ਸਾਬਕਾ ਡਾਇਰੈਕਟਰ ਨੇ ਬਿਨਾਂ ਇਜਾਜ਼ਤ ਸੈਕਟਰ-32 ਹਸਪਤਾਲ ''ਚ ਮਰੀਜ਼ ਨੂੰ ਲਗਾਇਆ ਇੰਜੈਕਸ਼ਨ

10/03/2017 7:34:20 AM

ਚੰਡੀਗੜ੍ਹ, (ਅਰਚਨਾ)- ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਆਪਰੇਸ਼ਨ ਥਿਏਟਰ 'ਚ ਹਸਪਤਾਲ ਦੇ ਸਾਬਕਾ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਰਾਜਬਹਾਦਰ ਵਲੋਂ ਦੂਜੇ ਸਾਬਕਾ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਅਤੁਲ ਸਚਦੇਵ ਦੇ ਪਿਤਾ ਦੀ ਸਪਾਈਨ 'ਚ ਟੀਕਾ ਲਗਾਏ ਜਾਣ 'ਤੇ ਵਿਵਾਦ ਛਿੜ ਗਿਆ ਹੈ। 
ਹਸਪਤਾਲ ਦੀ ਫੈਕਲਟੀ ਨੂੰ ਸਾਬਕਾ ਫੈਕਲਟੀ ਵਲੋਂ ਟੀਕਾ ਲਗਾਏ ਜਾਣ 'ਤੇ ਇਤਰਾਜ਼ ਹੈ। ਹਸਪਤਾਲ ਦੀ ਫੈਕਲਟੀ ਦਾ ਕਹਿਣਾ ਹੈ ਕਿ ਇਕ ਡਾਕਟਰ ਜੋ ਹਸਪਤਾਲ ਦਾ ਕਰਮਚਾਰੀ ਨਹੀਂ ਹੈ ਤੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹਸਪਤਾਲ ਛੱਡ ਚੁੱਕਿਆ ਹੈ, ਉਹ ਹਸਪਤਾਲ ਦਾ ਆਪ੍ਰੇਸ਼ਨ ਥਿਏਟਰ ਕਿਵੇਂ ਵਰਤ ਸਕਦਾ ਹੈ? ਹਸਪਤਾਲ 'ਚ ਆਰਥੋਪੈਡਿਕ ਸਰਜਰੀ ਨਾਲ ਜੁੜੇ ਜਟਿਲ ਤੋਂ ਜਟਿਲ ਆਪ੍ਰੇਸ਼ਨ ਕੀਤੇ ਜਾਂਦੇ ਹਨ ਤਾਂ ਕੀ ਇਥੋਂ ਦੇ ਡਾਕਟਰ ਇਕ ਟੀਕਾ ਲਗਾਉਣ ਦੀ ਸਮਰੱਥਾ ਨਹੀਂ ਰੱਖਦੇ ਹਨ, ਜੋ ਦੂਜੇ ਕਿਸੇ ਇੰਸਟੀਚਿਊਟ ਦੇ ਡਾਇਰੈਕਟਰ ਜਾਂ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਹਸਪਤਾਲ 'ਚ ਆ ਕੇ ਇਕ ਮਰੀਜ਼ ਨੂੰ ਟੀਕਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ? ਜੇ ਹਸਪਤਾਲ ਦਾ ਇਕ ਡਾਕਟਰ ਆਪਣੇ ਪਿਤਾ ਦਾ ਇਲਾਜ ਹਸਪਤਾਲ ਦੇ ਡਾਕਟਰਾਂ ਤੋਂ ਨਹੀਂ ਕਰਵਾਉਣਾ ਚਾਹੁੰਦਾ ਤਾਂ ਦੂਜੇ ਮਰੀਜ਼, ਜਿਨ੍ਹਾਂ ਦੇ ਰਿਸ਼ਤੇਦਾਰ ਡਾਕਟਰ ਨਹੀਂ ਹਨ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?
ਫੈਕਲਟੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਰਹੀ ਜਵਾਬ
ਸੂਤਰਾਂ ਅਨੁਸਾਰ ਤਾਂ ਪ੍ਰੋ. ਰਾਜਬਹਾਦਰ ਦੇ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ 'ਚ ਆ ਕੇ ਮਰੀਜ਼ ਨੂੰ ਟੀਕਾ ਲਗਾਏ ਜਾਣ ਕਾਰਨ ਫੈਕਲਟੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਵਾਲ ਕਰ ਰਹੇ ਹਨ ਕਿ ਸਾਬਕਾ ਕਰਮਚਾਰੀ ਕਿਵੇਂ ਹਸਪਤਾਲ ਦਾ ਆਪ੍ਰੇਸ਼ਨ ਥਿਏਟਰ ਵਰਤ ਸਕਦਾ ਹੈ। ਜਦੋਂ ਇਕ ਯੂਨਿਟ ਦਾ ਡਾਕਟਰ ਦੂਜੇ ਯੂਨਿਟ ਦੇ ਡਾਕਟਰ ਦਾ ਓ. ਟੀ. ਵਰਤ ਨਹੀਂ ਸਕਦਾ ਹੈ ਤਾਂ ਪ੍ਰੋ. ਰਾਜਬਹਾਦਰ ਨੂੰ ਸਿਰਫ ਇਸ ਕਾਰਨ ਓ. ਟੀ. ਵਰਤਣ ਦੀ ਆਗਿਆ ਕਿਉਂ ਦਿੱਤੀ ਗਈ? ਜਿਸ ਦਿਨ ਓ. ਟੀ. ਦੀ ਵਰਤੋਂ ਕੀਤੀ ਗਈ ਉਸ ਦਿਨ ਇਕ ਜੂਨੀਅਰ ਡਾਕਟਰ ਓ. ਟੀ. 'ਚ ਸੀ ਤੇ ਉਹ ਡਾਕਟਰ ਪ੍ਰੋ. ਰਾਜਬਹਾਦਰ ਵਲੋਂ ਓ. ਟੀ. ਦੀ ਵਰਤੋਂ ਕੀਤੇ ਜਾਣ 'ਤੇ ਵਿਰੋਧ ਵੀ ਨਹੀਂ ਕਰ ਸਕਦਾ ਸੀ। 
ਸੂਤਰ ਕਹਿੰਦੇ ਹਨ ਕਿ ਹਸਪਤਾਲ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਬਾਹਰ ਦੇ ਕਿਸੇ ਡਾਕਟਰ ਜਾਂ ਸਾਬਕਾ ਡਾਇਰੈਕਟਰ ਨੇ ਹਸਪਤਾਲ ਦਾ ਓ. ਟੀ. ਵਰਤਿਆ ਹੋਵੇ, ਪਹਿਲਾਂ ਕਦੇ ਵੀ ਆਰਥੋਪੈਡਿਕ ਵਿਭਾਗ 'ਚ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਦੂਜੇ ਵਿਭਾਗਾਂ 'ਚ ਇਕ ਯੂਨਿਟ ਦੇ ਡਾਕਟਰ ਵਲੋਂ ਦੂਜੇ ਯੂਨਿਟ ਦੇ ਡਾਕਟਰ ਵਲੋਂ ਓ. ਟੀ. ਵਰਤੇ ਜਾਣ 'ਤੇ ਜ਼ਰੂਰ ਨੋਟਿਸ ਜਾਰੀ ਹੋਏ ਹਨ ਤੇ ਡਾਕਟਰਾਂ ਤੋਂ ਜਵਾਬ ਮੰਗੇ ਗਏ ਹਨ ਕਿ ਕਿਸੇ ਦੂਜੇ ਯੂਨਿਟ ਦੇ ਡਾਕਟਰ ਦੇ ਓ. ਟੀ. 'ਚ ਆਪਣੇ ਮਰੀਜ਼ ਦਾ ਕਿਵੇਂ ਟ੍ਰੀਟਮੈਂਟ ਕੀਤਾ ਗਿਆ?


Related News