ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਗੰਦਗੀ ’ਚ ਪੇਠਾ ਤਿਆਰ ਕਰਨ ਵਾਲੀ ਫੈਕਟਰੀ ਕੀਤੀ ਸੀਲ

Thursday, Oct 26, 2023 - 06:23 PM (IST)

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਗੰਦਗੀ ’ਚ ਪੇਠਾ ਤਿਆਰ ਕਰਨ ਵਾਲੀ ਫੈਕਟਰੀ ਕੀਤੀ ਸੀਲ

ਤਰਨਤਾਰਨ (ਰਮਨ ਚਾਵਲਾ)- ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਮਿਲਾਵਟ ਖੋਰਾਂ ਖ਼ਿਲਾਫ਼ ਕਮਰ ਕਸ ਲਈ ਹੈ, ਜਿਸ ਦੇ ਚੱਲਦਿਆਂ ਰੋਜ਼ਾਨਾ ਹੀ ਮਿਲਾਵਟ ਖੋਰਾਂ ਅਤੇ ਘਟੀਆ ਕਿਸਮ ਦੀਆਂ ਮਿਠਾਈਆਂ ਅਤੇ ਹੋਰ ਵਸਤੂਆਂ ਤਿਆਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੁੱਧਵਾਰ ਸਿਹਤ ਵਿਭਾਗ ਦੀ ਟੀਮ ਵਲੋਂ ਸਖ਼ਤ ਕਾਰਵਾਈ ਕਰਦੇ ਹੋਏ ਇਕ ਨਾਜਾਇਜ਼ ਪੇਠੇ ਬਣਾਉਣ ਵਾਲੀ ਫੈਕਟਰੀ ਨੂੰ ਜਿੱਥੇ ਸੀਲ ਕਰ ਦਿੱਤਾ ਗਿਆ ਉੱਥੇ ਹੀ ਉਸਦਾ 15 ਕੁਵਿੰਟਲ ਪੇਠਾ ਅਤੇ 25 ਕੁਵਿੰਟਲ ਪਨੀਰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਲਾਕੇ ਵਿਚ ਨਕਲੀ ਪਨੀਰ ਵਿਕਣ ਸਬੰਧੀ 'ਜਗਬਾਣੀ' ਵਲੋਂ ਪ੍ਰਮੁਖਤਾ ਦੇ ਆਧਾਰ 'ਤੇ ਬੁੱਧਵਾਰ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਐਕਸ਼ਨ ਲੈਂਦੇ ਹੋਏ ਘਟੀਆ ਕਿਸਮ ਦੇ ਤਿਆਰ ਕੀਤੇ ਪਨੀਰ ਨੂੰ ਵੀ ਨਸ਼ਟ ਕੀਤਾ ਹੈ।

ਇਹ ਵੀ ਪੜ੍ਹੋ- ਗਾਹਕ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਪਰੋਸਣ ਵਾਲੇ ਰੈਸਟੋਰੈਂਟ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

PunjabKesari

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਲਖਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਵਿਸ਼ੇਸ਼ ਮੀਟਿੰਗ ਕਰਦੇ ਹੋਏ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਬੁੱਧਵਾਰ ਪਾਣੀ ਅਤੇ ਮਿਠਾਈਆਂ ਦੇ ਚਾਰ ਸੈਂਪਲ ਸੀਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਇਲਾਕੇ ਵਿਚ ਮੌਜੂਦ ਇਕ ਨਾਜਾਇਜ਼ ਪੇਠੇ ਬਣਾਉਣ ਵਾਲੀ ਫੈਕਟਰੀ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੇ ਫੈਕਟਰੀ ਮਾਲਕ ਪਾਸ ਨਾ ਤਾਂ ਕੋਈ ਸਿਹਤ ਵਿਭਾਗ ਵਲੋਂ ਜਾਰੀ ਲਾਇਸੈਂਸ ਪਾਇਆ ਗਿਆ ਅਤੇ ਨਾ ਹੀ ਉਸ ਵਲੋਂ ਵਰਤੇ ਜਾ ਰਹੇ ਪਾਣੀ ਦੀ ਜਾਂਚ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫੈਕਟਰੀ ਵਿਚ ਤਿਆਰ ਕੀਤਾ ਗਿਆ 15 ਕੁਵਿੰਟਲ ਪੇਠਾ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਅਤੇ ਫੈਕਟਰੀ ਵਿਚੋਂ ਪਾਣੀ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫੈਕਟਰੀ ਮਾਲਕ ਵਲੋਂ ਸਿਹਤ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਨਾ ਕਰਦੇ ਹੋਏ ਅਤੇ ਗੰਦਗੀ ਵਿਚ ਤਿਆਰ ਕੀਤੇ ਜਾ ਰਹੇ ਪੇਠੇ ਦੀ ਫੈਕਟਰੀ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਠੇ 'ਤੇ ਮੱਖੀਆਂ ਭਿਣਕਦੀਆਂ ਪਾਈਆਂ ਗਈਆਂ ਅਤੇ ਪੇਠੇ ਨੂੰ ਗੰਦਗੀ ਵਿਚ ਤਿਆਰ ਕੀਤਾ ਜਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਕਦਮ, 30 ਨਵੰਬਰ ਤੱਕ ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਐਲਾਨ

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੱਟੀ ਵਿਖੇ ਮੌਜੂਦ ਕ੍ਰਿਸ਼ਨਾ ਸਵੀਟਸ ਦੀ ਦੁਕਾਨ 'ਤੇ ਮੌਜੂਦ 25 ਕੁਵਿੰਟਲ ਪਨੀਰ ਜੋ ਖਾਣ ਯੋਗ ਨਹੀਂ ਸੀ ਨੂੰ ਮੌਕੇ ’ਤੇ ਨਸ਼ਟ ਕਰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮੌਕੇ ਇਸ ਦੁਕਾਨ ਤੋਂ ਮੋਤੀ ਚੂਰ ਅਤੇ ਰਸਗੁੱਲੇ ਦੇ ਸੈਂਪਲ ਵੀ ਸੀਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ ਵਿਅਕਤੀ ਨੂੰ ਮਿਲਾਵਟ ਅਤੇ ਘਟੀਆ ਕਿਸਮ ਨਾਲ ਤਿਆਰ ਕੀਤੀ ਗਈ ਵਸਤੂ ਵੇਚਣ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੇ ਹੁਕਮਾਂ ਤਹਿਤ ਕਿਸੇ ਵੀ ਮਿਲਾਵਟ ਖੋਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News