ਜਲੰਧਰ ਪੁਲਸ ਵੱਲੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਮੈਂਬਰ 25 ਲੱਖ ਰੁਪਏ ਸਣੇ ਗ੍ਰਿਫ਼ਤਾਰ

Friday, Mar 24, 2023 - 12:37 PM (IST)

ਜਲੰਧਰ ਪੁਲਸ ਵੱਲੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਮੈਂਬਰ 25 ਲੱਖ ਰੁਪਏ ਸਣੇ ਗ੍ਰਿਫ਼ਤਾਰ

ਜਲੰਧਰ/ਨਕੋਦਰ (ਸ਼ੋਰੀ, ਪਾਲੀ)- ਐੱਸ. ਐੱਸ. ਪੀ. ਦਿਹਾਤੀ ਸਵਰਨਦੀਪ ਸਿੰਘ ਅਤੇ ਐੱਸ. ਪੀ. (ਡੀ) ਸਰਬਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕ੍ਰਾਈਮ ਬ੍ਰਾਂਚ ਦਿਹਾਤੀ ਦੇ ਇੰਚਾਰਜ ਪੁਸ਼ਪਬਾਲੀ ਦੀ ਟੀਮ ਨੇ ਉਸ ਸਮੇਂ ਸਫ਼ਲਤਾ ਹਾਸਲ ਕੀਤੀ, ਜਦ ਪੁਲਸ ਨੇ ਲੋਕਾਂ ਨੂੰ ਡਾਰ-ਧਮਕਾ ਕੇ ਫਿਰੌਤੀ ਮੰਗਣ ਵਾਲੇ ਅਮਨ ਮਾਲੜੀ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੋਸ਼ੀਆਂ ਤੋਂ 25 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨਕੋਦਰ ਇਲਾਕੇ ’ਚ ਡਰ ਦਾ ਮਾਹੌਲ ਬਣਾ ਕੇ ਫਿਰੌਤੀ ਵਸੂਲਣ ਦੀਆਂ ਖ਼ੁਫ਼ੀਆ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਮਿਲ ਕੇ ਜਾਂਚ ਸ਼ੁਰੂ ਕੀਤੀ। ਇਸ ਟੀਮ ’ਚ ਟੈਕਨੀਕਲ ਇੰਚਾਰਜ ਇੰਸ. ਹਰਬੀਰ ਸਿੰਘ ਨੇ ਦਿਨ-ਰਾਤ ਫਿਰੌਤੀ ਮੰਗਣ ਵਾਲੇ ਨੂੰ ਟਰੇਸ ਕੀਤਾ। ਪੁਲਸ ਨੇ ਨਕੋਦਰ ਸਿਟੀ ਥਾਣੇ ’ਚ ਇਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਮਨ ਮਾਲੜੀ ਨਾਂ ਦਾ ਵਿਅਕਤੀ ਨਕੋਦਰ ਇਲਾਕੇ ’ਚ ਭੋਲੇ-ਭਾਲੇ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੀ ਬੱਬਰ ਖਾਲਸਾ, ਰਿੰਦੇ, ਖੰਡੇ ਤੇ ਪੰਮੇ ਦੀ ਮਦਦ ਨਾਲ ISI ਕਰ ਰਹੀ ਹੈ ਅੰਮ੍ਰਿਤਪਾਲ ਸਿੰਘ ਦੀ ਮਦਦ?

