ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸੀ ਗੈਂਗਸਟਰ ਦੇ ਸਬੰਧ

11/10/2017 12:59:45 AM

ਮੋਗਾ,   (ਪਵਨ ਗਰੋਵਰ/ਆਜ਼ਾਦ/ਗੋਪੀ ਰਾਊਕੇ)-  ਪੰਜਾਬ ਪੁਲਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਅਤੇ ਪੁਲਸ ਰਿਮਾਂਡ 'ਤੇ ਲਿਆਂਦੇ ਗਏ ਗੈਂਗਸਟਰਾਂ ਰਮਨਦੀਪ ਸਿੰਘ, ਜਗਤਾਰ ਸਿੰਘ, ਧਰਮਿੰਦਰ ਗੁਗਨੀ ਅਤੇ ਜਿੰਮੀ ਤੋਂ ਇਲਾਵਾ ਕੇ. ਐੱਲ. ਐੱਫ. ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਅਨੇਕਾਂ ਖੁਲਾਸੇ ਹੋ ਰਹੇ ਹਨ।
ਜਿੱਥੇ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਪੰਜਾਬ 'ਚ ਕਤਲ ਕੀਤੇ ਗਏ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ, ਅਮਿਤ ਸ਼ਰਮਾ, ਖੰਨਾ ਨਿਵਾਸੀ ਸਤਪਾਲ ਅਤੇ ਉਸ ਦੇ ਬੇਟੇ ਦਾ ਕਤਲ ਤੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਸਬੰਧੀ ਵਾਰਦਾਤਾਂ ਮੰਨੀਆਂ, ਉੱਥੇ ਹੀ ਗੈਂਗਸਟਰ ਰਮਨਦੀਪ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਉਸ ਦਾ ਸਬੰਧ ਹੈ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਗਰਮ ਖਿਆਲੀਆਂ ਨਾਲ ਵੀ ਉਸ ਦਾ ਸੰਪਰਕ ਹੈ। ਇਸ ਤੋਂ ਇਲਾਵਾ ਰਮਨਦੀਪ ਤੋਂ ਕੀਤੀ ਪੁੱਛਗਿੱਛ ਦੌਰਾਨ ਇਕ ਵਾਰ ਫਿਰ ਸ਼ਾਰਪ ਸ਼ੂਟਰ 'ਅੰਗਰੇਜ਼' ਦਾ ਨਾਂ ਸਾਹਮਣੇ ਆਇਆ ਹੈ, ਜਿਸ ਦਾ ਜ਼ਿਕਰ ਸਾਲ 2009 ਦੌਰਾਨ ਆਰ. ਐੱਸ. ਐੱਸ. ਦੇ ਰਾਸ਼ਟਰੀ ਸਿੱਖ ਸੰਗਠਨ ਮੁਖੀ ਰਹੇ ਰੁਲਦਾ ਸਿੰਘ ਦੀ ਹੱਤਿਆ 'ਚ ਸਾਹਮਣੇ ਆਇਆ ਸੀ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖੁਲਾਸਾ ਹੋਇਆ ਹੈ ਕਿ 2009 'ਚ ਹੋਏ ਰੁਲਦਾ ਸਿੰਘ ਦੇ ਕਤਲ ਵਿਚ ਲੋੜੀਂਦੇ ਸ਼ਾਰਪ ਸ਼ੂਟਰ ਅੰਗਰੇਜ਼ ਸਿੰਘ ਵੱਲੋਂ ਹੀ ਗਗਨੇਜਾ ਦੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। 2009 'ਚ ਕਤਲ ਕੀਤੇ ਗਏ ਰੁਲਦਾ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਮਲੇਸ਼ੀਆ 'ਚ ਰਚੀ ਗਈ ਸੀ ਅਤੇ ਸ਼ਾਰਪ ਸ਼ੂਟਰ ਅੰਗਰੇਜ਼ ਸਿੰਘ ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸੇ ਰਾਤ ਇੰਗਲੈਂਡ ਚਲਾ ਗਿਆ ਸੀ ਅਤੇ ਕੇ. ਐੱਲ. ਐੱਫ. ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੇ ਹੀ ਉਕਤ ਸ਼ਾਰਪ ਸ਼ੂਟਰ ਨੂੰ ਇੰਗਲੈਂਡ ਤੋਂ ਭਾਰਤ ਬੁਲਾਇਆ ਸੀ।
ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਭਾਰਤ ਆਏ ਗੈਂਗਸਟਰ ਜਿੰਮੀ ਅਤੇ ਜਗਤਾਰ ਸਿੰਘ ਉਰਫ ਜੱਗੀ ਨੇ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਭਾਰਤ ਆ ਕੇ ਦੋ ਤੋਂ ਤਿੰਨ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਾਰਪ ਸ਼ੂਟਰ ਅੰਗਰੇਜ਼ ਨਾਲ ਉਨ੍ਹਾਂ ਦੀ ਮੁਲਾਕਾਤ ਇੰਗਲੈਂਡ ਵਿਚ ਹੋਈਆਂ ਪਾਰਟੀਆਂ ਦੌਰਾਨ ਹੋਈ ਸੀ। ਇਸ ਸਬੰਧੀ ਭਾਵੇਂ ਕੋਈ ਵੀ ਪੁਲਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਪਰ ਸੂਤਰਾਂ ਨੇ ਇਸ ਗੱਲ ਨੂੰ ਬੇਪਰਦ ਕੀਤਾ ਹੈ ਕਿ ਪੁੱਛਗਿੱਛ ਦੌਰਾਨ ਗੈਂਗਸਟਰਾਂ ਵੱਲੋਂ ਦੱਸਿਆ ਗਿਆ ਹੁਲੀਆ ਪੂਰੀ ਤਰ੍ਹਾਂ ਸ਼ਾਰਪ ਸ਼ੂਟਰ ਅੰਗਰੇਜ਼ ਸਿੰਘ ਨਾਲ ਮੇਲ ਖਾਂਦਾ ਹੈ।


Related News