35 ਕਰੋੜ ਦੀ ਲਾਗਤ ਨਾਲ ਜਲੰਧਰ ਦੇ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮਿਲੇਗਾ ਹੁਲਾਰਾ - ਵਿਸ਼ੇਸ਼ ਸਾਰੰਗਲ
Wednesday, Jul 26, 2023 - 05:15 PM (IST)

ਜਲੰਧਰ (ਬਿਊਰੋ) : ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਬੁਨਿਆਦੀ ਢਾਂਚੇ ਦੇ ਵੱਡੇ ਪੱਧਰ ’ਤੇ ਬਦਲਾਅ ਵੱਲ ਵੱਧ ਰਿਹਾ ਹੈ ਜਿਸ ਅਧੀਨ ਬੁੱਧਵਾਰ ਨੂੰ ਸਿਵਲ ਹਸਪਤਾਲ ਦੀ ਕਾਇਆ ਕਲਪ ਕਰਨ ਲਈ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ’ਚ ਸਿਹਤ ਸਹੂਲਤਾਂ ’ਚ ਹੋਰ ਸੁਧਾਰ ਕਰਨ ਨੂੰ ਪਹਿਲ ਦੇ ਰਹੀ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਹਸਪਤਾਲਾਂ ’ਚ ਵਧੀਆ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਨੂੰ ਅਤਿ-ਆਧੁਨਿਕ ਸਹੂਲਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕਰੀਬ 35 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਅਧੀਨ ਡੀ.ਐੱਨ.ਬੀ. ਹੋਸਟਲ, ਐਡਵਾਂਸਡ ਕਾਰਡੀਅਕ ਸੈਂਟਰ, ਲਿਫਟ, ਮਲਟੀ-ਲੈਵਲ ਕਾਰ ਪਾਰਕਿੰਗ, ਨਵੀਂ ਮੁਰਦਾਘਰ ਬਿਲਡਿੰਗ, ਸੀ.ਸੀ.ਟੀ.ਵੀ. ਕੈਮਰਾ, ਏਅਰ ਕੰਡੀਸ਼ਨਿੰਗ ਸਿਸਟਮ, ਮਾਡਿਊਲਰ ਆਪ੍ਰੇਸ਼ਨ ਥੀਏਟਰ, ਟਰੇਨਿੰਗ ਅਤੇ ਕਾਨਫਰੰਸ ਹਾਲ, ਬੇਸਮੈਂਟ ਦੀ ਮੁਰੰਮਤ, ਨਵੀਂ ਫਲੋਰਿੰਗ, ਲੈਂਡਸਕੇਪਿੰਗ ਅਤੇ ਸੁੰਦਰੀਕਰਨ, ਸੀਵਰੇਜ਼ ਸਿਸਟਮ ਦੀ ਮਜ਼ਬੂਤੀ, ਸਾਊਂਡਪਰੂਫ ਕਮਰੇ ਦੀ ਸਥਾਪਨਾ, ਓ. ਪੀ. ਡੀ., ਐਮਰਜੈਂਸੀ ਅਤੇ ਰਿਕਾਰਡ ਰੂਮ ਲਈ ਨਵੀਂ ਰਿਸੈਪਸ਼ਨ, ਫਾਇਰ ਫਾਈਟਿੰਗ ਸਿਸਟਮ ਦੀ ਸਥਾਪਨਾ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਲੋੜੀਂਦੀ ਨਵੀਂ ਮਸ਼ੀਨਰੀ ਅਤੇ ਉਪਕਰਨ ਵੀ ਇੱਥੇ ਲਿਆਂਦੇ ਜਾਣਗੇ।
ਇਹ ਵੀ ਪੜ੍ਹੋ : ਮਰਹੂਮ ਸੁਰਿੰਦਰ ਛਿੰਦਾ ਨੇ ਤਰਾਸ਼ੇ ਸਨ ਗਾਇਕੀ ’ਚ ਤਿੰਨ ਹੀਰੇ!
ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਲੰਧਰ ਸ਼ਹਿਰ ’ਚ ਮੌਜੂਦਾ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਜਮਾਂ ਕਰਵਾਉਣ ਤੋਂ ਬਾਅਦ ਜਲਦੀ ਹੀ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਸ਼ਹਿਰ ਦੇ ਲੋਕਾਂ ਨੂੰ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀ. ਸੀ. ਨੇ ਕਿਹਾ ਕਿ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਇਸ ਦਿਸ਼ਾ ਵੱਲ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਸਿਹਤ ਸੰਭਾਲ ਖੇਤਰ ’ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇੱਕ ਗੇਮ ਚੇਂਜਰ ਸਾਬਤ ਹੋਇਆ ਹੈ ਅਤੇ ਹੁਣ ਜਲੰਧਰ ਦੇ ਸਿਵਲ ਹਸਪਤਾਲ ਦਾ ਬੁਨਿਆਦੀ ਢਾਂਚਾ ਵਿਕਾਸ ਸਿਹਤ ਸੰਭਾਲ ਖੇਤਰ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਸਿਵਲ ਸਰਜਨ ਡਾ. ਰਮਨ ਸ਼ਰਮਾ, ਪੀ. ਡਬਲਿਊ. ਡੀ. ਦੇ ਕਾਰਜਕਾਰੀ ਇੰਜੀਨੀਅਰ ਬੀ. ਐੱਸ. ਤੁਲੀ, ਵਧੀਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਸਮੇਤ ਸਿਹਤ ਵਿਭਾਗ ਦੇ ਕਈ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਮਿਡ-ਡੇ-ਮੀਲ ਦੇ ਸਬੰਧ ’ਚ ਸੋਸਾਇਟੀ ਨੇ ਸਕੂਲਾਂ ’ਚ ਕੁੱਕ-ਕਮ ਹੈਲਪਰਸ ਲਈ ਨਿਰਦੇਸ਼ ਕੀਤੇ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8