ਸਾਬਕਾ ਮੰਤਰੀ ਆਸ਼ੂ ਤੇ ਪਤਨੀ ਖ਼ਿਲਾਫ਼ ਹੋਈ ਸ਼ਿਕਾਇਤ ਦੇ ਮਾਮਲੇ ’ਚ ਸਰਕਾਰ ਨੇ ਡੀ. ਸੀ. ਤੋਂ ਮੰਗੀ ਰਿਪੋਰਟ

04/06/2022 11:01:29 AM

ਲੁਧਿਆਣਾ (ਪੰਕਜ) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਅਜਿਹੇ ਮਾਮਲਿਆਂ ਦੀ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੂੰ ਪਿਛਲੀ ਸਰਕਾਰ ’ਚ ਅਧਿਕਾਰੀਆਂ ਵੱਲੋਂ ਤਵੱਜੋ ਦੇਣ ਦੀ ਜਗ੍ਹਾ ਠੰਡੇ ਬਸਤੇ ’ਚ ਪਾਉਣ ’ਚ ਜ਼ਿਆਦਾ ਦਿਲਚਸਪੀ ਦਿਖਾਈ ਗਈ ਸੀ। ਅਜਿਹੇ ਹੀ ਇਕ ਮਾਮਲੇ ’ਚ ਸਥਾਨਕ ਸਰਕਾਰਾਂ ਵਿਭਾਗ ਨੇ ਸਾਲ 2021 ਵਿਚ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਖ਼ਿਲਾਫ਼ ਕਮਿਊਨਿਟੀ ਸੈਂਟਰ ਦੀ ਦੁਰਵਰਤੋਂ ਸਬੰਧੀ ਹੋਈ ਸ਼ਿਕਾਇਤ ’ਤੇ ਹੁਣ ਡੀ. ਸੀ. ਤੋਂ ਰਿਪੋਰਟ ਮੰਗੀ ਹੈ।

PunjabKesari

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ ਧਰਨੇ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਕੀਤੀਆਂ ਮਨਜ਼ੂਰ

ਸਰਕਾਰ ਨੂੰ ਭੇਜੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੋਚਰ ਮਾਰਕੀਟ ਸਥਿਤ ਸਰਕਾਰੀ ਕਮਿਊਨਿਟੀ ਸੈਂਟਰ ’ਚ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਜੋ ਕਿ ਨਿਗਮ ਕੌਂਸਲਰ ਹੈ, ਨੇ ਨਾ ਸਿਰਫ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਉਥੇ ਬਾਕਾਇਦਾ ਆਪਣਾ ਦਫਤਰ ਵੀ ਖੋਲ੍ਹਿਆ ਹੋਇਆ ਹੈ, ਜਿਸ ਵਿਚ ਚੋਣਾਂ ਸਬੰਧੀ ਮੀਟਿੰਗਾਂ ਵੀ ਲਗਾਤਾਰ ਹੁੰਦੀਆਂ ਰਹੀਆਂ ਹਨ। ਇੰਨਾ ਹੀ ਨਹੀਂ, ਜਿਨ੍ਹਾਂ ਮੋਢਿਆਂ ’ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਜ਼ਿੰਮੇਵਾਰੀ ਹੈ, ਉਹ ਸਭ ਕੁਝ ਦੇਖਦੇ ਹੋਏ ਵੀ ਚੁੱਪ ਵੱਟੀ ਬੈਠੇ ਹਨ। ਸ਼ਿਕਾਇਤ ਵਿਚ ਮੇਅਰ, ਡੀ. ਸੀ. ਅਤੇ ਨਿਗਮ ਕਮਿਸ਼ਨਰ ਦਾ ਵੀ ਬਾਕਾਇਦਾ ਸ਼ਿਕਾਇਤਕਰਤਾ ਨੇ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਇਸ ਸ਼ਿਕਾਇਤ ਨੂੰ ਸਥਾਨਕ ਅਧਿਕਾਰੀਆਂ ਕੋਲ ਭੇਜਦੇ ਹੋਏ ਤੁਰੰਤ ਆਪਣੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਸਨ ਪਰ ਇਕ ਸਾਲ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਵੀ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ

ਸੂਬੇ ’ਚ ਸਰਕਾਰ ਬਦਲਦੇ ਹੀ ਅਜਿਹੀਆਂ ਢੇਰ ਸਾਰੀਆਂ ਸ਼ਿਕਾਇਤਾਂ ’ਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਹੁਣ ਵਿਭਾਗ ਨੇ ਡੀ. ਸੀ. ਵਰਿੰਦਰ ਸ਼ਰਮਾ ਨੂੰ ਮਾਮਲੇ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਕੋਚਰ ਮਾਰਕੀਟ ’ਚ ਸਥਿਤ ਕਮਿਊਨਿਟੀ ਸੈਂਟਰ ਵਿਚ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਦਫਤਰ ਸੀ। ਇਥੋਂ ਹੀ ਉਹ ਪਬਲਿਕ ਡੀÇਲਿੰਗ ਦਾ ਕੰਮ ਕਰਦੇ ਸਨ। ਇੰਨਾ ਹੀ ਨਹੀਂ, ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਸਿਆਸਤਦਾਨ ਵੀ ਉਨ੍ਹਾਂ ਨੂੰ ਇਥੇ ਹੀ ਮਿਲਣ ਆਉਂਦੇ ਰਹੇ ਹਨ।

ਕੀ ਕਹਿਣਾ ਹੈ ਆਸ਼ੁੂ ਦਾ

ਜਦੋਂ ਇਸ ਮਾਮਲੇ ’ਚ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦਾ ਕਿਸੇ ਵੀ ਸਰਕਾਰੀ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਗੁਰਦੇਵ ਕੋਆਪ੍ਰੇਟਿਵ ਸੋਸਾਇਟੀ ਨੇ ਇਥੇ ਕਾਲੋਨੀ ਕੱਟੀ ਸੀ ਤਾਂ ਮੁਹੱਲੇ ਦੇ ਲੋਕਾਂ ਦੀ ਸਹੂਲਤ ਲਈ ਜੰਝਘਰ ਬਣਾਉਣ ਲਈ ਇਸ ਜ਼ਮੀਨ ਨੂੰ ਛੇੜਿਆ ਗਿਆ ਸੀ, ਜਿਸ ਨੂੰ ਬਾਅਦ ’ਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਹੱਲੇ ਦੀ ਸੋਸਾਇਟੀ ਜੋ ਕਿ ਰਜਿਸਟਰਡ ਹੋ ਕੇ ਹਵਾਲੇ ਕਰ ਦਿੱਤਾ ਗਿਆ। ਪਹਿਲਾਂ ਵੀ ਕਈ ਵਾਰ ਅਜਿਹੀਆਂ ਬਿਨਾਂ ਸਿਰ-ਪੈਰ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਨਤਾ ਦੀ ਜਗ੍ਹਾ ਦੀ ਜਨਤਾ ਲਈ ਵਰਤੋਂ ਕਿਸ ਤਰ੍ਹਾਂ ਦੁਰਵਰਤੋਂ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News