜਨ ਤੋਂ ਵੱਧ ਔਰਤਾਂ ਦੇ ਨਹੀਂ ਹੋਏ ਅਲਟ੍ਰਾਸਾਊਂਡ
ਹਸਪਤਾਲ ਵਿਚ ਅਲਟ੍ਰਾਸਾਊਂਡ ਕਰਵਾਉਣ ਲਈ 6 ਦਰਜਨ ਤੋਂ ਵੱਧ ਗਰਭਵਤੀ ਔਰਤਾਂ ਆਉਂਦੀਆਂ ਹਨ ਪਰ ਅੱਜ ਪੀ. ਐੱਨ. ਡੀ. ਟੀ. ਦੇ ਐੱਫ. ਫਾਰਮ ਰਜਿਸਟਰ ਖਤਮ ਹੋਣ ਕਾਰਨ 2 ਦਰਜਨ ਤੋਂ ਵੱਧ ਔਰਤਾਂ ਦੇ ਅਲਟ੍ਰਾਸਾਊਂਡ ਨਹੀਂ ਹੋ ਸਕੇ ਹਨ। ਇਹ ਔਰਤਾਂ ਸਵੇਰੇ 8 ਵਜੇ ਤੋਂ ਅਲਟ੍ਰਾਸਾਊਂਡ ਕਰਵਾਉਣ ਲਈ ਹਸਪਤਾਲ ਵਿਚ ਪੁੱਜੀਆਂ ਹੋਈਆਂ ਸਨ ਪਰ ਲੰਬਾ ਸਮਾਂ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰੀ ਰਜਿਸਟਰ ਨਾ ਹੋਣ ਕਾਰਨ ਅੱਜ ਉਨ੍ਹਾਂ ਦੇ ਅਲਟ੍ਰਾਸਾਊਂਡ ਨਹੀਂ ਹੋ ਸਕਣਗੇ। 
ਮੈਡੀਕਲ ਸੁਪਰਡੈਂਟ ਦਫਤਰ ਦੇ ਕੰਮ ਢਿੱਲੇ
ਪੀ. ਐੱਨ. ਡੀ. ਟੀ. ਦੇ ਐੱਫ. ਫਾਰਮ ਰਜਿਸਟਰ ਖਤਮ ਹੋਣ ਸਬੰਧੀ ਰੇਡਿਓਲਾਜੀ ਵਿਭਾਗ ਵੱਲੋਂ ਕਈ ਦਿਨ ਪਹਿਲਾਂ ਹੀ ਮੈਡੀਕਲ ਸੁਪਰਡੈਂਟ ਦਫਤਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਨਵੇਂ ਰਜਿਸਟਰ ਉਪਲੱਬਧ ਕਰਵਾਉਣ ਲਈ ਚਿੱਠੀਆਂ ਪੱਤਰਾਂ ਤੋਂ ਇਲਾਵਾ ਰਿਮਾਈਂਡਰ ਵੀ ਕੱਢੇ ਗਏ ਸਨ ਪਰ ਇਸ ਦੇ ਬਾਵਜੂਦ ਦਫਤਰ ਵੱਲੋਂ ਸਮੇਂ 'ਤੇ ਸਰਕਾਰੀ ਰਜਿਸਟਰਾਂ ਦੀ ਖਰੀਦ ਨਾ ਕਰ ਕੇ ਦੇਣ ਕਾਰਨ ਗਰਭਵਤੀ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਨੈਸ਼ਨਲ ਸਕੀਮਾਂ ਦਾ ਹਸਪਤਾਲ ਵਿਚ ਬੁਰਾ ਹਾਲ ਹੈ। ਭਾਰਤ ਤੇ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਦੇ ਇਲਾਜ ਤੇ ਜਣੇਪੇ ਲਈ ਕਰੋੜਾਂ ਰੁਪਏ ਖਰਚ ਕਰ ਕੇ ਮੁਫਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਹਸਪਤਾਲ ਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਗਰਭਵਤੀ ਔਰਤਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਉਕਤ ਹਸਪਤਾਲ ਵਿਚ ਗਰਭਵਤੀ ਔਰਤਾਂ ਦੇ ਹੋ ਰਹੇ ਸ਼ੋਸ਼ਣ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਸਭ ਦੇ ਬਾਵਜੂਦ ਮੈਡੀਕਲ ਸੁਪਰਡੈਂਟ ਸਮੇਤ ਹੋਰ ਅਧਿਕਾਰੀ ਨੈਸ਼ਨਲ ਸਕੀਮਾਂ ਨੂੰ ਟਿੱਚ ਜਾਣਦੇ ਹੋਏ ਆਪਣੀ ਮਨਮਰਜ਼ੀ ਤਹਿਤ ਕੰਮ ਕਰ ਰਹੇ ਹਨ। —ਜੈ ਗੋਪਾਲ ਲਾਲੀ


Related News