ਐੱਸ. ਐੱਸ. ਪੀ. ਨੇ ਦੱਸਿਆ ਕਿ ਉਸ ਦੇ ਜੇਲ੍ਹ ’ਚ ਬੈਠੇ ਗੈਂਗਸਟਰਾਂ ਨਾਲ ਸੰਬੰਧ ਹਨ। ਪੁਲਸ ਨੇ ਦੱਸਿਆ ਕਿ ਟਿੰਮੀ ਚਾਵਲਾ ਦੇ ਕਤਲ ਕੇਸ ਦੇ 5 ਦੋਸ਼ੀਆਂ ਅਤੇ ਪੁਲਸ ਕਾਂਸਟੇਬਲ ਮਨਦੀਪ ਸਿੰਘ, ਗੁਰਵਿੰਦਰ ਸਿੰਘ ਉਰਫ਼ ਗਿੰਦਾ, ਅਕਾਸ਼ ਦੀ ਉਰਫ਼ ਚੱਠਾ, ਗਗਨ ਗਿੱਲ ਉਰਫ਼ ਗਗਨ, ਅਮਰੀਕ ਸਿੰਘ, ਹਰਦੀਪ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ ਤੋਂ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਉਸ ਵੱਲੋਂ ਜੇਲ੍ਹ ’ਚ ਵਰਤਿਆ ਗਿਆ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਗਿਆ। ਪੁੱਛਗਿੱਛ ’ਚ ਖ਼ੁਲਾਸਾ ਹੋਇਆ ਕਿ ਅਮਨਦੀਪ ਸਿੰਘ ਉਰਫ਼ ਅਮਨ ਭੂਰੇਵਾਲ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮਾਲੜੀ ਨਕੋਦਰ, ਜੋ ਟਿੰਮੀ ਚਾਵਲਾ ਕਤਲ ਦਾ ਮਾਸਟਰ ਮਾਈਂਡ ਹੈ। ਅਮਨਦੀਪ ਸਿੰਘ ਨਕੋਦਰ ਦੇ ਲੋਕਾਂ ਨੂੰ ਅਮਰੀਕਾ ਅਤੇ ਪਾਕਿਸਤਾਨ ਦੇ ਨੰਬਰਾਂ ਤੋਂ ਫੋਨ ਕਰਕੇ ਡਰਾ ਧਮਕਾ ਕੇ ਫਿਰੌਤੀ ਲੈਂਦਾ ਸੀ। ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਅਮਨ ਯੂ. ਐੱਸ. ਏ. ਨੇ ਟਿੰਮੀ ਦਾ ਕਤਲ ਕਰਨ ਵਾਲੇ ਦੋਸ਼ੀ ਅਮਰੀਕ ਦੇ ਪਰਿਵਾਰ ਵਾਲੇ ਸਰੋਵਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮੁਕਤਸਰ ਸਾਹਿਬ, ਜਿਸ ਦੇ ਖਾਤੇ ’ਚ ਯੂ. ਐੱਸ. ਏ. ਤੋਂ 45 ਹਜ਼ਾਰ ਦੀ ਕਰੰਸੀ ਟਰਾਂਸਫਰ ਹੋਈ ਸੀ, ਨੇ ਉਸ ਨੂੰ ਆਪਣੇ ਗਿਰੋਹ ’ਚ ਸ਼ਾਮਲ ਕਰ ਲਿਆ।

