ਡੇਰਾ ਹਿੰਸਾ ''ਚ ਚੰਡੀਗੜ੍ਹ ਵਿਖੇ ਸੁਰੱਖਿਆ ਪ੍ਰਬੰਧਾਂ ''ਤੇ ਬਦਨੌਰ ਨੇ ਪੁਲਸ ਦੀ ਪਿੱਠ ਥਾਪੜੀ

09/22/2017 9:40:17 AM

ਚੰਡੀਗੜ੍ਹ (ਸੰਦੀਪ)-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ਹਿਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਲਈ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਸਕੱਤਰੇਤ 'ਚ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ, ਸਕੱਤਰ ਜੇ. ਐੱਮ. ਬਾਲਮੁਰਗਨ, ਪੁਲਸ ਡੀ. ਜੀ. ਪੀ. ਤਜਿੰਦਰ ਸਿੰਘ ਲੁਥਰਾ, ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਪੁਲਸ ਡੀ. ਜੀ. ਪੀ. ਓ. ਪੀ. ਮਿਸ਼ਰਾ, ਐੱਸ. ਐੱਸ. ਪੀ. ਟ੍ਰੈਫਿਕ ਐੱਸ. ਸ਼ੁਸ਼ਾਂਕ ਆਨੰਦ ਹਾਜ਼ਰ ਸਨ। ਗਵਰਨਰ ਨੇ ਗੁਰਮੀਤ ਰਾਮ ਰਹੀਮ ਸਿੰਘ ਦੀ ਪੰਚਕੂਲਾ ਅਦਾਲਤ 'ਚ ਪੇਸ਼ੀ ਦੇ ਐਲਾਨ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਲਈ ਤੇ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਚੰਡੀਗੜ੍ਹ ਪੁਲਸ ਦੀ ਪ੍ਰਸ਼ੰਸਾ ਕੀਤੀ।

ਸਾਈਬਰ ਕ੍ਰਾਈਮ ਸੈੱਲ ਨੂੰ ਅੱਪਗ੍ਰੇਡ ਕੀਤਾ ਜਾਵੇ
ਬਦਨੌਰ ਨੇ ਅਧਿਕਾਰੀਆਂ ਨੂੰ ਸਾਈਬਰ ਕ੍ਰਾਈਮ ਸੈੱਲ ਨੂੰ ਅੱਪਗ੍ਰੇਡ ਕਰਨ ਲਈ ਕਿਹਾ ਹੈ, ਜਿਸ ਨਾਲ ਕਿ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤੇ ਅਪਰਾਧੀਆਂ ਦੀ ਤੁਰੰਤ ਜਾਂਚ ਲਈ ਆਧੂਨਿਕ ਗਜ਼ਟ ਨਾਲ ਲੈਸ ਹੋਵੇ। ਹਰੇਕ ਪੁਲਸ ਥਾਣੇ ਦੇ ਪੱਧਰ 'ਤੇ ਛੋਟੇ ਸਾਈਬਰ ਅਪਰਾਧਾਂ ਨੂੰ ਕੰਟਰੋਲ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਕਿਹਾ ਹੈ। 

ਬੈਠਕ 'ਚ ਐੱਸ. ਐੱਸ. ਪੀ. ਜਗਦਾਲ ਨਿਲਾਂਬਰੀ ਵਿਜੇ ਨੇ ਕਿਹਾ ਕਿ ਪਿਛਲੇ ਸਾਲ ਦੇ ਅੰਕੜਿਆਂ ਦੀ ਤੁਲਨਾ 'ਚ ਸ਼ਹਿਰ 'ਚ ਚੋਰੀ, ਕਤਲ ਤੇ ਝਪਟਮਾਰੀ ਦੀਆਂ ਵਾਰਦਾਤਾਂ 'ਚ ਕਮੀ ਆਈ ਹੈ। ਵਾਹਨ ਚੋਰੀ, ਡਕੈਤੀ ਆਦਿ ਵਰਗੇ ਅਪਰਾਧ ਤਹਿਤ ਮਾਮਲੇ ਸਾਹਮਣੇ ਆਏ ਹਨ। ਇਹ ਵੀ ਚਰਚਾ ਹੋਈ ਕਿ ਚੰਡੀਗੜ੍ਹ 'ਚ ਸਜ਼ਾ ਦਰ ਗੁਆਂਢੀ ਸੂਬਿਆਂ ਦੀ ਤੁਲਨਾ 'ਚ ਬਹੁਤ ਘੱਟ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਐਕਟ ਤਹਿਤ 150 ਤੋਂ ਜ਼ਿਆਦਾ ਚਲਾਨ ਕੀਤੇ ਗਏ ਹਨ। 
ਪੁਲਸ ਵਿਭਾਗ ਨੇ ਨਸ਼ੀਲੇ ਪਦਾਰਥਾਂ ਦੇ ਮਾਫੀਆ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਨ ਤੇ ਸ਼ਹਿਰ 'ਚ ਦਵਾਈਆਂ ਨੂੰ ਕੰਟਰੋਲ ਕਰਨ ਲਈ ਨਾਰਕੋਟਿਕ ਡਰੱਗਸ ਤੇ ਸਾਈਕੋਟ੍ਰੋਪਿਕ ਸਬਸਟਾਂਸ ਐਕਟ ਤਹਿਤ ਇਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ। ਨਿਗਹਬਾਂ ਪ੍ਰੋਜੈਕਟ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 1000 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਪ੍ਰਸ਼ਾਸਕ ਨੇ ਕੈਦੀਆਂ ਲਈ ਕੌਸ਼ਲ ਵਿਕਾਸ ਪਾਠ ਨੂੰ ਪੂਰਾ ਕਰਨ ਲਈ ਮਾਡਲ ਜੇਲ 'ਚ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ।


Related News