ਫ੍ਰੀਜ਼ਰ ਖਰਾਬ ਹੋਣ ਨਾਲ ਮੁਰਦਾਘਰ ''ਚ ਫੈਲੀ ਬਦਬੂ

Tuesday, Jun 20, 2017 - 02:13 AM (IST)

ਗੁਰਦਾਸਪੁਰ,    (ਵਿਨੋਦ,ਦੀਪਕ)- ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ 'ਚ ਰੱਖੇ ਫ੍ਰੀਜ਼ਰ ਦੇ ਖਰਾਬ ਹੋ ਜਾਣ ਕਾਰਨ ਇਸ 'ਚ ਰੱਖੀਆਂ ਤਿੰਨ ਲਾਸ਼ਾਂ ਇੰਨੀਆਂ ਖਰਾਬ ਹੋ ਗਈਆਂ ਕਿ ਲਾਸ਼ਾਂ ਤੋਂ ਪੈਦਾ ਹੋਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਪਰਿਵਾਰਾਂ ਨੇ ਇਹ ਲਾਸ਼ਾਂ ਰੱਖੀਆਂ ਹੋਈਆਂ ਸਨ, ਉਨ੍ਹਾਂ ਨੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਤੋਂ ਇਸ ਸਬੰਧੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ। 
ਸਿਵਲ ਹਸਪਤਾਲ 'ਚ ਬੀਤੇ ਦਿਨ ਰੱਖੀਆਂ ਤਿੰਨ ਲਾਸ਼ਾਂ 'ਚੋਂ ਇਕ ਲਾਸ਼ ਗੁਰਦੀਪ ਸਿੰਘ ਪੁੱਤਰ ਬਿਸ਼ੰਭਰ ਦਾਸ ਨਿਵਾਸੀ ਪਿੰਡ ਘੇਸਲ ਦੀ ਸੀ ਜਿਸ ਦੀ ਬੀਤੇ ਦਿਨ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਨਰੇਸ਼ ਕੁਮਾਰ ਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਗੁਰਦੀਪ ਸਿੰਘ ਮੋਟਰਸਾਈਕਲ 'ਤੇ ਪਿੰਡ ਜਾ ਰਿਹਾ ਸੀ ਕਿ ਝੜੋਲੀ ਦੇ ਕੋਲ ਟਰੱਕ ਨਾਲ ਟਕਰਾਉਣ ਨਾਲ ਉਸ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦੀ ਲਾਸ਼ ਗੁਰਦਾਸਪੁਰ ਹਸਪਤਾਲ ਪੋਸਟਮਾਰਟਮ ਲਈ ਲਿਆਂਦੀ ਗਈ ਪਰ ਦੇਰੀ ਹੋ ਜਾਣ ਕਾਰਨ ਬੀਤੇ ਦਿਨ ਉਸ ਦਾ ਪੋਸਟਮਾਰਟਮ ਨਹੀਂ ਹੋ ਸਕਿਆ, ਜਿਸ ਕਾਰਨ ਉਸ ਦੀ ਲਾਸ਼ ਮੁਰਦਾਘਰ 'ਚ ਰੱਖੇ ਫ੍ਰੀਜ਼ਰ 'ਚ ਰੱਖਵਾ ਦਿੱਤੀ ਗਈ ਜਦਕਿ ਇਸ ਫ੍ਰੀਜ਼ਰ 'ਚ ਪਹਿਲਾਂ ਹੀ ਦੋ ਲਾਸ਼ਾਂ ਪਈਆਂ ਹੋਈਆਂ ਸਨ।
ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਅੱਜ ਸਵੇਰੇ ਜਦ ਅਸੀਂ ਹਸਪਤਾਲ 'ਚ   ਮੁਰਦਾਘਰ ਦੇ ਕੋਲ ਆਏ ਤਾਂ ਬਹੁਤ ਹੀ ਬਦਬੂ ਆ ਰਹੀ ਸੀ। ਜਦ ਅਸੀਂ ਇਸ ਦੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਮੁਰਦਾਘਰ 'ਚ ਰੱਖਿਆ ਫ੍ਰੀਜ਼ਰ ਰਾਤ ਨੂੰ ਹੀ ਖਰਾਬ ਹੋ ਗਿਆ ਸੀ ਅਤੇ ਫ੍ਰੀਜ਼ਰ ਕੰਮ ਨਾ ਕਰਨ ਦੇ ਕਾਰਨ ਇਸ 'ਚ ਰੱਖੀਆਂ ਤਿੰਨ ਲਾਸ਼ਾਂ ਬਦਬੂ ਛੱਡਣ ਲੱਗੀਆਂ ਤੇ ਲਾਸ਼ਾਂ ਦੀਆਂ ਅੱਖਾਂ ਤੱਕ ਬਾਹਰ ਆ ਗਈਆਂ ਸਨ। ਉਨ੍ਹਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਸਿਵਲ ਹਸਪਤਾਲ 'ਚ ਐੱਸ.ਐੱਮ.ਓ ਡਾ. ਵਿਜੇ ਕੁਮਾਰ
ਇਸ ਸਬੰਧੀ ਸਿਵਲ ਹਸਪਤਾਲ 'ਚ ਐੱਸ.ਐੱਮ.ਓ. ਡਾ. ਵਿਜੇ ਕੁਮਾਰ ਨੇ ਕਿਹਾ ਕਿ ਇਹ ਠੀਕ ਹੈ ਕਿ ਮੁਰਦਾਘਰ 'ਚ ਰੱਖੇ ਫ੍ਰੀਜ਼ਰ 'ਚ ਬੀਤੀ ਸ਼ਾਮ ਤਿੰਨ ਲਾਸ਼ਾਂ ਰੱਖੀਆਂ ਗਈਆਂ ਸਨ ਪਰ ਰਾਤ ਨੂੰ ਮੁਰਦਾਘਰ 'ਚ ਰੱਖੀਆਂ ਚਾਰ ਚੈਂਬਰਾਂ ਵਾਲਾ ਫ੍ਰੀਜ਼ਰ ਖਰਾਬ ਹੋ ਗਿਆ ਜਿਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ ਤੇ ਸਵੇਰੇ ਇਸ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕਿਸੇ ਦਾ ਦੋਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਨਵਾਂ ਫ੍ਰੀਜ਼ਰ ਹਸਪਤਾਲ 'ਚ ਲਈ ਮੰਗਿਆ ਹੈ, ਕਿਉਂਕਿ ਇਹ ਫ੍ਰੀਜ਼ਰ ਬਹੁਤ ਪੁਰਾਣਾ ਹੈ।


Related News