ਸਰੋਵਰ ਸਿੰਘ ਅਮਨ ਭੂਰੇਵਾਲ ਦੇ ਕਹਿਣ ’ਤੇ ਕੰਮ ਕਰਨ ਲੱਗਾ ਅਤੇ ਅਮਨ ਨੇ ਆਪਣੇ ਸਾਥੀ ਸਵਰਨ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਮੋਗਾ ਨਾਲ ਮਿਲ ਕੇ ਰਾਮ ਤੀਰਥ ਸਿੰਘ ਵਾਸੀ ਪਿੰਡ ਪੱਤੀ ਬਾਬਾ ਜੀਵਨ ਸਿੰਘ ਜ਼ਿਲ੍ਹਾ ਮੋਗਾ ਵੱਲੋਂ 70 ਹਜ਼ਾਰ ਰੁਪਏ ਨਕਦੀ ਅਤੇ 20 ਹਜ਼ਾਰ ਗੂਗਲ ਪੇਅ ਕਰ ਦਿੱਤੇ। ਕੁੱਲ ਮਿਲਾ ਕੇ 1 ਲੱਖ 35 ਹਜ਼ਾਰ ਰੁਪਏ ਦਿੱਤੇ ਅਤੇ ਸਰੋਵਰ ਸਿੰਘ ਵੱਲੋਂ ਟਿੰਮੀ ਚਾਵਲਾ ਦੇ ਕਾਤਲਾਂ ਨੂੰ ਜੇਲ੍ਹ ’ਚ ਮਿਲਣਾ ਸੀ। ਇਸ ਦੇ ਨਾਲ ਹੀ ਉਹ ਅਮਨ ਦਾ ਕੰਮਕਾਜ ਵੀ ਦੇਖਣ ਲੱਗਾ, ਜਿਸ ਨੂੰ ਪੁਲਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਨਕੋਦਰ ਦੇ ਇਕਬਾਲ ਸਿੰਘ ਨਾਂ ਦੇ ਵਪਾਰੀ ਨੂੰ ਡਰਾ-ਧਮਕਾ ਕੇ ਅਮਨ ਅਤੇ ਸਵਰਨ ਨੇ ਮਿਲ ਕੇ 40 ਲੱਖ ਦੀ ਫਿਰੌਤੀ ਮੰਗੀ ਸੀ। ਇਕਬਾਲ ਸਿੰਘ ਨੇ ਡਰਦੇ ਮਾਰੇ 25 ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ। ਇਸ ਸਬੰਧੀ ਦਿਹਾਤੀ ਪੁਲਸ ਨੇ ਐੱਫ਼. ਆਰ. ਨੰ. 35 ਮਿਤੀ 22.3.2023 ਧਾਰਾ 386, 387, 506, 120 ਬੀ ਥਾਣਾ ਸਿਟੀ ਨਕੋਦਰ ’ਚ ਦਰਜ ਕੀਤੀ ਹੈ। ਇੰਚਾਰਜ ਪੁਸ਼ਪਾਵਾਲੀ ਨੇ ਦੱਸਿਆ ਕਿ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਮਨ ਭੂਰੇਵਾਲ ਤੇ ਉਸ ਦੇ ਸਾਥੀ ਸਵਰਨ ਸਿੰਘ ਨੇ ਇਕ ਅਣਪਛਾਤੀ ਔਰਤ ਨਾਲ ਮਿਲ ਕੇ ਇਕਬਾਲ ਸਿੰਘ ਤੋਂ 25 ਲੱਖ ਰੁਪਏ ਦੀ ਫਿਰੌਤੀ ਲਈ ਸੀ, ਜੋ ਕਿ ਨਕੋਦਰ ਇਲਾਕੇ ’ਚ ਅਮਨ ਭੂਰੇਵਾਲ ਦੇ ਕਹਿਣ ’ਤੇ ਕੀਤਾ ਗਿਆ ਸੀ। ਫਿਰੌਤੀ ਦੀ ਰਕਮ ਉਨ੍ਹਾਂ ਨੇ ਤਰਸੇਮ ਸਿੰਘ ਉਰਫ਼ ਸੇਠੀ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰ. 5 ਬੇਗੋਵਾਲ, ਜ਼ਿਲਾ ਕਪੂਰਥਲਾ ਨੂੰ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਪੁਲਸ ਨੇ ਛਾਪਾਮਾਰੀ ਕਰ ਕੇ ਤਰਸੇਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਫਿਰੌਤੀ ਦੇ 25 ਲੱਖ ਰੁਪਏ ਬਰਾਮਦ ਕੀਤੇ। ਬਾਕੀ ਅਣਪਛਾਤੇ ਲੋਕਾਂ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰੋਵਰ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਮੁਕਤਸਰ ਸਾਹਿਬ, ਤਰਸੇਮ ਸਿੰਘ ਉਰਫ ਸੇਠੀ ਵਾਸੀ ਕਪੂਰਥਲਾ, ਗੁਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਮਾਲੜੀ ਨਕੋਦਰ, ਆਕਾਸ਼ਦੀਪ ਸਿੰਘ ਵਾਸੀ ਨਿਵਾਲੀ ਨੂਰਪੁਰ ਚੱਠਾ ਨਕੋਦਰ, ਅਮਰੀਕ ਸਿੰਘ ਵਾਸੀ ਮੁਕਤਸਰ ਸਾਹਿਬ, ਗਗਨ ਗਿੱਲ ਵਾਸੀ ਪਿੰਡ ਮਾਲੜੀ, ਹਰਦੀਪ ਸਿੰਘ ਉਰਫ ਠਾਕੁਰ ਪੁੱਤਰ ਬਿਸਾਖਾ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਹਾਲਾਂਕਿ ਪੁਲਸ ਗੈਂਗ ਦੇ ਮਾਸਟਰ ਮਾਈਂਡ ਅਮਨ ਤੇ ਅਣਪਛਾਤੀ ਔਰਤ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚੋਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ, ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕੀਤੇ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News